ਪੰਜਾਬ

ਖਾਲਸਾ ‘ਵਰਸਿਟੀ ‘ਚ ਹਾਲਾਤ ਅਸਥਿਰ ਵਾਈਸ ਚਾਂਸਲਰ ਵੱਲੋਂ ਅਸਤੀਫਾ

ਖਾਲਸਾ ਯੂਨੀਵਰਸਿਟੀ ‘ਤੇ ਮੰਡਰਾ ਰਹੇ ਖਤਰੇ ਦੇ ਬੱਦਲ ਹੋਣ ਲੱਗੇ ਹੋਰ ਗਹਿਰੇ
ਬੱਚੇ ਨਾ ਆਉਣ ਤੇ ਐਡਹਾਕ ਸਟਾਫ ਨੂੰ ਜਬਰੀ ਪੀਐਚ ਡੀ ਲਈ ਕੀਤਾ ਜਾ ਰਿਹਾ ਅਨਰੋਲ
ਕਮੇਟੀ ਵਲੋ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਭਵਿੱਖ ਨਾਲ ਕੀਤਾ ਜਾ ਰਿਹਾ ਖਿਲਵਾੜ
ਅੰਮ੍ਰਿਤਸਰ,7 ਅਪ੍ਰੈਲ (ਰਾਜਨ ਮਾਨ)
ਵਿਵਾਦਾਂ ‘ਚ ਘਿਰੀ ਖਾਲਸਾ ਯੂਨੀਵਰਸਿਟੀ ਤੇ ਮੰਡਰਾ ਰਹੇ ਖਤਰੇ ਦੇ ਬੱਦਲ ਹੋਰ ਗਹਿਰੇ ਹੁੰਦੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਅਗਲੇ ਹੁਕਮਾਂ ਤਕ ਯੂਨੀਵਰਸਿਟੀ ਦੇ ਦਾਖਲੇ ਬੰਦ ਕਰ ਦਿੱਤੇ ਜਾਣ ਕਾਰਨ ਮਾਮਲਾ ਹੋਰ ਗਰਮਾ ਗਿਆ ਹੈ । ਦੂਜੇ ਯੂਨੀਵਰਸਿਟੀ ਦੀ ਡਾਵਾਂਡੋਲ ਹਾਲਤ ਵੇਖਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਐਸ.ਐਸ ਚਾਹਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।ਵਿਦਿਆਰਥੀਆਂ ਵੱਲੋਂ ਵੀ ਯੂਨੀਵਰਸਿਟੀ ਤੋਂ ਮੂੰਹ ਮੋੜ ਲਿਆ ਗਿਆ ਹੈ। ਖਾਲਸਾ ਕਾਲਜ ਕਮੇਟੀ ਵਲੋ ਸੈਂਕੜੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।

ਬੱਚੇ ਨਾ ਆਉਣ ਤੇ ਐਡਹਾਕ ਸਟਾਫ ਨੂੰ ਜਬਰੀ ਪੀਐਚ ਡੀ ਲਈ ਅਨਰੋਲ ਕੀਤਾ ਜਾ ਰਿਹਾ। ਸੂਤਰਾਂ ਅਨੁਸਾਰ ਸਰਕਾਰ ਵੱਲੋਂ ਅਗਲੇ ਹੁਕਮਾਂ ਤਕ ਦਾਖਲੇ ਬੰਦ ਕਰ ਦਿੱਤੇ ਹਨ ।
ਪਿਛਲੀ ਅਕਾਲੀ ਸਰਕਾਰ ਸਮੇਂ ਖਾਲਸਾ ਕਾਲਜ ਮੈਨੇਜਮੈਂਟ ਕਮੇਟੀ ਵੱਲੋਂ ਇਸ ਯੂਨੀਵਰਸਿਟੀ ਦੀ ਮਨਜ਼ੂਰੀ ਲਈ ਗਈ ਸੀ। ਖਾਲਸਾ ਕਾਲਜ ਦੀ ਸਰਜਮੀਂਨ ਤੇ ਸਥਾਪਿਤ ਕੀਤੀ ਗਈ ਇਹ ਯੂਨੀਵਰਸਿਟੀ ਬਣਨ ਤੋਂ ਲੈ ਕੇ ਹੁਣ ਤੱਕ ਕਿਸੇ ਨਾਂ ਕਿਸੇ ਰੂਪ ਵਿੱਚ ਵਿਵਾਦਾਂ ਵਿੱਚ ਰਹੀ ਹੈ। ਕਾਂਗਰਸ ਸਰਕਾਰ ਆਉਣ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਯੂਨੀਵਰਸਿਟੀ ਨੂੰ ਦਿੱਤੀ ਗਈ ਮਨਜ਼ੂਰੀ ਦੇ ਮਾਮਲੇ ਤੇ ਮੁੜ ਘੋਖ ਕਰਨ ਲਈ ਕੀਤੇ ਗਏ ਐਲਾਨ ਤੋਂ ਬਾਅਦ ਮੈਨੇਜਮੈਂਟ ਕਮੇਟੀ ਵੱਲੋਂ ਯੂਨੀਵਰਸਿਟੀ ਨੂੰ ਬਚਾਉਣ ਲਈ ਹੱਥ ਪੈਰ ਮਾਰੇ ਜਾ ਰਹੇ ਹਨ। ਮੈਨੇਜਮੈਂਟ ਕਮੇਟੀ ਨੇ ਲੜਕੀਆਂ ਦੇ ਇੱਕੋ ਇੱਕ ਕਾਲਜ ਖਾਲਸਾ ਕਾਲਜ਼ ਫਾਰ ਵੂਮੈਨ ਅਤੇ ਬੀ.ਐਡ ਕਾਲਜ਼ ਵੀ ਗੁਰੁ ਨਾਨਕ ਦੇਵ ਯੂਨੀਵਰਸਿਟੀ ਤੋਂ ਮਾਨਤਾ ਰੱਦ ਕਰਵਾ ਦਿੱਤੀ ਹੈ ਅਤੇ ਇਹ ਕਾਲਜ਼ ਮੁਕੰਮਲ ਰੂਪ ਵਿੱਚ ਖਾਲਸਾ ਯੂਨੀਵਰਸਿਟੀ ਦੇ ਅਧੀਨ ਲੈ ਲਏ ਹਨ। ਇੰਨਾਂ ਕਾਲਜਾਂ ਦੀ ਗੁਰੁ ਨਾਨਕ ਦੇਵ ਯੂਨੀਵਰਸਿਟੀ ਤੋਂ ਮਾਨਤਾ ਰੱਦ ਹੋਣ ਕਾਰਨ ਸੈਂਕੜੇ ਵਿਦਿਆਰਥੀ ਤੇ ਅਧਿਆਪਕ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ਵਿੱਚ ਡੁੱਬ ਗਏ ਹਨ। ਹੋਰ ਤਾਂ ਹੋਰ ਮੈਨੇਜਮੈਂਟ ਕਮੇਟੀ ਨੇ ਬਾਹਰੀ ਵਿਦਿਆਰਥੀਆਂ ਵੱਲੋਂ ਖਾਲਸਾ ਯੂਨੀਵਰਸਿਟੀ ਵਿੱਚ ਦਿਲਚਸਪੀ ਨਾ ਦਿਖਾਏ ਜਾਣ ਕਾਰਨ ਯੂਨੀਵਰਸਿਟੀ ਦੀ ਹੋਂਦ ਬਣਾਈ ਰੱਖਣ ਲਈ ਖਾਲਸਾ ਕਾਲਜ਼ ਫਾਰ ਵੂਮੈਨ, ਬੀਐੱਡ ਕਾਲਜ਼ ਅਤੇ ਖਾਲਸਾ ਕਾਲਜ਼ ਵਿੱਚ ਵੱਖ-ਵੱਖ ਵਿਭਾਗਾਂ ‘ਚ ਐਡਹਾਕ ਤੇ ਕੰਮ ਕਰਦੇ ਟੀਚਰਾਂ ਨੂੰ ਪੀ.ਐਚ.ਡੀ ਲਈ ਇਨਰੋਲ ਕੀਤਾ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਖਾਲਸਾ ਕਾਲਜ਼ ਫਾਰ ਵੂਮੈਨ ਦੇ ਕਾਮਰਸ ਵਿਭਾਗ ਦੀਆਂ ਚਾਰ, ਪੰਜਾਬੀ ਵਿਭਾਗ ਦੀਆਂ ਚਾਰ ਟੀਚਰਾਂ ਤੋਂ ਇਲਾਵਾ ਖਾਲਸਾ ਕਾਲਜ਼ ਤੋਂ ਤਿੰਨ ਅਤੇ ਬੀ.ਐਡ ਕਾਲਜ਼ ਤੋਂ ਵੀ ਤਿੰਨ ਅਧਿਆਪਕਾਂ ਨੂੰ ਪੀ.ਐਚ.ਡੀ ਲਈ ਇਨਰੋਲ ਕੀਤਾ ਹੈ। ਸੂਤਰਾਂ ਅਨੁਸਾਰ ਮੈਨੇਜਮੈਂਟ ਵੱਲੋਂ ਐਡਹਾਕ ਸਟਾਫ ਨੂੰ ਦਬਾਅ ਪਾ ਕੇ ਪੀ.ਐਚ.ਡੀ ਕਰਨ ਲਈ ਕਿਹਾ ਜਾ ਰਿਹਾ ਹੈ। ਮੈਨੇਜਮੈਂਟ ਕਮੇਟੀ ਵੱਲੋਂ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਚੰਦ ਕੁ ਬੱਚਿਆਂ ਦੇ ਭਵਿੱਖ ਦਾ ਵਾਸਤਾ ਪਾ ਕੇ ਦੂਸਰੇ ਹਜ਼ਾਰਾਂ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਯੂਨੀਵਰਸਿਟੀ ਵਿੱਚ ਅਜੇ ਤੱਕ ਪੂਰੇ ਸਮਾਜ ਦੀ ਨਿਯੁਕਤੀ ਨਹੀਂ ਕੀਤੀ ਗਈ। ਮੈਨੇਜਮੈਨਟ ਵੱਲੋ ਦੂਸਰੇ ਕਾਲਜ਼ਾਂ ਵਿੱਚ ਕੰਮ ਕਰਦੇ ਅਧਿਆਪਕਾਂ ਤੋਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀਆਂ ਕਲਾਸਾਂ ਲਗਵਾਈਆਂ ਜਾ ਰਹੀਆਂ ਹਨ। ਗੁਰੁ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਖਾਲਸਾ ਕਾਲਜ਼ ਫਾਰ ਵੂਮੇਨ ਅਤੇ ਬੀ.ਐੱਡ ਕਾਲਜ਼ ਦੀ ਮਾਨਤਾ ਰੱਦ ਕੀਤੇ ਜਾਣ ਕਾਰਨ ਜਿੱਥੇ ਬੱਚਿਆਂ ਅਤੇ ਅਧਿਆਪਕਾਂ ਵਿੱਚ ਆਪਣੇ ਭੀਵੱਖ ਨੂੰ ਲੈ ਕੇ ਚਿੰਤਾਵਾਂ ਬਣੀਆਂ ਹੋਈਆਂ ਹਨ ਉਥੇ ਬੱਚਿਆਂ ਦੇ ਮਾਪੇ ਉਨਾਂ੍ਹ ਨਾਲ ਹੋ ਰਹੇ ਇਸ ਖਿਲਵਾੜ ਤੋਂ ਡਾਢੇ ਪ੍ਰੇਸ਼ਾਨ ਹਨ। ਵੱਖ-ਵੱਖ ਜਥੇਬੰਦੀਆਂ ਵੱਲੋਂ ਪਹਿਲਾਂ ਵੀ ਖਾਲਸਾ ਯੂਨੀਵਰਸਿਟੀ ਦੇ ਵਿਰੋਧ ‘ਚ ਅਵਾਜ਼ ਬੁਲੰਦ ਕੀਤੀ ਜਾਂਦੀ ਰਹੀ ਹੈ ਅਤੇ ਹੁਣ ਮੁੜ ਸਮਾਜ ਸੇਵੀ ਅਤੇ ਸਿਆਸੀ ਜਥੇਬੰਦੀਆਂ ਮਿਲ ਕੇ ਬੱਚਿਆਂ ਦੇ ਭਵਿੱਖ ਨਾਲ ਮੈਨੇਜਮੈਂਟ ਵੱਲੋਂ ਕੀਤੇ ਜਾ ਰਹੇ ਇਸ ਖਿਲਵਾੜ ਵਿਰੁੱਧ ਕਮਰਕੱਸੇ ਕੀਤੇ ਗਏ ਹਨ।
ਖਾਲਸਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਚੰਦ ਮਹੀਨਿਆਂ ਬਾਅਦ ਹੀ ਅਸਤੀਫਾ ਦੇ ਦਿੱਤੇ ਜਾਣ ਕਾਰਨ ਵੀ ਕਈ ਸਵਾਲ ਖੜ੍ਹੇ ਹੋ ਗਏ ਹਨ।
ਅਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੁਖਜਿੰਦਰਰਾਜ ਸਿੰਘ ਲਾਲੀ ਮਜੀਠਾ ਨੇ ਕਿਹਾ ਕਿ ਹੈ ਕਿ ਖਾਲਸਾ ਯੂਨੀਵਰਸਿਟੀ ਬਣਾ ਕੇ ਖਾਲਸਾ ਕਾਲਜ ਦੀ ਵਿਰਾਸਤ ਨੂੰ ਖਤਮ ਕਰਨ ਦੀ ਕੀਤੀ ਗਈ ਕੋਸ਼ਿਸ਼ ਨੂੰ ਸਿਰੇ ਨਹੀਂ ਚੜ੍ਹਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਜੀਠੀਆ ਅਤੇ ਛੀਨਾ ਰਲ ਕੇ ਇਸ ਵਿਰਾਸਤ ਨੂੰ ਆਰ.ਐਸ.ਐਸ ਦੇ ਹੱਥਾਂ ਵਿੱਚ ਸੋਂਪਣਾਂ ਚਾਹੁੰਦੇ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰੁ ਨਾਨਕ ਦੇਵ ਯੂਨੀਵਰਸਿਟੀ ਤੋਂ ਖਾਲਸਾ ਕਾਲਜ ਫਾਰ ਵੂਮੈਨ ਅਤੇ ਬੀ.ਐਡ ਕਾਲਜ਼ ਦੀ ਰੱਦ ਕਰਵਾਈ ਗਈ ਮਾਨਤਾ ਨੂੰ ਮੁੜ ਬਹਾਲ ਕਰਵਾਉਣ ਲਈ ਉਹ ਕਾਲਜ਼ ਸਟਾਫ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਮੁੱਖ ਮੰਤਰੀ ਪਹਿਲਾਂ ਹੀ ਆਪਣਾ ਪੱਖ ਸਪੱਸ਼ਟ ਕਰ ਚੁੱਕੇ ਹਨ। ਲਾਲੀ ਮਜੀਠੀਆ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਖਾਲਸਾ ਕਾਲਜ ਅੰਮ੍ਰਿਤਸਰ ਦੀ ਵਿਰਾਸਤੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਵਿਰੁੱਧ ਫ਼ੌਜਦਾਰੀ ਕੇਸ ਦਰਜ ਕੀਤਾ ਜਾਵੇ ਤੇ ਸਰਕਾਰ ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਦਾ ਚਾਰਜ ਫੌਰੀ ਆਪਣੇ ਕਬਜ਼ੇ ਵਿੱਚ ਲਵੇ। ਇਸ ਤੋਂ ਇਲਾਵਾ ਪਿਛਲੇ ਦਸ ਸਾਲਾਂ ਵਿੱਚ ਖਾਲਸਾ ਕਾਲਜ ਚੈਰੀਟੇਬਲ ਟਰੱਸਟ ਦੇ ਮਾਮਲਿਆਂ ਵਿੱਚ ਬੇਨਿਯਮੀਆਂ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ।ਉਨ੍ਹਾਂ ਦੋਸ਼ ਲਾਇਆ ਕਿ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੇ ਪਰਿਵਾਰ ਨੇ ਖਾਲਸਾ ਕਾਲਜ ਨੂੰ ਯੂਨੀਵਰਸਿਟੀ ਵਿੱਚ ਤਬਦੀਲ ਕਰਵਾ ਕੇ ਤਿੰਨ ਹਜ਼ਾਰ ਕਰੋੜ ਦੀ ਜਾਇਦਾਦ ਨੂੰ ਨਿੱਜੀ ਹੱਥਾਂ ਵਿੱਚ ਲੈ ਲਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਯੂਨੀਵਰਸਿਟੀ ਦੀ ਬਾਡੀ ਦੇ ਮੁਖੀ ਸਤਿਆਜੀਤ ਸਿੰਘ ਮਜੀਠੀਆ ਹਨ ਪਰ ਅਸਲ ਕੰਮਕਾਜ ਆਰਐਸਐਸ ਆਗੂ ਰਾਜਿੰਦਰ ਮੋਹਨ ਛੀਨਾ ਤੇ ਇਕ ਹੋਰ ਕਾਰੋਬਾਰੀ ਕੋਲ ਹੈ। ਉਨ੍ਹਾਂ ਕਿਹਾ ਅੰਮ੍ਰਿਤਸਰ ਦੇ ਲੋਕ ਸ਼ੁਰੂ ਤੋਂ ਹੀ ਖਾਲਸਾ ਕਾਲਜ ਨੂੰ ਯੂਨੀਵਰਸਿਟੀ ਬਣਾਉਣ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਮਜੀਠੀਆ ਪਰਿਵਾਰ ਨੇ ਯੂਨੀਵਰਸਿਟੀ ਦੀ ਪ੍ਰਬੰਧਕੀ ਕਮੇਟੀ ਵਿੱਚ ਆਪਣੇ ਕਰੀਬੀ ਭਰਤੀ ਕੀਤੇ ਹੋਏ ਹਨ ਤੇ ਇਸ ਦੇ ਮੈਂਬਰਾਂ ਦੀ ਭਰਤੀ ਦਾ ਕਿਸੇ ਨੂੰ ਪਤਾ ਹੀ ਲੱਗਣ ਦਿੱਤਾ ਜਾਂਦਾ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਉਹ ਅੰਮ੍ਰਿਤਸਰ ਦੇ ਲੋਕਾਂ ਨਾਲ ਕੀਤੇ ਵਾਅਦੇ ਅੁਨਸਾਰ ਇਸ ਯੂਨੀਵਰਸਿਟੀ ਨੂੰ ਭੰਗ ਕਰਕੇ ਮੁੜ ਕਾਲਜ ਬਣਾਉਣ।

Leave a Reply

Your email address will not be published. Required fields are marked *