ਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਸੰਯੁਕਤ ਰਾਸ਼ਟਰ ਸੰਘ ‘ਚ ਕਸ਼ਮੀਰ ਮਸਲੇ ‘ਤੇ ਪਾਕਿ-ਭਾਰਤ ਆਹਮੋ ਸਾਹਮਣੇ

ਨਵੀਂ ਦਿੱਲੀ 3 ਮਈ (ਮਧੂਸਾਰ ਬਿਊਰੋ) ਪਾਕਿਸਤਾਨ ਨੇ ਇਕ ਵਾਰ ਫਿਰ ਸੰਯੁਕਤ ਰਾਸ਼ਟਰ ਸੰਘ ਵਿਚ ਕਸ਼ਮੀਰ ਰਾਗ ਗਾਇਆ ਤੇ ਕਸ਼ਮੀਰ ਵਿਚ ਕਥਿਤ ਮਨੁੱਖੀ ਅਧਿਕਾਰਾਂ ਦੇ ਉਲੰਘਣ ਦਾ ਮੁੱਦਾ ਚੁੱਕਣ ਦੀ ਕੋਸ਼ਿਸ਼ ਕੀਤੀ।

ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਦੀ ਸੂਚਨਾ ਕਮੇਟੀ ਦੇ ਸਾਹਮਣੇ ਕਸ਼ਮੀਰ ਦੇ ਮੁੱਦੇ ਨੂੰ ਚੁੱਕਿਆ ਤਾਂ ਭਾਰਤ ਦਾ ਇਤਰਾਜ਼ ਵੀ ਇਸ ‘ਤੇ ਸਾਹਮਣੇ ਆ ਗਿਆ। ਭਾਰਤ ਨੇ ਕਿਹਾ ਕਿ ਇਹ ਮਾਮਲਾ ਸੂਚਨਾ ਕਮੇਟੀ ਦੇ ਲਈ ਸਹੀ ਨਹੀਂ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸੂਚਨਾ ਕਮੇਟੀ ਦੇ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਪਾਕਿਸਤਾਨ ਦੇ ਡੈਲੀਗੇਟ ਮਸੂਦ ਅਨਵਰ ਨੇ ਇਸ ਮੁੱਦੇ ਨੂੰ ਚੁੱਕਦੇ ਹੋਏ ਦੋਸ਼ ਲਾਇਆ ਸੀ ਕਿ ਕਸ਼ਮੀਰ ਦੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੀਤਾ ਜਾ ਰਿਹਾ ਹੈ।
ਮਸੂਦ ਅਨਵਰ ਨੇ ਕਿਹਾ ਕਿ ਅੱਜ ਜਿਸ ਦੁਨੀਆ ਵਿਚ ਅਸੀਂ ਰਹਿ ਰਹੇ ਹਾਂ, ਉਹ ਸੰਘਰਸ਼ ਤੇ ਵਿਵਾਦਾਂ ਨਾਲ ਘਿਰੀ ਹੈ ਹਾਲਾਂਕਿ ਅਸੀਂ ਅੱਤਵਾਦ ਤੇ ਕੱਟੜਪੱਥ ਨਾਲ ਲੜਨ ਵਿਚ ਇਕਜੁੱਟਤਾ ਬਰਕਰਾਰ ਰੱਖਦੇ ਹਾਂ। ਇਨ੍ਹਾਂ ਵਿਚਾਰਧਾਰਾਵਾਂ ਦਾ ਵਿਰੋਧ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦਾ ਪਬਲਿਕ ਇੰਫਰਮੇਸ਼ਨ ਡਿਪਾਰਟਮੈਂਟ ਤਣਾਅ ਦੂਰ ਕਰਨ ਤੇ ਅੰਤਰਧਾਰਮਿਕ ਏਕਤਾ ਨੂੰ ਬਹਾਲ ਕਰਨ ਦੀ ਦਿਸ਼ਾ ‘ਚ ਮਹੱਤਵਪੂਰਨ ਭੂਮਿਕਾ ਅਦਾ ਕਰ ਸਕਦਾ ਹੈ।
ਮਸੂਦ ਨੇ ਡੀ.ਪੀ.ਆਈ. ਨੂੰ ਉਨ੍ਹਾਂ ਥਾਵਾਂ ‘ਤੇ ਧਿਆਨ ਦੇਣ ਦੀ ਅਪੀਲ ਕੀਤੀ ਜਿਥੇ ਕਥਿਤ ਤੌਰ ‘ਤੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋ ਰਿਹਾ ਹੈ। ਇਸ ਕ੍ਰਮ ਵਿਚ ਅਨਵਰ ਨੇ ਰੋਹਿੰਗਿਆ, ਕਸ਼ਮੀਰ ਤੇ ਫਿਲਸਤੀਨ ਦਾ ਜ਼ਿਕਰ ਕੀਤਾ। ਭਾਰਤ ਨੇ ਕਸ਼ਮੀਰ ਦੇ ਸਬੰਧ ਵਿਚ ਅਨਵਰ ਦੇ ਬੋਲਾਂ ‘ਤੇ ਸਖਤ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਇਹ ਗੱਲ ਕਮੇਟੀ ਕੰਮਾਂ ਦੇ ਲਿਹਾਜ਼ ਨਾਲ ਸਹੀ ਨਹੀਂ ਹੈ।
ਸੰਯੁਕਤ ਰਾਸ਼ਟਰ ਵਿਚ ਭਾਰਤ ਮਿਸ਼ਨ ਦੇ ਮੰਤਰੀ ਐਸ.ਸ਼੍ਰੀਨਿਵਾਸ ਪ੍ਰਸਾਦ ਨੇ ਇਸ ਨੂੰ ਕਮੇਟੀ ਦੇ ਏਜੰਡੇ ਤੋਂ ਵੱਖ ਦੂਜੇ ਮੁੱਦੇ ‘ਤੇ ਧਿਆਨ ਭਟਕਾਉਣ ਦੀ ਕਵਾਇਦ ਦੱਸਿਆ। ਉਨ੍ਹਾਂ ਨੇ ਕਿਹਾ ਕਿ ਅਸੀਂ ਇਨ੍ਹਾਂ ਟਿੱਪਣੀਆਂ ਨੂੰ ਪੂਰੀ ਤਰ੍ਹਾਂ ਨਾਲ ਖਾਰਿਜ ਕਰਦੇ ਹਾਂ ਕਿਉਂਕਿ ਉਨ੍ਹਾਂ ਦਾ ਕਮੇਟੀ ਦੇ ਕੰਮਾਂ ਨਾਲ ਕੋਈ ਸਬੰਧ ਨਹੀਂ ਹੈ। ਪ੍ਰਸਾਦ ਨੇ ਅੱਗੇ ਇਹ ਵੀ ਕਿਹਾ ਕਿ ਭਾਰਤ ਹਰ ਤਰ੍ਹਾਂ ਦੇ ਅੱਤਵਾਦ ਦਾ ਵਿਰੋਧ ਕਰਦਾ ਹੈ ਤੇ ਅੱਤਵਾਦ ਦੇ ਖਿਲਾਫ ਲੜਾਈ ‘ਚ ਦੇਸ਼ਾਂ ਦੇ ਸਹਿਯੋਗ ਨੂੰ ਜ਼ਰੂਰੀ ਮੰਨਦਾ ਹੈ।

Leave a Reply

Your email address will not be published. Required fields are marked *