ਪਹਿਲੀ ਵਿਸਾਖ ਦਾ ਦਿਨ ਖਾਲਸਾ ਸਾਜਨਾ ਦਿਵਸ ਵਜੋਂ ਮਨਾਇਆ ਜਾਵੇ- ਸਿੱਖ ਸਦਭਾਵਨਾ ਦਲ
ਸ਼੍ਰੋਮਣੀ ਕਮੇਟੀ ‘ਤੇ ਮਹੰਤਾਂ ਦਾ ਜਲਦੀ ਹੀ ਖਾਤਮਾ ਹੋ ਜਾਵੇਗਾ : ਭਾਈ ਬਲਦੇਵ ਸਿੰਘ ਵਡਾਲਾ
ਸ਼੍ਰੋਮਣੀ ਕਮੇਟੀ ਦੇ ਲੱਠਮਾਰਾਂ ਨੇ ਸੰਗਤ ਨੂੰ ਉਠਾਉਣ ਦੀ ਕੀਤੀ ਕੋਸ਼ਿਸ਼ ਕੀਤੀ
ਅੰਮ੍ਰਿਤਸਰ 12 ਅਪ੍ਰੈਲ (ਸੋਨੂੰ ਨਰੂਲਾ/ਸੁਖਬੀਰ ਸਿੰਘ/ਮਧੂਸਾਰ ਬਿਊਰੋ)
ਗੁਰੂ ਘਰ ਦੇ ਕੀਰਤਨੀਏ ਅਤੇ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਨੇ ਦੇਸ਼ ਵਿਦੇਸ਼ ਦੀਆ ਸੰਗਤਾਂ ਨੂੰ ਵਿਸਾਖੀ ਦੇ ਦਿਹਾੜੇ ਨੂੰ ‘ਖਾਲਸਾ ਸਾਜਨਾ ਦਿਵਸ’ ਵਜੋ ਮਨਾਉਣ ਦੀ ਅਪੀਲ ਕੀਤੀ ਅਤੇ ਆਪਣੇ ਸਾਥੀਆ ਨਾਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਖਾਲਸਾ ਪੰਥ ਦੀ ਚੜਦੀ ਕਲਾ ਦੀ ਅਰਦਾਸ ਕਰਦਿਆ ਗੁਰੂ ਸਾਹਿਬ ਅੱਗੇ ਅਰਦਾਸ ਜੋਦੜੀ ਕੀਤੀ ਕਿ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਤੇ ਗੁਰੂ ਸਾਹਿਬ ਬਲ, ਬੁੱਧੀ ਤੇ ਬੌਧਿਕਤਾ ਬਖਸ਼ਣ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਕੀਤੇ ਗਏ ਕਰੜੇ ਪ੍ਰਬੰਧਾਂ ਕਾਰਨ ਭਾਈ ਬਲਦੇਵ ਸਿੰਘ ਵਡਾਲਾ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਕੜਾਹ ਪ੍ਰਸਾਦਿ ਦੀ ਦੇਗ ਭੇਂਟ ਕਰਦਿਆ ਜਦੋ ਮੌਕੇ ਤੇ ਬੈਠੇ ਗਰੰਥੀਆ ਤੇ ਅਰਦਾਸੀਏ ਨੂੰ ਪੰਥ ਦੀ ਚੜਦੀ ਕਲਾ ਦੀ ਬੇਨਤੀ ਕਰਦਿਆ ਕਿਹਾ ਕਿ ਉਹ ਵਿਸਾਖੀ ਨੂੰ ਖਾਲਸਾ ਸਾਜਨਾ ਦਿਵਸ ਵਜੋ ਮਨਾਉਣ ਦੀ ਅਰਦਾਸ ਕਰਨ ਤਾਂ ਅਰਦਾਸੀਏ ਸਿੰਘ ਨੇ ਇਨਕਾਰ ਕਰ ਦਿੱਤਾ ਕਿ ਉਹਨਾਂ ਨੂੰ ਅਰਦਾਸ ਕਰਨ ਦਾ ਦਫਤਰ ਵੱਲੋ ਹੁਕਮ ਨਹੀ ਹੈ। ਇਸ ਸਮੇਂ ਜਦੋਂ ਸਾਰੀ ਸੰਗਤ ਬੈਠ ਕੇ ਅਨੰਦ ਸਾਹਿਬ ਦਾ ਪਾਠ ਕਰਨ ਲੱਗ ਪਈ ਤਾਂ ਉਥੋ ਵੀ ਸ਼੍ਰੋਮਣੀ ਕਮੇਟੀ ਦੇ ਲੱਠਮਾਰਾਂ ਨੇ ਸੰਗਤ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਸੰਗਤਾਂ ਨੇ ਇਸ ਦੀ ਕੋਈ ਪ੍ਰਵਾਹ ਨਾ ਕੀਤੀ ਤੇ ਪਾਠ ਮੁਕੰਮਲ ਕੀਤਾ। ਸ਼੍ਰੋਮਣੀ ਕਮੇਟੀ ਦੇ ਮੁਲਾਜਮਾਂ ਵੱਲੋ ਅਰਦਾਸ ਨਾ ਕਰਨ ਉਪਰੰਤ ਦਮਦਮੀ ਟਕਸਾਲ ਦੇ ਵਿਦਿਆਰਥੀ ਭਾਈ ਰਣਜੀਤ ਸਿੰਘ ਨੇ ਅਰਦਾਸ ਕੀਤੀ ਪਰ ਸ਼੍ਰੋਮਣੀ ਕਮੇਟੀ ਵੱਲੋ ਕੋਈ ਸਹਿਯੋਗ ਨਾ ਮਿਲਣਾ ਸਾਬਤ ਕਰਦਾ ਸੀ ਕਿ ਉਹ ਵਿਸਾਖੀ ਮਨਾਉਣ ਵਿੱਚ ਹੀ ਯਕੀਨ ਰੱਖਦੇ ਹਨ ਅਤੇ ਖਾਲਸਾ ਸਾਜਨਾ ਦਿਵਸ ਦਾ ਦਿਹਾੜਾ ਮਨਾਉਣ ਵਿੱਚ ਕੋਈ ਦਿਲਚਸਪੀ ਨਹੀ ਹੈ। ਸ਼੍ਰੋਮਣੀ ਕਮੇਟੀ ਵੱਲੋ ਤਾਂ ਸ੍ਰੀ ਦਰਬਾਰ ਸਾਹਿਬ ਦੀਆ ਪਰਕਰਮਾ ਵਿੱਚ ਵਿਸਾਖੀ ਦਾ ਦਿਹਾੜਾ 13 ਅਪ੍ਰੈਲ ਨੂੰ ਇੱਕ ਬੋਰਡ ਵੀ ਲਗਾ ਕੇ ਰੱਖਿਆ ਹੋਇਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਗੁਰਦੁਆਰਾ ਸੁਧਾਰ ਲਹਿਰ ਦੀ ਚਲਾਈ ਮੁਹਿੰਮ ਤਹਿਤ ਬੀਤੇ ਸਾਲ 22 ਮਾਰਚ ਨੂੰ ਫੈਸਲਾ ਕੀਤਾ ਗਿਆ ਸੀ ਕਿ ਵਿਸਾਖੀ ਦਾ ਦਿਹਾੜਾ ਖਾਲਸਾ ਪੰਥ ਦੇ ਸਿਰਜਣਾ ਦਿਵਸ ਵਜੋ ਮਨਾਇਆ ਜਾਵੇਗਾ ਤੇ ਉਸ ਲੜੀ ਨੂੰ ਅੱਗੇ ਤੋਰਦਿਆ ਹੀ ਇਸ ਵਾਰੀ ਵੀ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਵਿਸਾਖੀ ਦਾ ਦਿਹਾੜਾ ‘ਖਾਲਸਾ ਸਿਰਜਣਾ ਦਿਵਸ’ ਬਨਾਮ ‘ਖਾਲਸੇ ਡੇ’ ਵਜੋ ਮਨਾਉਣ। ਉਹਨਾਂ ਕਿਹਾ ਕਿ ਜਲਦੀ ਹੀ ਖਾਲਸਾ ਪੰਥ ਸ੍ਰੀ ਅਨੰਦ ਪੁਰ ਸਾਹਿਬ ਵਿਖੇ ਹਰ ਖਾਲਸਾ ਸਿਰਜਣਾ ਦਿਵਸ ਤੇ ਇੱਕ ਵੱਡਾ ਸਮਾਗਮ ਵੀ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਉਹ ਸੰਗਤਾਂ ਨੂੰ ਅਪੀਲ ਕਰਦੇ ਹਨ ਕਿ ਇਸ ਦਿਨ ਕੇਸਰੀ ਦਸਤਾਰਾਂ ਸਜਾਉਣ ਤੇ ਨੀਲੇ ਬਸਤਰ ਪਹਿਨ ਤੇ ਗੁਰੂ ਘਰਾਂ ਵਿੱਚ ਨਤਮਸਤਕ ਹੋਣ ਅਤੇ ਬੀਬੀਆ ਵੀ ਕੇਸਰੀ ਦਪੁੱਟੇ ਲੈਣ। ਉਹਨਾਂ ਕਿਹਾ ਕਿ ਉਹਨਾਂ ਦੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਰਾਸ਼ਟਰਪਤੀ ਦੇ ਵਾਈਟ ਹਾਊਸ ਦੇ ਬਾਹਰ ਵਿਸਾਖੀ ਦਾ ਦਿਹਾੜਾ ਨਹੀ ਸਗੋ ਖਾਲਸਾ ਡੇ ਵਜੋਂ ਮਨਾਇਆ ਜਾਣਾ ਚਾਹੀਦਾ ਹੈ।
ਨਾਨਕਸ਼ਾਹੀ ਕੈਲੰਡਰ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਵਿਸਾਖੀ ਦਾ ਤਿਉਹਾਰ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 14 ਅਪ੍ਰੈਲ ਨੂੰ ਹੈ ਪਰ ਸ਼੍ਰੋਮਣੀ ਕਮੇਟੀ 13 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਵੇਲੇ ਉਹ ਬੋਰੀ ਤੇ ਬੈਠੇ ਹਨ ਅਤੇ ਜਿਸ ਦਿਨ ਸੰਗਤਾਂ ਗੁਰੂ ਘਰਾਂ ਦੀ ਸੇਵਾ ਬਖਸ਼ਣਗੀਆ ਉਸ ਦਿਨ ਤਰੀਕਾਂ ਦਾ ਫੈਸਲਾ ਕਰ ਲਿਆ ਜਾਵੇਗਾ ਕਿ ਕੈਲੰਡਰ ਕਿਹੜਾ ਪ੍ਰਵਾਨ ਕਰਨਾ ਹੈ। ਉਹਨਾਂ ਕਿਹਾ ਕਿ ਸਮਾਂ ਬਹੁਤੀ ਦੂਰ ਨਹੀ ਸਗੋ ਬਹੁਤ ਨੇੜੇ ਹੈ ਜਦੋਂ ਮਹੰਤਗਿਰੀ ਦਾ ਖਾਤਮਾ ਹੋ ਜਾਵੇਗਾ ਤੇ ਪੰਥਗਿਰੀ ਕੋਲ ਗੁਰੂ ਘਰਾਂ ਦਾ ਪ੍ਰਬੰਧ ਆ ਜਾਵੇਗਾ। ਉਹਨਾਂ ਕਿਹਾ ਕਿ ਹਾਲੇ ਪੰਥ ਖਾਲਸਾ ਅਜਾਦ ਨਹੀ ਹੈ ਜਦੋ ਅਜਾਦ ਹੋਵੇਗਾ ਤਾਂ ਉਸ ਦਿਨ ਸਾਰੇ ਮਸਲੇ ਹੱਲ ਹੋ ਜਾਣਗੇ।
ਇਸ ਸਮੇਂ ਉਹਨਾਂ ਦੇ ਨਾਲ ਭਾਈ ਰਣਜੀਤ ਸਿੰਘ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਭਿੰਡਰਾਂਵਾਲੇ, ਸਤਵਿੰਦਰ ਸਿੰਘ ਆਜ਼ਾਦ ਮੋਗਾ, ਗੁਰਵਿੰਦਰ ਸਿੰਘ ਪੱਡਾ ਘੁਮਾਣ, ਸੁਖਪ੍ਰੀਤ ਸਿੰਘ ਢਾਡੀ, ਭਪਿੰਦਰ ਸਿੰਘ ਪਾਰਸਮਨੀ, ਬਾਬਾ ਰਾਜਨ ਸਿੰਘ ਜਾਗੋਸ਼ਹੀਦ, ਭਾਈ ਕੁਲਦੀਪ ਸਿੰਘ ਅਟਾਰੀ, ਭਾਈ ਮਨਦੀਪ ਸਿੰਘ ਮੁਰੀਦ, ਮਲਕੀਤ ਸਿੰਘ ਮਣਾਵਾ, ਇਕਬਾਲ ਸਿੰਘ ਮਣਾਵਾ, ਬੀਬੀ ਮਨਜੀਤ ਕੌਰ, ਮਾਤਾ ਗੁਰਦੇਵ ਕੌਰ, ਬੀਬੀ ਨਵਨਜੀਤ ਕੌਰ, ਮੇਜਰ ਸਿੰਘ, ਭਾਈ ਸੇਵਾ ਸਿੰਘ, ਭਾਈ ਗਗਨਪ੍ਰੀਤ ਸਿੰਘ, ਭਾਈ ਗੁਰਤੇਜ ਸਿੰਘ, ਭਾਈ ਦਿਲਪ੍ਰੀਤ ਸਿੰਘ, ਭਾਈ ਪਲਵਿੰਦਰ ਸਿੰਘ, ਭਾਈ ਪੂਰਨ ਸਿੰਘ ਜੋੜਾ ਘਰ, ਵੈਦ ਸੁਖਦੇਵ ਸਿੰਘ, ਭਾਈ ਗੁਰਚੇਤਨ ਸਿੰਘ ਭੋਗਪੁਰ, ਗਿਆਨੀ ਜੀ ਟਾਂਗਰਾ ਢਾਬੇ ਵਾਲੇ, ਗੁਰਪ੍ਰੀਤ ਸਿੰਘ ਕਪੂਰਥਲਾ, ਕੰਵਲਪ੍ਰੀਤ ਸਿੰਘ ਛੇਹਰਟਾ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਹਾਜਰ ਸਨ।

