ਪੰਜਾਬ

ਕੋਲਡ ਸਟੋਰੇਜ ਧਮਾਕੇ ‘ਚ 4 ਦੀ ਮੌਤ, 13 ਜ਼ਖਮੀ

ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਕ ਇਕ ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ
ਸੰਗਰੂਰ 31 ਮਾਰਚ (ਮਧੂਸਾਰ ਬਿਊਰੋ) ਕੋਲਡ ਸਟੋਰੇਜ ‘ਚ ਧਮਾਕਾ ਹੋਣ ਨਾਲ ਚਾਰ ਵਿਅਕਤੀਆਂ ਦੀ ਮੌਤ ਅਤੇ 13 ਲੋਕਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਵਾਲੀ ਥਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਬਚਾਅ ਤੇ ਰਾਹਤ ਕਾਰਜਾਂ ਨੂੰ ਜਾਰੀ ਰੱਖਦਿਆਂ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿਖੇ ਭਰਤੀ ਕਰਵਾਇਆ।

ਪਿੰਡ ਕਹੇੜੂ ਦੇ ਹਰਜਿੰਦਰ ਸਿੰਘ ਦੀ ਮਾਲਕੀ ਵਾਲੇ ਗੁਰੂ ਨਾਨਕ ਕੋਲਡ ਸਟੋਰੇਜ ਵਿੱਚ ਇਹ ਧਮਾਕਾ ਅਮੋਨੀਆ ਗੈਸ ਦਾ ਅਚਾਨਕ ਤੇ ਬਹੁਤ ਜ਼ਿਆਦਾ ਰਿਸਾਅ ਹੋਣ ਕਰਕੇ ਹੋਇਆ। ਇਸ ਧਮਾਕੇ ਨਾਲ ਇਮਾਰਤ ਤਬਾਹ ਹੋ ਗਈ ਜਿਸ ਨਾਲ ਚਾਰ ਵਿਅਕਤੀਆਂ ਦੀ ਮੌਤ ਤੇ 13 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚੋਂ ਚਾਰ ਵਿਅਕਤੀਆਂ ਦਾ ਇਲਾਜ ਡੀ.ਐਮ.ਸੀ. ਲੁਧਿਆਣਾ ਵਿਖੇ ਚੱਲ ਰਿਹਾ ਹੈ।
ਇਮਾਰਤ ਦੇ ਮਲਬੇ ਹੇਠ ਅਜੇ ਵੀ ਕੁਝ ਵਿਅਕਤੀਆਂ ਦੇ ਹੋਣ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਇਨ੍ਹਾਂ ਵਿਅਕਤੀਆਂ ਨੂੰ ਬਾਹਰ ਕੱਢਣ ਲਈ ਵੱਡੀ ਪੱਧਰ ‘ਤੇ ਰਾਹਤ ਕਾਰਜ ਚਲਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਜ਼ਿਲ੍ਹਾ ਅਧਿਕਾਰੀਆਂ ਇਸ ਘਟਨਾ ਦੀ ਜਾਂਚ ਕਰਕੇ ਜ਼ਿੰਮੇਵਾਰੀ ਤੈਅ ਕਰਨ ਦੇ ਹੁਕਮ ਵੀ ਦਿੱਤੇ।
ਘਟਨਾ ਵਾਪਰਨ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਕ ਇਕ ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਪ੍ਰਸ਼ਾਸਨ ਨੂੰ ਖਤਰਨਾਕ ਸਾਮਾਨ ਦੀ ਵਰਤੋਂ ਕਰਨ ਵਾਲੀਆਂ ਸਨਅਤਾਂ ਤੇ ਹੋਰ ਵਪਾਰਕ ਯੂਨਿਟਾਂ ਦੇ ਕੰਮਕਾਜ ਵਿੱਚ ਨਿਯਮਾਂ ਨੂੰ ਸਖਤੀ ਨਾਲ ਅਮਲ ਵਿੱਚ ਲਿਆਉਣ ਨੂੰ ਯਕੀਨੀ ਬਣਾਉਣ ਦੇ ਹੁਕਮ ਦਿੱਤੇ।
ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਘਟਨਾਵਾਂ ਦੀ ਰੋਕਥਾਮ ਲਈ ਵਪਾਰਕ ਯੂਨਿਟਾਂ ਨੂੰ ਅਜਿਹੀਆਂ ਗੈਸਾਂ ਜਾਂ ਖਤਰਨਾਕ ਸਾਮਾਨ ਦੀ ਵਰਤੋਂ ਦੌਰਾਨ ਸਖਤ ਨਿਯਮਾਂ ਨੂੰ ਅਮਲ ਵਿੱਚ ਲਿਆਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਜਿਹੇ ਨਿਯਮਾਂ ਦੀ ਪਾਲਣਾ ਨੂੰ ਸਖਤ ਨਾਲ ਯਕੀਨੀ ਬਣਾਉਣ ਅਤੇ ਇਸ ਸਬੰਧੀ ਕਿਸੇ ਕਿਸਮ ਦੀ ਢਿੱਲ ਨਾ ਵਰਤਣ ਦੀ ਹਦਾਇਤ ਕੀਤੀ

Leave a Reply

Your email address will not be published. Required fields are marked *