ਪੰਜਾਬ ‘ਚੋਂ ਨਸ਼ਿਆਂ ਦੇ ਖਾਤਮੇ ਲਈ ਐਸ.ਟੀ.ਐਫ ਨੂੰ ਸਾਰੇ ਸਿਰ ਤੋੜ ਕਾਰਜ ਕਰਨ ਦੇ ਹੁਕਮ
ਐਸ.ਟੀ.ਐਫ਼ ਦੇ ਮੁੱਖੀ ਸਿੱਧੂ ਨੇ ਚਾਰਜ ਸੰਭਾਲਿਆ
ਮੁੱਖ ਮੰਤਰੀ ਵੱਲੋਂ ਨਸ਼ਿਆਂ ਨੂੰ ਜੜੋਂ ਪੁੱਟਣ ਲਈ ਸਿੱਧੂ ਨੂੰ ਖੁੱਲ੍ਹੀ ਛੁੱਟੀ
ਚੰਡੀਗੜ੍ਹ, 27 ਮਾਰਚ (ਮਧੂਸਾਰ ਬਿਊਰੋ)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਏ.ਡੀ.ਜੀ.ਪੀ ਸ੍ਰੀ ਹਰਪ੍ਰੀਤ ਸਿੱਧੂ ਦੀ ਅਗਵਾਈ ਵਿੱਚ ਨਵੀਂ ਗਠਿਤ ਕੀਤੀ ਵਿਸ਼ੇਸ਼ ਟਾਸਕ ਫੋਰਸ (ਐਸ.ਟੀ.ਐਫ) ਨੂੰ ਸੂਬੇ ਵਿੱਚੋਂ ਨਸ਼ਿਆਂ ਦਾ ਪੂਰੀ ਤਰ੍ਹਾਂ ਸਫਾਇਆ ਕਰਨ ਲਈ ਸਾਰੀਆਂ ਸਿਰ ਤੋੜ ਕੋਸ਼ਿਸ਼ਾਂ ਕਰਨ ਦੇ ਹੁਕਮ ਦੇਣ ਤੋਂ ਇਲਾਵਾ ਇਸ ਕਾਰਜ ਨੂੰ ਚਾਰ ਹਫਤਿਆਂ ਦੇ ਨਿਰਧਾਰਤ ਸਮੇਂ ਵਿੱਚ ਅੰਜਾਮ ‘ਤੇ ਪਹੁੰਚਾਉਣ ਲਈ ਕਿਹਾ ਹੈ। ਉਨ੍ਹਾਂ ਨੇ ਸ੍ਰੀ ਸਿੱਧੂ ਨੂੰ ਨਸ਼ੇ ਦੇ ਵਪਾਰ ਵਿੱਚ ਲੱਗੇ ਕਿਸੇ ਵੀ ਵਿਅਕਤੀ ਨੂੰ ਨਾ ਬਖਸ਼ਣ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ।
ਮੁੱਖ ਮੰਤਰੀ ਨੇ ਇਸ ਮਾਰੂ ਲਾਹਨਤ ਨੂੰ ਸੂਬੇ ਵਿੱਚੋਂ ਖਤਮ ਕਰਨ ਲਈ ਸਾਰੇ ਯੋਗ ਕਦਮ ਚੁੱਕਣ ਵਾਸਤੇ ਵਿਸ਼ੇਸ਼ ਟਾਸਕ ਫੋਰਸ ਨੂੰ ਖੁਲ੍ਹੀ ਛੁੱਟੀ ਦਿੱਤੀ ਹੈ ਕਿਉਂਕਿ ਬਾਦਲ ਦੇ ਸ਼ਾਸਨ ਹੇਠ ਨਸ਼ਿਆਂ ਨੇ ਪੰਜਾਬ ਦੀ ਪੂਰੀ ਨੌਜਵਾਨ ਪੀੜ੍ਹੀ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਰੋਜ਼ਮਰਾ ਦੇ ਅਧਾਰ ‘ਤੇ ਖੁਦ ਐਸ.ਟੀ.ਐਫ ਦੀ ਪ੍ਰਗਤੀ ‘ਤੇ ਨਿਗਰਾਣੀ ਰੱਖਣਗੇ ਤਾਂ ਜੋ ਉਨ੍ਹਾਂ ਦੀ ਸਰਕਾਰ ਚਾਰ ਹਫ਼ਤਿਆਂ ਦੇ ਨਿਰਧਾਰਤ ਸਮੇਂ ਵਿੱਚ ਨਸ਼ਿਆਂ ਦੇ ਪੂਰੀ ਤਰ੍ਹਾਂ ਸਫਾਏ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਸਕੇ।
ਸਰਕਾਰ ਦਾ ਵਾਅਦਾ ਪੂਰਾ ਕਰਨ ਦੇ ਲਈ ਸ੍ਰੀ ਸਿੱਧੂ ਨੇ ਸੋਮਵਾਰ ਨੂੰ ਵਿਸ਼ੇਸ਼ ਟਾਸਕ ਫੋਰਸ ਦਾ ਚਾਰਜ ਰਸਮੀ ਤੌਰ ਤੇ ਸੰਭਾਲ ਲਿਆ ਹੈ। ਪੰਜਾਬ ਵਿੱਚ ਨਸ਼ਿਆਂ ਵਿਰੁੱਧ ਵਿਸ਼ੇਸ਼ ਟਾਸਕ ਫੋਰਸ ਦਾ ਮੁੱਖੀ ਬਣਾਏ ਜਾਣ ਤੋਂ ਪਹਿਲਾਂ 1992 ਬੈਚ ਦਾ ਇਹ ਆਈ.ਪੀ.ਐਸ ਅਧਿਕਾਰੀ ਛੱਤੀਸਗੜ੍ਹ ਵਿਖੇ ਨਕਸਲੀਆਂ ਵਿਰੁੱਧ ਕਾਰਵਾਈ ਵਿੱਚ ਹਿੱਸਾ ਲੈ ਰਿਹਾ ਸੀ ਅਤੇ ਉਥੇ ਉਹ ਸੀ.ਆਰ.ਪੀ.ਐਫ ਵਿੱਚ ਡੈਪੂਟੇਸ਼ਨ ‘ਤੇ ਸੀ। ਉਨ੍ਹਾਂ ਨੇ ਸਾਲ 2003 ਵਿੱਚ ਸ਼ਾਨਦਾਰ ਸੇਵਾਵਾਂ ਲਈ ਰਾਸ਼ਟਰਪਤੀ ਮੈਡਲ ਪ੍ਰਾਪਤ ਕੀਤਾ।
ਵਿਸ਼ੇਸ਼ ਟਾਸਕ ਫੋਰਸ ਨੂੰ ਸੂਬੇ ਵਿਚੋਂ ਨਸ਼ਿਆਂ ਖਾਸ ਕਰਕੇ ਚਿੱਟੇ ਦੇ ਵਪਾਰ ਅਤੇ ਖਪਤ ਨੂੰ ਰੋਕਣ ਲਈ ਕਦਮ ਚੁੱਕਣ ਅਤੇ ਇਸ ਸਬੰਧੀ ਚੁੱਕੇ ਗਏ ਅਤੇ ਚੁੱਕੇ ਜਾਣ ਵਾਲੇ ਕਦਮਾਂ ‘ਤੇ ਰੋਜ਼ਮਰਾ ਦੇ ਅਧਾਰ ‘ਤੇ ਨਿਗਰਾਣੀ ਰੱਖਣ ਦਾ ਕਾਰਜ ਸੌਂਪਿਆ ਹੈ।
ਨਸ਼ਿਆਂ ਦੀ ਮਾਰੂ ਬਿਮਾਰੀ ਨਾਲ ਕਰੜੇ ਹੱਥੀ ਨਿਪਟਣ ਦਾ ਨਿਰਦੇਸ਼ ਦਿੰਦੇ ਹੋਏ ਮੁੱਖ ਮੰਤਰੀ ਨੇ ਸਿੱਧੂ ਦੀ ਅਗਵਾਈ ਵਿੱਚ ਉੱਚ ਪੁਲਸ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੌਰਾਨ ਦੱਸਿਆ ਕਿ ਸਰਕਾਰ ਨਸ਼ਿਆਂ ਦੀ ਸਮੱਸਿਆ ਚਾਰ ਹਫ਼ਤਿਆਂ ਵਿੱਚ ਖਤਮ ਕਰਨ ਦੇ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਅਤੇ ਇਸ ਸਬੰਧ ਵਿੱਚ ਕੋਈ ਵੀ ਢਿੱਲ ਨਹੀਂ ਸਹਿਣ ਕੀਤੀ ਜਾਵੇਗੀ।
ਸਰਕਾਰੀ ਬੁਲਾਰੇ ਅਨੁਸਾਰ ਮੁੱਖ ਮੰਤਰੀ ਨੇ ਵਿਸ਼ੇਸ਼ ਟਾਸਕ ਫੋਰਸ ਨੂੰ ਸੂਬੇ ਵਿੱਚ ਨਸ਼ਿਆਂ ਦੇ ਵਪਾਰੀਆਂ ਅਤੇ ਤਸਕਰਾਂ ਨੂੰ ਕਾਬੂ ਕਰਨ ਅਤੇ ਉਨ੍ਹਾਂ ਦੇ ਟੋਹ ਲਾਉਣ ਲਈ ਲੋਕਾਂ ਦੀ ਮਦਦ ਲੈਣ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧ ਵਿੱਚ ਇੱਕ 24 ਘੰਟੇ ਚੱਲਣ ਵਾਲੀ ਹੈਲਪ ਲਾਈਨ ਵੀ ਤਿਆਰ ਕੀਤੀ ਗਈ ਹੈ ਅਤੇ ਕੋਈ ਵੀ ਵਿਅਕਤੀ 181 ‘ਤੇ ਫੋਨ ਕਰਕੇ ਨਸ਼ਿਆਂ ਨਾਲ ਸਬੰਧਿਤ ਕਿਸੇ ਵੀ ਘਟਨਾ ਦੀ ਜਾਣਕਾਰੀ ਦੇ ਸਕਦਾ ਹੈ ਅਤੇ ਉਸ ਦੀ ਸ਼ਨਾਖਤ ਸਬੰਧੀ ਉਸਦੀ ਪੂਰੀ ਸੁਰੱਖਿਆ ਕੀਤੀ ਜਾਵੇਗੀ।
ਕਿਸੇ ਵੀ ਤਰ੍ਹਾਂ ਦੀ ਨਰਮੀ ਨਾ ਵਰਤੇ ਜਾਣ ਤੋਂ ਬਿਨਾ ਨਸ਼ਿਆਂ ਦੇ ਵਪਾਰੀਆਂ ਨੂੰ ਮਿਸਾਲੀ ਸਜ਼ਾ ਦਿਵਾਉਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਨਸ਼ਾ ਮਾਫੀਆ, ਨਸ਼ੇ ਦੇ ਵਪਾਰੀਆਂ/ਡੀਲਰਾਂ ਦੀ ਕਿਸੇ ਵੀ ਤਰੀਕੇ ਨਾਲ ਦੀ ਮਦਦ ਕਰਨ ਵਾਲੇ ਕਿਸੇ ਵੀ ਦੋਸ਼ੀ ਵਿਰੁੱਧ ਸਖਤ ਕਾਰਵਾਈ ਕਰਨ ਦੇ ਵੀ ਵਿਸ਼ੇਸ਼ ਟਾਸਕ ਫੋਰਸ ਨੂੰ ਨਿਰਦੇਸ਼ ਦਿੱਤੇ ਹਨ।
ਵਿਸ਼ੇਸ਼ ਟਾਸਕ ਫੋਰਸ ਦੇ ਗਠਨ ਦਾ ਫੈਸਲਾ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਹਿਲੀ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਸੀ। ਮੰਤਰੀ ਮੰਡਲ ਨੇ ਨਸ਼ੇ ਦੇ ਤਸਕਰਾਂ ਦੀ ਜਾਇਦਾਦ ਦੀ ਕੁਰਕੀ ਕਰਨ ਵਾਸਤੇ ਇੱਕ ਆਰਡੀਨੈਂਸ ਜਾਰੀ ਕਰਨ ਲਈ ਮੰਤਰੀ ਮੰਡਲ ਦੀ ਅਗਲੀ ਮੀਟਿੰਗ ਵਿੱਚ ਸੂਬੇ ਦੇ ਗ੍ਰਹਿ ਵਿਭਾਗ ਨੁੰ ਇੱਕ ਪ੍ਰਸਤਾਵ ਲਿਆਉਣ ਲਈ ਵੀ ਨਿਰਦੇਸ਼ ਦਿੱਤੇ ਸਨ ਕਿਉਂਕਿ ਕਾਂਗਰਸ ਨੇ ਅਜਿਹਾ ਕਰਨ ਦਾ ਵਾਅਦਾ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤਾ ਸੀ।
ਮੰਤਰੀ ਮੰਡਲ ਨੇ ਨਸ਼ੇ ਦੇ ਤਸਕਰਾਂ ਤੇ ਵਪਾਰੀਆਂ ਵਿਰੁੱਧ ਸਖਤ ਤੇ ਮਿਸਾਲੀ ਕਾਰਵਾਈ ਕਰਨ ਦੇ ਨਾਲ-ਨਾਲ ਨਸ਼ਿਆਂ ਦੀ ਲੱਤ ਵਿੱਚ ਲੱਗੇ ਲੋਕਾਂ ਦੇ ਇਲਾਜ ਅਤੇ ਮੁੜ ਵਸੇਵੇ ਦਾ ਵੀ ਫੈਸਲਾ ਕੀਤਾ ਸੀ।

