36ਵੇਂ ਅੰਤਰ-ਯੂਨੀਵਰਸਿਟੀ ਨੈਸ਼ਨਲ ਯੁਵਕ ਮੇਲੇ ਵਿੱਚ ਪੰਜਾਬੀ ਯੂਨੀਵਰਸਿਟੀ ਨੇ ਜਿੱਤੇ ਤਗ਼ਮੇ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ.) ਵੱਲੋਂ ਜੈਨ ਯੂਨੀਵਰਸਿਟੀ (ਗਲੋਬਲ ਕੈਂਪਸ) ਬੰਗਲੌਰ ਵਿਖੇ ਕਰਵਾਏ ਗਏ 36ਵੇਂ ਅੰਤਰ-ਯੂਨੀਵਰਸਿਟੀ ਨੈਸ਼ਨਲ ਯੁਵਕ ਮੇਲੇ ਦੌਰਾਨ ਵੱਖ-ਵੱਖ ਕਲਾ-ਵੰਨਗੀਆਂ ਵਿੱਚ ਇਨਾਮ ਪ੍ਰਾਪਤ ਕੀਤੇ ਹਨ। ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੀ ਅਗਵਾਈ ਵਿੱਚ ਗਈ ਇਸ ਟੀਮ ਦੀ ਵਿਦਿਆਰਥਣ ਕੰਵਲਪ੍ਰੀਤ ਕੌਰ ਨੇ ਲਾਈਟ ਮਿਊਜ਼ਿਕ ਵੋਕਲ ਸ਼ੈਲੀ (ਗ਼ਜ਼ਲ) ਵਿੱਚੋਂ ਗੋਲਡ ਮੈਡਲ ਪ੍ਰਾਪਤ ਕੀਤਾ। ਸਮੂਹਿਕ ਗਾਣ ਭਾਵ ਗਰੁੱਪ ਸੌਂਗ ਵੈਸਟਨ ਦੀ ਟੀਮ ਨੇ ਵੀ ਵਧੀਆ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਜਿੱਤਿਆ।
ਯੂਨੀਵਰਸਿਟੀ ਦੇ ਵਿਦਿਆਰਥੀ ਗੁੰਜਨ ਚੰਨਾ ਅਤੇ ਅੰਸ਼ਦੀਪ ਸਿੰਘ ਨੇ ਕ੍ਰਮਵਾਰ ਕਲਾਸੀਕਲ ਵੋਕਲ ਅਤੇ ਕਲਾਸੀਕਲ ਇੰਸਟ੍ਰੂਮੈਂਟਲ (ਨੌਨ-ਪ੍ਰਕਸ਼ਨ) ਦੇ ਮੁਕਾਬਲਿਆਂ ਵਿੱਚੋਂ ਸਿਲਵਰ ਮੈਡਲ ਹਾਸਿਲ ਕੀਤਾ। ਫਾਈਨ ਆਰਟਸ (ਮਹਿੰਦੀ) ਦੇ ਮੁਕਾਬਲੇ ਵਿੱਚ ਰਮਨਦੀਪ ਸਿੰਘ ਨੇ ਸਿਲਵਰ ਮੈਡਲ ਜਿੱਤਿਆ। ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਦੀ ਫੋਕ ਆਰਕੈਸਟਰਾ ਦੀ ਟੀਮ ਨੇ ਫੋਕ ਆਰਕੈਸਟਰਾ ਦੇ ਮੁਕਾਬਲਿਆਂ ਵਿੱਚੋਂ ਕਾਂਸੇ ਦਾ ਤਗ਼ਮਾ ਹਾਸਿਲ ਕੀਤਾ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਗਗਨ ਦੀਪ ਥਾਪਾ ਅਤੇ ਉਸ ਦੀ ਸਮੁੱਚੀ ਟੀਮ ਅਤੇ ਯੁਵਕ ਭਲਾਈ ਕਮੇਟੀ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ।

