ਕੇਂਦਰੀ ਜੇਲ੍ਹ ਪਟਿਆਲਾ ਵਿੱਚ ਕੈਦੀਆਂ ਲਈ ਕਿੱਤਾ ਮੁਖੀ ਕੋਰਸ ਸ਼ੁਰੂ ਕੀਤੇ ਜਾਣਗੇ-ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਵੱਲੋਂ ਜੇਲ੍ਹ ਦਾ ਨਿਰੀਖਣ
ਪਟਿਆਲਾ, 27 ਮਾਰਚ (ਮਧੂਸਾਰ ਬਿਊਰੋ)
ਕੇਂਦਰੀ ਜੇਲ੍ਹ ਪਟਿਆਲਾ ਦੇ ਕੈਦੀਆਂ ਨੂੰ ਆਰਥਿਕ ਤੌਰ ‘ਤੇ ਆਤਮ ਨਿਰਭਰ ਬਣਾਉਣ ਲਈ ਜੇਲ੍ਹ ਵਿੱਚ ਕਿੱਤਾ ਮੁਖੀ ਕੋਰਸ ਸ਼ੁਰੂ ਕੀਤੇ ਜਾਣਗੇ ਤਾਂ ਕਿ ਉਹ ਆਪਣੀ ਸਜਾ ਪੂਰੀ ਹੋਣ ਉਪਰੰਤ ਆਪਣੇ ਕੰਮ ਧੰਦੇ ਸ਼ੁਰੂ ਕਰਕੇ ਆਪਣੇ ਪਰਿਵਾਰ ਦਾ ਚੰਗਾ ਪਾਲਣ ਪੋਸ਼ਣ ਕਰਕੇ ਇੱਕ ਚੰਗੇ ਨਾਗਰਿਕ ਦੀ ਜਿੰਦਗੀ ਜੀਅ ਸਕਣ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਕੇਂਦਰੀ ਜੇਲ੍ਹ ਪਟਿਆਲਾ ਦਾ ਨਿਰੀਖਣ ਕਰਨ ਮੌਕੇ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਲ੍ਹ ਵਿੱਚ ਸਜਾ ਯਾਫ਼ਤਾ ਜਾਂ ਸੁਣਵਾਈ ਅਧੀਨ ਕੈਦੀ ਸਾਡੇ ਵਾਂਗ ਹੀ ਇੱਕ ਆਮ ਨਾਗਰਿਕ ਹਨ ਪਰ ਜਾਣੇ ਜਾਂ ਅਣਜਾਣੇ ਵਿੱਚ ਹੋਈਆਂ ਗਲਤੀਆਂ ਕਾਰਨ ਉਹਨਾਂ ਨੂੰ ਜੇਲ੍ਹ ਵਿੱਚ ਜਾਣਾ ਪਿਆ। ਉਹਨਾਂ ਕਿਹਾ ਕਿ ਸਾਡੀ ਇਹ ਕੋਸ਼ਿਸ਼ ਹੋਵੇਗੀ ਕਿ ਇਹ ਕੈਦੀ ਇੱਥੋਂ ਕਿੱਤਾ ਮੁਖੀ ਕੋਰਸਾਂ ਦਾ ਲਾਭ ਉਠਾ ਕੇ ਰਿਹਾਅ ਹੋਣ ਉਪਰੰਤ ਆਪਣੇ ਪਰਿਵਾਰਾਂ ਦਾ ਸਹੀ ਪਾਲਣ ਪੋਸ਼ਣ ਕਰਕੇ ਦੇਸ਼ ਦੇ ਇੱਕ ਚੰਗੇ ਨਾਗਰਿਕ ਬਣਨ।
ਡਿਪਟੀ ਕਮਿਸ਼ਨਰ ਨੇ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਕੈਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉੱਥੇ ਕੱਪੜਾ ਬੁਣਨ ਲਈ ਲੱਗੀਆਂ ਖੱਡੀਆਂ, ਪੇਪਰ ਮਿੱਲ, ਮਹਿਲਾ ਸੈਲ, ਕੰਪਿਊਟਰ ਸੈਂਟਰ, ਬੱਚਿਆਂ ਲਈ ਖੋਲ੍ਹੀ ਗਈ ਕਰੈਚ ਤੇ ਰਸੋਈ ਦਾ ਵੀ ਦੌਰਾ ਕੀਤਾ। ਇਸ ਮੌਕੇ ਉਹਨਾਂ ਰਸੋਈ ਵਿੱਚ ਕੈਦੀਆਂ ਲਈ ਬਣਨ ਵਾਲੇ ਖਾਣੇ ਦਾ ਮੁਆਇਨਾ ਵੀ ਕੀਤਾ।
ਜੇਲ੍ਹ ਦੇ ਨਿਰੀਖਣ ਮੌਕੇ ਡਿਪਟੀ ਕਮਿਸ਼ਨਰ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਸੰਦੀਪ ਰਿਸ਼ੀ, ਜੇਲ੍ਹ ਸੁਪਰਡੈਂਟ ਸ਼੍ਰੀ ਸ਼ਮਸ਼ੇਰ ਸਿੰਘ ਬੋਪਾਰਾਏ, ਡਿਪਟੀ ਜੇਲ੍ਹ ਸੁਪਰਡੈਂਟ ਸ਼੍ਰੀ ਮਨਜੀਤ ਸਿੰਘ ਸਿੱਧੂ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ

