ਪੰਜਾਬੀ ਯੂਨੀਵਰਸਿਟੀ ‘ਚ ਪ੍ਰੋਫੈਸਰ ਇੰਦਰਜੀਤ ਸਿੰਘ ਬਣੇ ਨਵੇਂ ਰਜਿਸਟਰਾਰ
ਵਾਈਸ ਚਾਂਸਲਰ ਅਨੁਰਾਗ ਵਰਮਾ ਨੇ ਰਜਿਸਟਰਾਰ ਦਵਿੰਦਰ ਸਿੰਘ ਨੂੰ ਹਟਾ ਕੇ ਫੇਰਬਦਲ ਦੇ ਦਿੱਤੇ ਸੰਕੇਤ
ਪਟਿਆਲਾ 10 ਅਪ੍ਰੈਲ (ਕੰਵਰ ਬੇਦੀ) ਪੰਜਾਬੀ ਯੂਨੀਵਰਸਿਟੀ ਦੇ ਕਾਰਜਕਾਰਨੀ ਵੀ.ਸੀ. ਅਨੁਰਾਗ ਵਰਮਾ ਵੱਲੋਂ ਜਾਰੀ ਕੀਤੇ ਹੁਕਮਾਂ ‘ਚ ਰਜਿਸਟਰਾਰ ਪ੍ਰੋ. ਦਵਿੰਦਰ ਸਿੰਘ ਨੂੰ ਹਟਾਉਣ ਦੇ ਆਦੇਸ ਦਿੱਤੇ ਗਏ ਹਨ, ਜਿਨ੍ਹਾਂ ਦੀ ਥਾਂ ਅਰਥ ਸ਼ਾਸਤਰ ਵਿਭਾਗ ਦੇ ਪ੍ਰੋਫੈਸਰ ਇੰਦਰਜੀਤ ਸਿੰਘ ਨੂੰ ਰਜਿਸਟਰਾਰ ਲਗਾ ਦਿੱਤਾ ਗਿਆ ਹੈ।
ਪੰਜਾਬੀ ਯੂਨੀਵਰਸਿਟੀ ‘ਚ ਸਾਬਕਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੇ ਕਾਰਜਕਾਲ ‘ਚ ਕਈ ਤਰ੍ਹਾਂ ਬੇਨਿਯਮੀਆਂ, ਘਪਲੇ ਅਤੇ ਸਿੱਧੇ ਅਸਿੱਧੇ ਨਾਲ ਹੋਈ ਭਰਤੀ ਨੂੰ ਲੈ ਕੇ ਵੱਖ-ਵੱਖ ਧਿਰਾਂ ਵੱਲੋਂ ਉਚ ਪੱਧਰੀ ਜਾਂਚ ਕੀਤੇ ਜਾਣ ਦਾ ਮਾਮਲਾ ਚੁੱਕਿਆ ਹੈ, ਜਿਸ ਦੇ ਚੱਲਦਿਆਂ ਵਾਈਸ ਚਾਂਸਲਰ ਅਨੁਰਾਗ ਵਰਮਾ ਨੇ ਰਜਿਸਟਰਾਰ ਦਵਿੰਦਰ ਸਿੰਘ ਨੂੰ ਬਦਲ ਕੇ ਇਹ ਸੰਕੇਤ ਦੇ ਦਿੱਤੇ ਹਨ ਕਿ ਪੰਜਾਬੀ ਯੂਨੀਵਰਸਿਟੀ ਨੂੰ ਸਹੀ ‘ਚ ਲਿਜਾਣ ਲਈ ਵੱਡੇ ਫੇਰਬਦਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਦੂਜੇ ਪਾਸੇ ਦਵਿੰਦਰ ਸਿੰਘ ਨੂੰ ਰਜਿਸਟਰਾਰ ਦੇ ਅਹੁਦੇ ਤੋਂ ਹਟਾਉਣ ਦਾ ਐਡਹਾਕ ਕਮੇਟੀ ਦੇ ਆਗੂਆਂ ਅਵਤਾਰ ਸਿੰਘ, ਭੁਪਿੰਦਰ ਸਿੰਘ ਢਿੱਲੋਂ, ਡਾ. ਗੁਰਜੰਟ ਸਿੰਘ, ਅਵਤਾਰ ਸਿੰਘ, ਕਸ਼ਮੀਰ ਸਿੰਘ ਤੋਂ ਇਲਾਵਾ ਕਈਆਂ ਨੇ ਭਰਵਾਂ ਸਵਾਗਤ ਕੀਤਾ ਹੈ।
ਆਗੂਆਂ ਨੇ ਕਿਹਾ ਕਿ ਰਿਟਾਇਰੀ ਮੁਲਾਜ਼ਮਾਂ ਨੂੰ ਰਿਲੀਵ ਕਰਵਾਉਣ ਲਈ ਜਿਥੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ, ਉਥੇ ਸਿੰਡੀਕੇਟ ਦੀ ਬੈਠਕ ‘ਚ ਵਾਈਸ ਚਾਂਸਲਰ ਦੇ ਧਿਆਨ ‘ਚ ਇਸ ਮਾਮਲੇ ਨੂੰ ਗੰਭੀਰਤਾ ਨਾਲ ਉਠਾਇਆ ਸੀ, ਜਿਸ ਤੋਂ ਬਾਅਦ ਰਿਟਾਇਰੀ ਮੁਲਾਜ਼ਮਾਂ ਦੀ ਭਰਤੀ ‘ਤੇ ਰੋਕ ਸੰਭਵ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਸਿੰਡੀਕੇਟ ਦੀ ਬੈਠਕ ‘ਚ ਕੀਤੇ ਫੈਸਲੇ ਦੀ ਪਰਸੀਡਿੰਗ ਹੋ ਚੁੱਕੀ ਹੈ, ਪ੍ਰੰਤੂ ਰਿਟਾਇਰੀ ਮੁਲਾਜ਼ਮ ਕੋਰਟ ‘ਚ ਪਟੀਸ਼ਨ ਦੀ ਆੜ ਹੇਠ ਅਜੇ ਵੀ ਅਹੁਦਿਆਂ ‘ਤੇ ਬਣੇ ਹੋਏ ਹਨ, ਜਿਨ੍ਹਾਂ ਨੂੰ ਅਹੁਦੇ ‘ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ, ਪ੍ਰੰਤੂ ਫਿਰ ਵੀ ਰਿਟਾਇਰੀ ਮੁਲਾਜ਼ਮ ਕੁਰਸੀਆਂ ਦਾ ਮੋਹ ਛੱਡਣ ਨੂੰ ਤਿਆਰ ਨਹੀਂ ਹਨ।

