ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਲੱਭ ਕੇ ਸਖ਼ਤ ਸਜਾਵਾਂ ਦਿੱਤੀਆਂ ਜਾਣਗੀਆਂ : ਧਰਮਸੋਤ
ਪੰਜਾਬ ਸਰਕਾਰ ਵੱਲੋਂ ਜਥੇਦਾਰ ਟੌਹੜਾ ਦੀ 13ਵੀਂ ਬਰਸੀ ‘ਤੇ ਰਾਜ ਪੱਧਰੀ ਸਮਾਗਮ
ਭਾਈ ਰਣਜੀਤ ਸਿੰਘ, ਫੂਲਕਾ, ਭੌਰ ਤੇ ਬੀਰਦਵਿੰਦਰ ਸਮੇਤ ਅਨੇਕਾਂ ਆਗੂ ਪੁੱਜੇ
ਪਟਿਆਲਾ/ਭਾਦਸੋਂ, 1 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਸ਼੍ਰੀ ਗੁਰੂ ਗਰੰਥ ਸਾਹਿਬ ਦੀਆਂ ਪਾਵਨ ਬੀੜਾਂ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਲੱਭ ਨੇ ਸਖਤ ਸਜਾਵਾਂ ਦਿੱਤੀਆ ਜਾਣਗੀਆਂ।
ਇਹ ਐਲਾਨ ਅੱਜ ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੰਜਾਬ ਸਰਕਾਰ ਵੱਲੋਂ ਪਿੰਡ ਟੌਹੜਾ ਵਿਖੇ ਪੰਥ ਰਤਨ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 13ਵੀਂ ਬਰਸੀ ‘ਤੇ ਕਰਵਾਏ ਰਾਜ ਪੱਧਰੀ ਸਮਾਗਮ ਮੌਕੇ ਸੰਗਤਾਂ ਦੇ ਭਰਵੇਂ ਇਕੱਠ ਨੂ ੰਸੰਬੋਧਨ ਕਰਦਿਆਂ ਕੀਤਾ।
ਸ਼੍ਰੀ ਧਰਮਸੋਤ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫ਼ੋਂ ਰਾਜ ਪੱਧਰੀ ਸਮਾਗਮ ਵਿੱਚ ਜਥੇਦਾਰ ਟੌਹੜਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਆਏ ਸਨ, ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਦੋਸ਼ੀਆਂ ਨੂੰ ਨਾ ਫੜ੍ਹਨ ਤੋਂ ਇੰਝ ਜਾਪਦਾ ਹੈ ਕਿ ਇਹ ਘਟਨਾਵਾਂ ਪਿਛਲੀ ਸਰਕਾਰ ਦੀ ਸ਼ਹਿ ਉੱਤੇ ਹੀ ਹੋਈਆਂ ਹੋਣ। ਸ਼੍ਰੀ ਧਰਮਸੋਤ ਨੇ ਕਿਹਾ ਕਿ ਅਜਿਹੇ ਬਹੁਤ ਥੋੜ੍ਹੇ ਲੋਕ ਹੁੰਦੇ ਹਨ ਜੋ ਜਥੇਦਾਰ ਟੌਹੜਾ ਵਰਗੀ ਸੰਪੂਰਨ ਜਿੰਦਗੀ ਜੀਅ ਕੇ ਗਏ ਹੋਣ। ਉਹਨਾਂ ਕਿਹਾ ਕਿ ਜਥੇਦਾਰ ਟੌਹੜਾ ਵਰਗਾ ਆਗੂ ਬਣਨਾ ਬਹੁਤ ਮਹਾਨ ਪ੍ਰਾਪਤੀ ਹੈ।
ਸ: ਧਰਮਸੋਤ ਨੇ ਕਿਹਾ ਕਿ ਸਿੱਖ ਕੌਮ ਨੂੰ ਜਥੇਦਾਰ ਟੌਹੜਾ ਦੇ ਜੀਵਨ ਤੋਂ ਸੇਧ ਲੈ ਕੇ ਤੁਰਨ ਦੀ ਲੋੜ ਹੈ ਤਾਂ ਕਿ ਕੌਮ ਤੇ ਪੰਜਾਬ ਦੀ ਚੜ੍ਹਦੀਕਲਾ ਕੀਤੀ ਜਾ ਸਕੇ। ਉਹਨਾਂ ਪੰਜਾਬ ਦੇ ਲੋਕਾਂ ਨੂੰ ਸੱਚ ਨਾਲ ਖੜ੍ਹਨ ਦਾ ਸੱਦਾ ਦਿੱਤਾ। ਕੁਝ ਬੁਲਾਰਿਆਂ ਵੱਲੋਂ ਪੰਜਾਬੀ ਯੂਨੀਵਰਸਿਟੀ ਦਾ ਨਾਂ ਜਥੇਦਾਰ ਟੋਹੜਾ ਦੇ ਨਾਂ ‘ਤੇ ਰੱਖਣ ਦੀ ਗੱਲ ਕਰਨ ‘ਤੇ ਸ: ਧਰਮਸੋਤ ਨੇ ਕਿਹਾ ਕਿ ਉਹ ਇਹ ਮਾਮਲਾ ਸਰਕਾਰ ਦੇ ਧਿਆਨ ਵਿੱਚ ਲਿਆਉਣਗੇ। ਨਾਲ ਹੀ ਉਹਨਾਂ ਟੌਹੜਾ ਪਰਿਵਾਰ ਵੱਲੋਂ ਪਿੰਡ ਟੌਹੜਾ ਤੋਂ ਭਾਦਸੋਂ ਰੋਡ ਨੂੰ ਜੋੜਨ ਵਾਲੀ ਸੂਏ ਵਾਲੀ ਸੜਕ ਨੂੰ 18 ਫੁੱਟ ਚੌੜਾ ਕਰਨ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਇਸ ਸੜਕ ਨੂੰ ਛੇਤੀ ਹੀ ਚੌੜਾ ਕਰਕੇ ਇਸ ਸੜਕ ਦਾ ਨਾਂ ਜਥੇਦਾਰ ਟੌਹੜਾ ਦੇ ਨਾਂ ‘ਤੇ ਰੱਖਣ ਦਾ ਐਲਾਨ ਵੀ ਕੀਤਾ ਅਤੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਟੌਹੜਾ ਪਿੰਡ ਦੇ ਸਰਕਾਰੀ ਹਸਪਤਾਲ ਨੂੰ ਬਿਹਤਰ ਢੰਗ ਨਾਲ ਚਲਾਉਣ ਲਈ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਏਗੀ ਅਤੇ ਟੌਹੜਾ ਪਿੰਡ ਤੇ ਇਲਾਕੇ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਰਾਜ ਪੱਧਰੀ ਬਰਸੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜਥੇਦਾਰ ਟੌਹੜਾ ਨੇ ਆਪਣਾ ਸਾਰਾ ਜੀਵਨ ਪੰਥ ਅਤੇ ਪੰਜਾਬ ਦੀ ਚੜ੍ਹਦੀਕਲਾ ਦੇ ਲੇਖੇ ਲਾਇਆ ਜਿਸ ਕਾਰਨ ਉਹ ਸਮੁੱਚੀ ਸਿੱਖ ਕੌਮ ਦੇ ਆਗੂ ਬਣ ਕੇ ਉਭਰੇ। ਉਹਨਾਂ ਕਿਹਾ ਕਿ ਜਥੇਦਾਰ ਟੌਹੜਾ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਪੰਥ ਦੀ ਚੜ੍ਹਦੀਕਲਾ ਲਈ ਜੂਝਣ ਦੀ ਲੋੜ ਹੈ। ਉਹਨਾਂ ਸੱਦਾ ਦਿੱਤਾ ਕਿ ਰਾਜਨੀਤਕ ਖੇਤਰ ਤੋਂ ਬਾਅਦ ਅਕਾਲੀ ਦਲ ਬਾਦਲ ਨੂੰ ਹੁਣ ਧਾਰਮਿਕ ਖੇਤਰ ਵਿੱਚੋਂ ਵੀ ਖਦੇੜ ਦੇਣਾ ਚਾਹੀਦਾ ਹੈ।
ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਆਪ ਦੇ ਵਿਧਾਇਕ ਸ਼੍ਰੀ ਐਸ.ਐਚ. ਫੂਲਕਾ ਨੇ ਜਥੇਦਾਰ ਟੌਹੜਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਦਿੱਲੀ ਦੇ ਸਿੱਖ ਕਤਲੇਆਮ ਦਾ ਰਿਕਾਰਡ ਇਕੱਤਰ ਕਰਨ ਵਿੱਚ ਜਥੇਦਾਰ ਟੌਹੜਾ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਹਨਾਂ ਕਿਹਾ ਕਿ ਪੰਥ ਦੀ ਅਜੀਮ ਸ਼ਖਸ਼ੀਅਤ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਪੰਥ ਪ੍ਰਸਤੀ ਅਤੇ ਲੋਕ ਹਿੱਤਾਂ ਉੱਤੇ ਆਪਣੇ ਨਿੱਜੀ ਮੁਫ਼ਾਦਾਂ ਨੂੰ ਭਾਰੂ ਨਾ ਹੋਣ ਦਿੱਤਾ ਜਾਵੇ।
ਵਿਧਾਨ ਸਭਾ ਦੇ ਸਾਬਕਾ ਸਪੀਕਰ ਬੀਰਦਵਿੰਦਰ ਸਿੰਘ ਨੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖਾਲਸਾ ਪੰਥ ਨੂੰ ਦਰਪੇਸ਼ ਗੰਭੀਰ ਚੁਣੌਤੀਆਂ ਦਾ ਟਾਕਰਾ ਜਥੇਦਾਰ ਟੌਹੜਾ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਮੁਲਕ ਨੂੰ ਇੱਕ ਧਰਮੀ ਦੇਸ਼ ਬਣਾਇਆ ਜਾ ਰਿਹਾ ਹੈ। ਜਿਸ ਵਿੱਚ ਸਿੱਖਾਂ ਸਮੇਤ ਸਾਰੀਆਂ ਘੱਟ ਗਿਣਤੀਆਂ ਦੀ ਹੋਂਦ ਤੇ ਹਸਤੀ ਤੇ ਵੱਖਰੀ ਪਛਾਣ ਨੂੰ ਮਲੀਆਮੇਟ ਕਰਨ ਦੀਆਂ ਸਾਜਿਸ਼ਾਂ ਹੋਣਗੀਆਂ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਜਥੇਦਾਰ ਟੋਹੜਾ ਨੇ ਸ਼੍ਰੋਮਣੀ ਕਮੇਟੀ ਦੀ ਖੁਦ ਮੁਖਤਿਆਰ ਤੇ ਆਜਾਦ ਹਸਤੀ ਕਾਇਮ ਰੱਖੀ। ਉਹਨਾਂ ਕਿਹਾ ਕਿ ਬਾਦਲ ਪਰਿਵਾਰ ਨੇ ਅਕਾਲੀ ਦਲ ਨੂੰ ਆਪਣੀ ‘ਪ੍ਰਾਈਵੇਟ ਲਿਮਟਿਡ ਕੰਪਨੀ’ ਬਣਾ ਲਿਆ ਹੈ। ਉਹਨਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਪਾਵਨ ਬੀੜਾਂ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਲੱਭ ਕੇ ਸਜਾ ਮਿਲਣੀ ਚਾਹੀਦੀ ਹੈ। ਸ: ਭੌਰ ਨੇ ਕਿਹਾ ਕਿ ਪੰਜਾਬ ਵਿੱਚ ਲੱਗਣ ਵਾਲੀ ਹਰ ਸਨਅਤ ਵਿੱਚ ਨੌਕਰੀਆਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਜਾਣ। ਮਾਰਕੀਟ ਕਮੇਟੀ ਪਟਿਆਲਾ ਦੇ ਸਾਬਕਾ ਚੇਅਰਮੈਨ ਰਜਿੰਦਰ ਸਿੰਘ ਟੌਹੜਾ ਨੇ ਵੀ ਜਥੇਦਾਰ ਟੌਹੜਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਜਥੇਦਾਰ ਟੌਹੜਾ ਦੀ ਦੇਣ ਨੂੰ ਪੰਜਾਬ ਕਦੇ ਭੁੱਲ ਨਹੀਂ ਸਕਦਾ।
ਸਮਾਗਮ ਦੌਰਾਨ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਦੇ ਹਜੂਰੀ ਰਾਗੀ ਭਾਈ ਮੁਖਤਿਆਰ ਸਿੰਘ ਜਵੱਦੀਕਲਾਂ ਵਾਲਿਆਂ ਨੇ ਵਿਰਾਗਮਈ ਕੀਰਤਨ ਕੀਤਾ ਜਦ ਕਿ ਸਾਬਕਾ ਹੈਡ ਗ੍ਰੰਥੀ ਗਿਆਨੀ ਸੁਖਦੇਵ ਸਿੰਘ ਜੀ ਨੇ ਅਰਦਾਸ ਕੀਤੀ। ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸਪੁੱਤਰੀ ਅਤੇ ਮੈਂਬਰ ਐਸ.ਜੀ.ਪੀ.ਸੀ. ਬੀਬੀ ਕੁਲਦੀਪ ਕੌਰ ਟੌਹੜਾ ਨੇ ਸ਼ਰਧਾਂਜਲੀ ਸਮਾਗਮ ਵਿੱਚ ਪੁੱਜੀਆਂ ਸਮੂਹ ਸਖਸ਼ੀਅਤਾਂ ਅਤੇ ਸੰਗਤਾਂ ਦਾ ਟੌਹੜਾ ਪਰਿਵਾਰ ਦੀ ਤਰਫ਼ੋਂ ਧੰਨਵਾਦ ਕੀਤਾ।
ਸਰਧਾਂਜਲੀ ਸਮਾਗਮ ਦੌਰਾਨ ਸਾਬਕਾ ਐਮ.ਪੀ. ਬੀਬੀ ਅਮਰਜੀਤ ਕੌਰ, ਵਿਧਾਇਕ ਸ: ਨਿਰਮਲ ਸਿੰਘ ਸ਼ੁਤਰਾਣਾ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ, ਮੇਜਰ ਸਿੰਘ ਉਬੇਕੇ, ਚਿਰੰਜੀ ਲਾਲ ਗਰਗ, ਸਾਬਕਾ ਵਿਧਾਇਕ ਸ: ਤਾਲਿਬ ਸਿੰਘ ਸੰਧੂ, ਮੈਂਬਰ ਐਸ.ਜੀ.ਪੀ.ਸੀ. ਸ਼੍ਰੀ ਕੁਲਦੀਪ ਸਿੰਘ ਨੱਸੂਪੁਰ, ਸ: ਸੁਰਜੀਤ ਸਿੰਘ ਗੜ੍ਹੀ ਅਤੇ ਸ਼੍ਰੀ ਨਿਰਮੈਲ ਸਿੰਘ ਜੌਲਾ।
ਐਸ.ਜੀ.ਪੀ. ਸੀ. ਦੇ ਸਾਬਕਾ ਮੈਂਬਰਾਂ ਵਿੱਚ ਸ: ਜਸਵਿੰਦਰ ਸਿੰਘ ਬਲੀਏਵਾਲ, ਜਥੇਦਾਰ ਹਰਬੰਸ ਸਿੰਘ ਮੰਝਪੁਰ, ਸ: ਭਰਪੂਰ ਸਿੰਘ ਖਾਲਸਾ, ਜਥੇਦਾਰ ਜਗਜੀਤ ਸਿੰਘ ਰਤਨਗੜ੍ਹ੍ਹ, ਜਥੇਦਾਰ ਕਸ਼ਮੀਰ ਸਿੰਘ ਬਰਿਆਰ, ਬਾਬਾ ਟੇਕ ਸਿੰਘ ਧਨੌਲਾ, ਸ: ਸਾਧੂ ਸਿੰਘ ਟੋਡਰਮਾਜਰਾ, ਜੱਸਾ ਸਿੰਘ ਆਹਲੂਵਾਲੀਆ, ਮਾਰਕੀਟ ਕਮੇਟੀ ਪਟਿਆਲਾ ਦੇ ਸਾਬਕਾ ਚੇਅਰਮੈਨ ਸ: ਹਰਿੰਦਰਪਾਲ ਸਿੰਘ ਟੌਹੜਾ, ਸੀਨੀਅਰ ਐਡਵੋਕੇਟ ਨਰਿੰਦਰ ਸਿੰਘ ਟਿਵਾਣਾ, ਐਡਵੋਕੇਟ ਜਸਵਿੰਦਰ ਸਿੰਘ ਗਰੇਵਾਲ, ਜਗਮੋਹਨ ਸੈਣੀ, ਬਾਰ ਐਸੋਸੀਏਸ਼ਨ ਨਾਭਾ ਦੇ ਪ੍ਰਧਾਨ ਗਿਆਨ ਸਿੰਘ ਮੂੰਗੋ, ਆਪ ਆਗੂ ਦੇਵ ਸਿੰਘ ਮਾਨ, ਸੰਤ ਭੁਪਿੰਦਰ ਸਿੰਘ, ਗੁਰਦਰਸ਼ਨ ਸਿੰਘ ਬਾਹੀਆ, ਕਾਂਗਰਸ ਦੀ ਸੀਨੀਅਰ ਆਗੂ ਬੀਬੀ ਗੁਰਸ਼ਰਨ ਕੌਰ ਰੰਧਾਵਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਖਨੌੜਾ, ਗੁਰਸੇਵ ਸਿੰਘ ਹਰਪਾਲਪੁਰ, ਸ: ਹਰਬੰਸ ਸਿੰਘ ਦਦਹੇੜਾ, ਜਥੇਦਾਰ ਹਰਚਰਨ ਸਿੰਘ ਮੂੰਡੀਆਂ, ਚੂੰਨੀ ਲਾਲ ਭਾਦਸੋਂ, ਚੇਅਰਮੈਨ ਡਾ: ਸੁਰਿੰਦਰਪਾਲ ਸਿੰਘ ਬਿੱਲਾ, ਲਾਲ ਸਿੰਘ ਟੌਹੜਾ, ਟਰੱਕ ਯੂਨੀਅਨ ਨਾਭਾ ਦੇ ਪ੍ਰਧਾਨ ਜਗਜੀਤ ਸਿੰਘ ਦੁਲੱਦੀ, ਬਲਾਕ ਕਾਂਗਰਸ ਨਾਭਾ ਦੇ ਪ੍ਰਧਾਨ ਪਰਮਜੀਤ ਸਿੰਘ ਕੱਲਰ ਮਾਜਰੀ, ਆਪ ਆਗੂ ਪ੍ਰੋ: ਮੋਹਨਜੀਤ ਕੌਰ ਟਿਵਾਣਾ, ਅਮਰੀਕ ਸਿੰਘ ਮਲਕਪੁਰ, ਜੋਗਿੰਦਰ ਸਿੰਘ ਛੀਨਾ, ਸ: ਬਹਾਦਰ ਸਿੰਘ ਟੌਹੜਾ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐਸ.ਐਸ.ਪੀ., ਡਾ: ਐਸ. ਭੂਪਤੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸੰਦੀਪ ਰਿਸ਼ੀ, ਐਸ.ਡੀ.ਐਮ ਸਮਾਣਾ ਅਮਰੇਸ਼ਵਰ ਸਿੰਘ ਤੇ ਵੱਡੀ ਗਿਣਤੀ ਵਿੱਚ ਦੂਰ ਦੁਰਾਡੇ ਤੋਂ ਆਏ ਜਥੇਦਾਰ ਟੌਹੜਾ ਦੇ ਸਮਰਥਕ ਵੀ ਹਾਜ਼ਰ ਸਨ।

