ਪੰਜਾਬ

ਬੇਅਦਬੀ ਦੀ ਘਟਨਾ ਦੌਰਾਨ ਅਣਗਹਿਲੀ ਵਰਤਣ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਤਲ਼ਬ

ਅੰਮ੍ਰਿਤਸਰ 10 ਅਪ੍ਰੈਲ (ਸੋਨੂੰ ਨਰੂਲਾ/ਸੁਖਬੀਰ ਸਿੰਘ/ਮਧੂਸਾਰ ਬਿਊਰੋ)
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪਿੰਡ ਔਲਖ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਸੁਸ਼ੋਭਿਤ ਗੁਰਦੁਆਰਾ ਹਿੰਦ ਦੀ ਚਾਦਰ ਵਿਖੇ ਪ੍ਰਬੰਧਕਾਂ ਅਤੇ ਗ੍ਰੰਥੀ ਸਿੰਘਾਂ ਦੀ ਅਣਗਹਿਲੀ ਕਾਰਨ ਵਾਪਰੀ ਦੁਖਦਾਈ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਅਣਗਹਿਲੀ ਵਰਤਣ ਵਾਲਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ 17 ਅਪ੍ਰੈਲ ਨੂੰ ਤਲਬ ਕਰ ਲਿਆ ਹੈ।
ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਤਲਬ ਕਰਨ ਵਾਲਿਆਂ ‘ਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਗੁਰਦੀਪ ਸਿੰਘ ਪ੍ਰਧਾਨ, ਸੁਰਜੀਤ ਸਿੰਘ ਮੀਤ ਪ੍ਰਧਾਨ, ਹਰਭਜਨ ਸਿੰਘ ਤੇ ਮੱਖਣ ਸਿੰਘ ਕਮੇਟੀ ਮੈਂਬਰਾਂ ਸਮੇਤ ਕ੍ਰਿਪਾਲ ਸਿੰਘ ਗ੍ਰੰਥੀ ਸ਼ਾਮਲ ਹਨ।
ਇਸ ਮੌਕੇ ਉਨ੍ਹਾਂ ਕੈਨੇਡਾ ਦੇ ਓਨਟਾਰੀਓ ਸੂਬੇ ਦੀ ਮੁੱਖ ਮੰਤਰੀ ਬੀਬੀ ਕੈਥਲੀਨ ਵੱਲੋਂ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਨਵੰਬਰ 1984 ਨੂੰ ਵਾਪਰੇ ਦੁਖਾਂਤ ਅਤੇ ਸਿੱਖਾਂ ਦੀ ਕੀਤੀ ਗਈ ਨਸ਼ਲਕੁਸ਼ੀ ਦਾ ਆਪਣੀ ਵਿਧਾਨ ਸਭਾ ਵਿਚ ਅਧਿਕਾਰਤ ਤੌਰ ‘ਤੇ ਮਤਾ ਪਾਸ ਕਰਕੇ ਸੰਸਾਰ ਭਰ ‘ਚ ਵਸਦੇ ਗੁਰੂ ਨਾਨਕ ਨਾਮ ਲੇਵਾ ਸਿੱਖ-ਸੰਗਤਾਂ ਦੇ ਜਖਮਾਂ ਤੇ ਮਲ੍ਹਮ ਲਗਾਉਦਿਆਂ ਉਹਨਾਂ ਦੇ ਹੱਕ ਵਿਚ ਅਵਾਜ ਬੁਲੰਦ ਕਰਨ ਦੀ ਜਿਥੇ ਪੁਰਜੋਰ ਸ਼ਲਾਘਾ ਕੀਤੀ ਉਥੇ ਹੀ ਦੁਖ ਦਾ ਇਜਹਾਰ ਕਰਦਿਆਂ ਉਹਨਾਂ ਕਿਹਾ ਕਿ ਪਤਾ ਨਹੀਂ ਭਾਰਤ ਦੀ ਕੇਂਦਰੀ ਸਰਕਾਰ ਵੱਲੋਂ ਓਨਟਾਰੀਓ ਸਰਕਾਰ ਦੇ ਉਕਤ ਕੀਤੇ ਫੈਸਲੇ ਦੀ ਨਿੰਦਾ ਕਰਦਿਆਂ ਉਸ ਨੂੰ ਵਾਪਸ ਲੈਣ ਲਈ ਕਿਉੇਂ ਕਿਹਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਗੋ ਚਾਹੀਦਾ ਤਾਂ ਇਹ ਹੈ ਕਿ ਕੇਂਦਰ ਸਰਕਾਰ ਲੋਕ ਸਭਾ ‘ਚ ਅਤੇ ਸੂਬਾ ਸਰਕਾਰ ਵਿਧਾਨ ਸਭਾ ਵਿਚ ਵੀ ਇਸ ਦੀ ਤਰਜਮਾਨੀ ਕਰਦਿਆਂ ਮਤੇ ਪਾਸ ਕਰੇ ਜਿਸ ਨਾਲ ਚਿਰਾਂ ਤੋਂ ਸਿੱਖਾਂ ਦੇ ਰਿਸ਼ਦੇ ਜਖਮਾਂ ਪੁਰ ਮਲ੍ਹਮ ਲੱਗ ਸਕੇ।

Leave a Reply

Your email address will not be published. Required fields are marked *