ਪੰਜਾਬ

ਹਰਜੀਤ ਸੱਜਣ ਪ੍ਰਤੀ ਛੋਟਾਪਣ ਅਤੇ ਵੈਰ-ਭਾਵ ਨਾ ਵਿਖਾਏ ਕੈਪਟਨ: ਸੁਖਬੀਰ

ਕਿਹਾ ਕਿ ਅਮਰਿੰਦਰ ਇੱਕ ਨਿੱਜੀ ਘਟਨਾ ਨੂੰ ਤੂਲ ਦੇ ਕੇ ਆਪਣੀ ਫੈਸਲੇ ਲੈਣ ਦੀ ਸੋਝੀ ਨਸ਼ਟ ਨਾ ਕਰੇ
ਕਿਹਾ ਕਿ ਪੰਜਾਬੀਆਂ ਨੂੰ ਸੱਜਣ ਉੱਤੇ ਮਾਣ ਹੈ। ਉਸ ਦਾ ਨਿਰਾਦਰ ਨਹੀਂ ਹੋਣਾ ਚਾਹੀਦਾ
ਚੰਡੀਗੜ੍ਹ 13 ਅਪ੍ਰੈਲ (ਮਧੂਸਾਰ ਬਿਊਰੋ)
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਇੱਕ ਬਾਹਰਲੇ ੁਮੁਲਕ ਦੇ ਰੱਖਿਆ ਮੰਤਰੀ ਪ੍ਰਤੀ ਛੋਟਾਪਣ ਅਤੇ ਵੈਰ-ਭਾਵ ਨਾ ਵਿਖਾਏ ਅਤੇ ਉਸ ਨੂੰ ਇੰਨੀ ਇੱਜ਼ਤ ਦੇਵੇ, ਜਿਸ ਦਾ ਉਹ ਹੱਕਦਾਰ ਹੈ।

ਕੈਨੇਡਾ ਦੇ ਰੱਖਿਆ ਮੰਤਰੀ ਦੇ ਬਾਰੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਗੈਰ-ਜਿੰਮੇਵਾਰਾਨਾ ਬਿਆਨ ਉੱਤੇ ਪ੍ਰਤੀਕਰਮ ਜ਼ਾਹਿਰ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਮਰਿੰਦਰ ਨੂੰ ਆਪਣੀ ਕਿਸੇ ਨਿੱਜੀ ਘਟਨਾ ਨੂੰ ਇੰਨੀ ਤੂਲ ਨਹੀਂ ਸੀ ਦੇਣੀ ਚਾਹੀਦੀ ਕਿ ਉਸ ਦੀ ਫੈਸਲੇ ਲੈਣ ਦੀ ਸੋਝੀ ਨਸ਼ਟ ਹੋ ਜਾਵੇ। ਉਹਨਾਂ ਕਿਹਾ ਕਿ ਅਮਰਿੰਦਰ ਨੂੰ ਸੱਜਣ ਅਤੇ ਕੈਨੇਡੀਅਨ ਸੰਸਦ ਵਿਚ ਦੂਜੇ ਪੰਜਾਬੀ ਨੁੰਮਾਇਦਿਆਂ ਬਾਰੇ ਗਲਤ ਬਿਆਨਬਾਜ਼ੀ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦੁਨੀਆਂ ਵਿਚ ਵਸਦੇ ਸਾਰੇ ਪੰਜਾਬੀਆਂ ਨੂੰ ਕੈਨੇਡਾ ਦੀ ਸੰਸਦ ਵਿਚ ਚੁਣੇ ਗਏ ਪੰਜਾਬੀ ਨੁੰਮਾਇਦਿਆਂ 1ੁੱਤੇ ਫਖਰ ਹੈ। ਹਰਜੀਤ ਸੱਜਣ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਲਈ ਇੱਕ ਮਿਸਾਲ ਹਨ। ਉਹਨਾਂ ਦਾ ਕਿਸੇ ਵੀ ਰੂਪ ਵਿਚ ਨਿਰਾਦਰ ਨਹੀਂ ਹੋਣਾ ਚਾਹੀਦਾ।
ਸ਼ ਬਾਦਲ ਨੇ ਕਿਹਾ ਕਿ ਅਜਿਹੇ ਗਲਤ ਸਟੈਂਡ ਲੈਣ ਦੇ ਪੰਜਾਬ ਲਈ ਮਾੜੇ ਨਤੀਜੇ ਨਿਕਲ ਸਕਦੇ ਹਨ ਅਤੇ ਕੈਨੇਡਾ ਨਾਲ ਵਪਾਰਕ ਅਤੇ ਦੋਪਾਸੀਂ ਰਿਸ਼ਤਿਆਂ ਵਿਚ ਦਰਾੜ ਆ ਸਕਦੀ ਹੈ। ਇਸ ਤੋਂ ਇਲਾਵਾ ਸੀਨੀਅਰ ਸਿਆਸੀ ਆਗੂਆਂ ਵੱਲੋਂ ਅਜਿਹਾ ਵੈਰ-ਭਾਵ ਦਿਖਾਉਣਾ ਕੋਈ ਸਿਹਤਮੰਦ ਰੁਝਾਣ ਨਹੀਂ ਹੈ। ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਬਕ ਸਿੱਖਿਆ ਜਾ ਸਕਦਾ ਹੈ। ਉਹਨਾਂ ਨੂੰ ਅਮਰੀਕਾ ਨੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਪਰ ਅਜਿਹਾ ਹੋਣ ਮਗਰੋਂ ਸ੍ਰੀ ਮੋਦੀ ਨੇ ਅਮਰੀਕਾ ਵਿਰੁੱਧ ਕੋਈ ਨਫਰਤ ਦੀ ਭਾਵਨਾ ਨਹੀਂ ਸੀ ਪਾਲੀ। ਇਸ ਦੇ ਉਲਟ ਸ੍ਰੀ ਮੋਦੀ ਅਮਰੀਕਾ ਅਤੇ ਭਾਰਤ ਵਿਚਕਾਰ ਸੰਬੰਧ ਨੂੰ ਸੁਖਾਂਵੇਂ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਉਹਨਾਂ ਨੇ ਕਿਹਾ ਕਿ ਅਮਰਿੰਦਰ ਨੂੰ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ। ਕੈਪਟਨ ਨੂੰ ਸਿਆਸੀ ਸਮਝਦਾਰੀ ਵਿਖਾਉਂਦੇ ਹੋਏ ਆਪਣੇ ਅਹੁਦੇ ਦੀ ਵਰਤੋਂ ਕੈਨੇਡਾ ਨਾਲ ਸੰਬੰਧ ਸੁਧਾਰਨ ਲਈ ਕਰਨੀ ਚਾਹੀਦੀ ਹੈ, ਨਾ ਕਿ ਖਰਾਬ ਕਰਨ ਲਈ ।ਜਦੋਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਸ਼ ਸੱਜਣ ਨੂੰ ਬਣਦਾ ਸਤਿਕਾਰ ਦੇ ਰਹੀਆਂ ਹਨ ਤਾਂ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਨੂੰ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ। ਸ਼ ਸੱਜਣ ਨੂੰ ਪੰਜਾਬ ਦੀ ਧਰਤੀ ਉੱਤੇ ਘੱਟੋ ਘੱਟ ਇੰਨਾ ਸਨਮਾਨ ਤਾਂ ਮਿਲਣਾ ਚਾਹੀਦਾ ਹੈ।
ਸ਼ ਬਾਦਲ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਅਕਾਲੀ-ਭਾਜਪਾ ਸਰਕਾਰ ਦੌਰਾਨ ਕੈਨੇਡਾ ਤੋਂ ਕਿੰਨੇ ਹੀ ਪੰਜਾਬੀ ਮੰਤਰੀਆਂ ਨੇ ਪੰਜਾਬ ਦੇ ਦੌਰੇ ਕੀਤੇ ਸਨ। ਉਹਨਾਂ ਕਿਹਾ ਕਿ ਅਸੀਂ ਆਉਣ ਵਾਲੀਆ ਹਸਤੀਆਂ ਨੂੰ ਹਮੇਸ਼ਾਂ ਬਣਦਾ ਮਾਣ-ਸਤਿਕਾਰ ਦਿੰਦੇ ਸਾਂ। ਇੰਨਾ ਹੀ ਨਹੀ, ਪਰਵਾਸੀਆਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਸੱਦੇ ਜਾਂਦੇ ਪਰਵਾਸੀ ਸੰਮੇਲਨਾਂ ਵਿਚ ਹਰ ਮੁਲਕ ਅੰਦਰ ਚੁਣੇ ਗਏ ਪੰਜਾਬੀ ਨੁੰਮਾਇਦਿਆਂ ਨੂੰ ਸੱਦਦੇ ਸਾਂ।

Leave a Reply

Your email address will not be published. Required fields are marked *