ਖ਼ਾਲਸਾ ਕਾਲਜ ਪਟਿਆਲਾ ਦੀ ਸਾਲਾਨਾ ਕਨਵੋਕੇਸ਼ਨ ਦੌਰਾਨ 992 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ
ਪਟਿਆਲਾ 8 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਖ਼ਾਲਸਾ ਕਾਲਜ, ਪਟਿਆਲਾ ਦੀ ਸਾਲਾਨਾ ਕਨਵੋਕੇਸ਼ਨ ਦੌਰਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਡਾ. ਦਵਿੰਦਰ ਸਿੰਘ, ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕਨਵੋਕੇਸ਼ਨ ਭਾਸ਼ਣ ਦਿੱਤਾ। ਡਾ. ਪਵਨ ਕੁਮਾਰ ਸਿੰਗਲਾ, ਸੂਚਨਾ ਕਮਿਸ਼ਨਰ, ਪੰਜਾਬ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਪਹੁੰਚੇ। ਕਨਵੋਕੇਸ਼ਨ ਦੌਰਾਨ 992 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।
ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਡਿਗਰੀ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਧਰਮ ਪ੍ਰਤੀ ਉਦਾਰਤਾ ਵਿਅਕਤੀ ਨੂੰ ਉੁੱਤਮਤਾ ਵੱਲ ਲਿਜਾਂਦੀ ਹੈ। ਹਰ ਵਿਅਕਤੀ ਦੀ ਸੋਚ ‘ਤੇ ਉਸ ਦੇ ਆਲੇ-ਦੁਆਲੇ ਦਾ ਪ੍ਰਭਾਵ ਜ਼ਰੂਰ ਪੈਦਾ ਹੈ। ਵਿਅਕਤੀ ਨੂੰ ਜ਼ਿੰਦਗੀ ਵਿੱਚ ਸਹੀ ਦਿਸ਼ਾ ਨਿਰਦੇਸ਼ਾਂ ਨੂੰ ਅਪਣਾਉਣਾ ਚਾਹੀਦਾ ਹੈ ਜੋ ਅਧਿਆਪਕ ਦੇ ਸਹੀ ਨਜ਼ਰੀਏ ਰਾਹੀਂ ਸੰਭਵ ਹੋ ਸਕਦਾ ਹੈ। ਪ੍ਰੋ. ਬਡੂੰਗਰ ਨੇ ਅਧਿਆਪਕ ਨੂੰ ਰਾਸ਼ਟਰ ਦਾ ਅਜਿਹਾ ਨਿਰਮਾਤਾ ਦੱਸਿਆ ਜੋ ਆਪਣੇ ਵਿਦਿਆਰਥੀਆਂ ਨੂੰ ਜੀਵਣ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਾਕਤਵਰ ਬਣਾਉਂਦਾ ਹੈ ਅਤੇ ਹਰ ਮੁਸ਼ਕਿਲ ਨੂੰ ਹੱਲ ਕਰਦੇ ਹੋਏ ਚੰਗੇ ਸਮਾਜ ਨੂੰ ਸਿਰਜਣ ਲਈ ਸੇਧ ਦਿੰਦਾ ਹੈ। ਪ੍ਰੋ. ਬਡੂੰਗਰ ਨੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇਣ ਅਤੇ ਜ਼ਿੰਦਗੀ ਵਿੱਚ ਉੱਚੇ ਨਿਸ਼ਾਨੇ ਰੱਖਣ ਲਈ ਪ੍ਰੇਰਿਤ ਕੀਤਾ ਜਿਨ੍ਹਾਂ ਸਦਕਾ ਹਰ ਵਿਅਕਤੀ ਜੀਵਣ ਵਿੱਚ ਉੱਚੀਆਂ ਬੁਲੰਦੀਆਂ ਛੂਹ ਸਕਦਾ ਹੈ। ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਥਾਨਕ ਕਾਲਜ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਨਾਲ ਸਬੰਧਤ ਕੋਰਸ ਅਤੇ ਭਾਈ ਮਰਦਾਨਾ ਸੰਗੀਤ ਸਟੂਡੀਓ ਸਥਾਪਤ ਕਰਨ ਦੀ ਘੋਸ਼ਣਾ ਵੀ ਕੀਤੀ ਜਿਥੇ ਕਿ ਆਪਣੇ ਸਭਿਆਚਾਰ, ਵਿਰਸੇ ਅਤੇ ਇਤਿਹਾਸ ਨੂੰ ਸੰਭਾਂਲਣ ਲਈ ਹਰ ਯਤਨ ਕੀਤਾ ਜਾਵੇਗਾ।
ਡਾ. ਦਵਿੰਦਰ ਸਿੰਘ ਨੇ ਕਨਵੋਕੇਸ਼ਨ ਭਾਸ਼ਣ ਦੌਰਾਨ ਵਿਦਿਆਰਥੀਆਂ ਨੂੰ ਮਾਤ ਭਾਸ਼ਾ, ਸਭਿਆਚਾਰ ਅਤੇ ਵਿਰਸੇ ਦੇ ਆਪਸੀ ਡੂੰਘੇ ਸਬੰਧ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮਾਤ ਭਾਸ਼ਾ ਮਨੁੱਖੀ ਜੀਵਣ ਦਾ ਆਧਾਰ ਹੈ।ਮਾਤ ਭਾਸ਼ਾ ਦੀ ਅਮੀਰੀ ਸਮਾਜ ਨੂੰ ਅਮੀਰ ਬਣਾਉਂਦੀ ਹੈ ਅਤੇ ਭਾਸ਼ਾਈ ਸਮਰੱਥਾ ਵੀ ਵਧਾਉਂਦੀ ਹੈ। ਡਾ. ਦਵਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਸਮਾਜ ਵਿੱਚੋਂ ਗ੍ਰਹਿਣ ਕੀਤਾ ਵਿਹਾਰ ਸਭਿਆਚਾਰ ਨੂੰ ਅਮੀਰ ਬਣਾਉਂਦਾ ਹੈ ਅਤੇ ਮਾਤ ਭਾਸ਼ਾ ਦੀ ਡੂੰਘੀ ਜਾਣਕਾਰੀ ਸੰਚਾਰ ਦਾ ਵਡਮੁੱਲਾ ਸੋਮਾ ਹੈ।
ਡਾ. ਪਵਨ ਕੁਮਾਰ ਸਿੰਗਲਾ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਅਧਿਆਪਕ ਅਜਿਹਾ ਗੁਰੂ ਹੈ ਜੋ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ, ਸੰਸਕਾਰ ਅਤੇ ਸਦਾਚਾਰ ਬਾਰੇ ਜਾਣਕਾਰੀ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਦਿਅਕ ਸੰਸਥਾਵਾਂ ਆਤਮ ਨਿਰਭਰ ਹੋਣੀਆਂ ਚਾਹੀਦੀਆਂ ਹਨ ਜਿਸ ਨਾਲ ਅਧਿਆਪਕ ਦਾ ਨਜ਼ਰੀਆ ਵਧੇਰੇ ਵਿਸ਼ਾਲ ਹੋ ਜਾਂਦਾ ਹੈ। ਡਾ. ਸਿੰਗਲਾ ਨੇ ਇਹ ਵੀ ਕਿਹਾ ਕਿ ਨੈਤਿਕ ਕਦਰਾਂ ਕੀਮਤਾਂ ਸਾਡੇ ਪਾਠ-ਕ੍ਰਮ ਦਾ ਹਿੱਸਾ ਹੋਣੀਆਂ ਚਾਹੀਦੀਆਂ ਹਨ ਜਿਨ੍ਹਾਂ ਦੇ ਅਧਿਐਨ ਸਦਕਾ ਵਿਦਿਆਰਥੀ ਉੱਚੀ ਸੋਚ ਦੇ ਧਾਰਨੀ ਬਣ ਸਕਣ।
ਸਥਾਨਕ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਪਹੁੰਚੀਆਂ ਮਾਨਯੋਗ ਸਖ਼ਸ਼ੀਅਤਾਂ ਨੂੰ ‘ਜੀ ਆਇਆਂ’ ਕਹਿੰਦੇ ਹੋਏ ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹੀ। ਉਨ੍ਹਾਂ ਨੇ ਕਾਲਜ ਦੇ ਵਿਦਿਆਰਥੀਆਂ ਦੁਆਰਾ ਅਕਾਦਮਿਕ, ਖੇਡਾਂ ਅਤੇ ਸਭਿਆਚਾਰ ਖੇਤਰ ਵਿੱਚ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ‘ਤੇ ਕੀਤੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਇਆ। ਡਾ. ਉੱਭਾ ਨੇ ਕਾਲਜ ਦੇ ਅਧਿਆਪਕਾਂ ਦੀਆਂ ਵਿਦਿਅਕ ਅਤੇ ਖੋਜਾਂ ਦੇ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ‘ਤੇ ਵੀ ਚਾਨਣਾ ਪਾਇਆ।
ਕਨਵੋਕੇਸ਼ਨ ਦੇ ਕੋ-ਆਰਡੀਨੇਟਰ, ਸਕੂਲ ਆਫ਼ ਕਾਮਰਸ ਐਂਡ ਮੈਨੇਜਮੈਂਟ ਦੇ ਮੁਖੀ ਅਤੇ ਡਿਪਟੀ ਪ੍ਰਿੰਸੀਪਲ ਡਾ. ਜਸਲੀਨ ਕੌਰ ਨੇ ਦੱਸਿਆ ਕਿ ਐੱਮ.ਐੱਸਸੀ. ਮੈਥਸ, ਐੱਮ.ਐੱਸਸੀ. ਫ਼ਿਜ਼ਿਕਸ, ਐੱਮ.ਐੱਸਸੀ. ਕੈਮਿਸਟ੍ਰੀ, ਐੱਮ.ਐੱਸਸੀ. ਐਗਰੀਕਲਚਰ, ਐੱਮ.ਐੱਸਸੀ. ਫ਼ੈਸ਼ਨ ਡਿਜ਼ਾਇਨਿੰਗ ਅਤੇ ਟੈਕਨੋਲਾਜੀ, ਐੱਮ.ਐੱਸਸੀ. ਆਈ.ਟੀ., ਐੱਮ.ਐੱਸਸੀ. ਆਈ.ਟੀ. ਲੇਟਰਲ, ਐੱਮ.ਬੀ.ਏ., ਐੱਮ.ਐੱਲ.ਡੀ., ਐੱਮ.ਕਾਮ., ਐੱਮ.ਏ. ਪੰਜਾਬੀ, ਐੱਮ.ਏ. ਇੰਗਲਿਸ਼, ਐੱਮ.ਏ. ਸੰਗੀਤ ਗਾਇਨ, ਬੀ.ਐੱਸ.ਸੀ. ਬਾਇਓਟੈੱਕ, ਬੀ.ਐੱਸ.ਸੀ. ਨਾਨ ਮੈਡੀਕਲ, ਬੀ.ਐੱਸ.ਸੀ. ਐਗਰੀਕਲਚਰ, ਬੀ.ਐੱਸ.ਸੀ. (ਸੀ.ਐਸ.ਐਮ.), ਬੀ.ਸੀ.ਏ., ਬੀ.ਬੀ.ਏ., ਬੀ.ਕਾਮ. ਪ੍ਰੋਫ਼ੈਸ਼ਨਲ, ਬੀ.ਕਾਮ. ਅਕਾਉਂਟਿੰਗ ਐਂਡ ਫ਼ਾਈਨਾਂਸ, ਬੀ.ਕਾਮ. ਐਂਡ ਬੀ.ਕਾਮ. ਆਨਰਜ਼ ਅਤੇ ਬੀ.ਏ./ਬੀ.ਏ. ਪ੍ਰੋਫ਼ੈਸ਼ਨਲ ਦੇ 992 ਵਿਦਿਆਰਥੀਆਂ ਨੂੰ ਡਿਗਰੀ ਪ੍ਰਦਾਨ ਕੀਤੀ ਗਈ।
ਕਨਵੋਕੇਸ਼ਨ ਦੌਰਾਨ ਕਾਲਜ ਦੇ ਰਜਿਸਟਰਾਰ ਡਾ. ਰਵਿੰਦਰਜੀਤ ਸਿੰਘ ਨੇ ਅਧਿਆਪਕਾਂ ਦੇ ਕਾਫਲੇ ਦੀ ਅਗਵਾਈ ਕੀਤੀ। ਕਨਵੋਕੇਸ਼ਨ ਦਾ ਆਰੰਭ ਸ਼ਬਦ ਗਾਇਨ ਨਾਲ ਹੋਇਆ। ਡਾ. ਤਰਲੋਚਨ ਸਿੰਘ ਮਹਾਜਨ, ਡਾ. ਹਰਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਡਿਗਰੀ ਲੈਣ ਲਈ ਪੇਸ਼ ਕੀਤਾ। ਡਾ. ਕੁਲਦੀਪ ਸਿੰਘ ਬੱਤਰਾ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਸ਼ੁਭ ਇਛਾਵਾਂ ਦਿੱਤੀਆਂ। ਇਸ ਮੌਕੇ ਸ. ਸਤਪਾਲ ਸਿੰਘ ਮੈਂਬਰ ਐਗਜ਼ੈਕਟਿਵ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਸ਼ਵਿੰਦਰ ਸਿੰਘ ਸਭਰਵਾਲ ਅਤੇ ਸ. ਬਲਵੰਤ ਸਿੰਘ ਰਾਮਗੜ੍ਹ (ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਅਤੇ ਸ੍ਰ. ਇੰਦਰਮੋਹਨ ਸਿੰਘ ਬਜਾਜ, ਆਨਰੇਰੀ ਸਕੱਤਰ, ਗਵਰਨਿੰਗ ਕਾਉਸਿਲ ਵੀ ਹਾਜ਼ਰ ਸਨ। ਕਨਵੋਕੇਸ਼ਨ ਦੌਰਾਨ ਮੰਚ ਦਾ ਸੰਚਾਲਨ ਪ੍ਰੋ. ਜਸਪ੍ਰੀਤ ਕੌਰ ਨੇ ਕੀਤਾ।

