ਵਿਦੇਸ਼ਾਂ ਵਿਚ ਪੜਾਈ ਕਰਨ ਲਈ ਜਾਣ ਵਾਲੇ ਵਿਦਿਆਰਥੀ ਤਕਨੀਕੀ ਸਿੱਖਿਆ ਵਿਭਾਗ ਰਾਹੀਂ ਭੇਜੇ ਜਾਣਗੇ: ਚੰਨੀ
ਚੰਡੀਗੜ੍ਹ, 11 ਅਪ੍ਰੈਲ (ਮਧੂਸਾਰ ਬਿਊਰੋ)
ਕਨੇਡਾ ਦੇ ਇੱਕ ਉੱਚ ਪੱਧਰੀ ਵਫਦ ਨੇ ਕਨੇਡਾ ਵਿਚ ਪੜਨ ਜਾਂਦੇ ਪੰਜਾਬ ਦੇ ਵਿਦਿਆਰਥੀਆਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨਾਲ ਉਨ੍ਹਾਂ ਦੇ ਦਫਤਰ ਵਿਖੇ ਮੀਟਿੰਗ ਕੀਤੀ।
ਜਾਣਕਰੀ ਦਿੰਦਿਆਂ ਸ. ਚੰਨੀ ਨੇ ਦੱਸਿਆ ਕਿ ਕਨੇਡਾ ਦੇ ਵਫਦ ਵਿਚ ਚੰਡੀਗੜ੍ਹ ਸਥਿੱਤ ਕੌਸਲੇਟ ਜਨਰਲ ਤੋਂ ਆਏ ਕ੍ਰਿਸ਼ਟੌਫਰ ਗਿਬਨਜ, ਕੌਂਸਲ ਜਨਰਲ ਅਤੇ ਗੁਰਬੰਸ ਸੋਬਤੀ, ਟਰੇਡ ਮਨੇਜਰ ਨੇ ਇਸ ਗੱਲ ‘ਤੇ ਸਹਿਮਤੀ ਪ੍ਰਗਟਾਈ ਹੈ ਕਿ ਪੰਜਾਬ ਤੋਂ ਕਨੇਡਾ ਪੜਨ ਜਾਂਦੇ ਵਿਦਿਆਰਥੀ ਤਕਨੀਕੀ ਸਿੱਖਿਆ ਵਿਭਾਗ ਰਾਹੀਂ ਭੇਜੇ ਜਾਣ।
ਤਕਨੀਕੀ ਸਿੱਖਿਆ ਮੰਤਰੀ ਸ. ਚੰਨੀ ਨੇ ਦੱਸਿਆ ਕਿ ਇਸ ਸਬੰਧੀ ਬਾਕੀ ਦੇਸ਼ਾਂ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਤਾਂ ਜੋ ਏਜੰਟਾਂ ਹੱਥੋਂ ਹੁੰਦੀ ਪੰਜਾਬੀ ਨੌਜਵਾਨਾਂ ਦੀ ਲੁੱਟ ਖਸੁੱਟ ਨੂੰ ਰੋਕਿਆ ਜਾ ਸਕੇ। ਉਨ੍ਹਾਂ ਨਾਲ ਹੀ ਕਿਹਾ ਪੰਜਾਬ ਸਰਕਾਰ ਵਲੋਂ ਟਰੈਵਲ ਏਜੰਟਾਂ ਵਲੋਂ ਨੌਜਵਾਨਾਂ ਦੀ ਜਿੰਦਗੀ ਨਾਲ ਕੀਤੇ ਜਾਂਦੇ ਖਿਲਵਾੜ ਕਾਰਨ ਅਨੇਕਾਂ ਘਰ ਉਜਾੜੇ ਜਾ ਰਹੇ ਹਨ ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸ. ਚੰਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਤਕਨੀਕੀ ਸਿੱਖਿਆ ਵਿਭਾਗ ਵਿਚ ਇੱਕ ਵਿਸੇਸ਼ ਸੈਲ ਸਥਾਪਤ ਕੀਤਾ ਜਾਵੇਗਾ, ਜਿਸ ਨਾਲ ਵਿਦੇਸ਼ੀ ਯੂਨੀਵਰਸਿਟੀਆਂ ਅਤੇ ਕਾਲਜ ਰਜਿਸਟਰ ਕੀਤੇ ਜਾਣਗੇ।ਉਨ੍ਹਾਂ ਦੱਸਿਆ ਇਸ ਨਾਲ ਇੱਕ ਤਾਂ ਵਿਦਿਆਰਥੀਆਂ ਨੂੰ ਯੂਨੀਵਰਸਿਟੀਆਂ ਦੀ ਸਹੀ ਚੋਣ ਕਰਨ ਵਿਚ ਅਸਾਨੀ ਹੋਵੇਗੀ ਅਤੇ ਦੂਜਾ ਟਰੈਵਲ ਏਜੰਟਾਂ ਵਲੋਂ ਕੀਤੀ ਜਾਂਦੀ ਲੁੱਟ ਖਸੁੱਟ ਤੋਂ ਬਚ ਸਕਣਗੇ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸੈਲ ਵਲੌਂ ਵਿਦਿਆਰਥੀਆਂ ਨੂੰ ਸਹੀ ਕੋਰਸ ਚੁਨਣ ਵਿਚ ਵੀ ਮੱਦਗਾਰ ਸਾਬਤ ਹੋਵੇਗਾ।
ਤਕਨੀਕੀ ਸਿਖਿੱਆ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਜਲਦ ਤੋਂ ਜਲਦ ਵੱਖ ਵੱਖ ਦੇਸ਼ਾਂ ਦੇ ਸਬੰਧਤ ਅਦਾਰਿਆਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਇਸ ਕਾਰਜ ਲਈ ਸਹਿਮਤ ਕਰਨ ਤਾਂ ਜੋ ਵਿਦੇਸ਼ਾਂ ਵਿਚ ਪੜਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਇੱਕ ਸਾਂਝਾਂ ਅਤੇ ਭਰੋਸੇਯੋਗ ਪਲੈਟਫਾਰਮ ਮਿਲ ਸਕੇ।

