ਘਰ ‘ਚ ਅੱਗ ਲੱਗਣ ਨਾਲ ਗੈਸ ਸਿਲੰਡਰ ਫਟੇ, ਤਿੰਨ ਫਾਇਰ ਬ੍ਰਿਗੇਡ ਮੁਲਾਜ਼ਮ ਝੁਲਸੇ
ਪਟਿਆਲਾ 14 ਅਪ੍ਰੈਲ (ਮਧੂਸਾਰ ਬਿਊਰੋ)
ਸ਼ਹਿਰ ਦੀ ਗੁਰੂ ਨਾਨਕ ਗਲੀ ਵਿਖੇ ਇਕ ਘਰ ‘ਚ ਅੱਗ ਲੱਗਣ ਕਾਰਨ ਗੈਸ ਸਿਲੰਡਰ ਫੱਟ ਜਾਣ ਨਾਲ ਅੱਗ ਬੁਝਾਉਣ ਆਏ ਤਿੰਨ ਫਾਇਰ ਬ੍ਰਿਗੇਡ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ। ਇਸ ਹਾਦਸੇ ਦੌਰਾਨ ਅੱਗ ਲੱਗਣ ਨਾਲ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ, ਪ੍ਰੰਤੂ ਵੱਡਾ ਹਾਦਸਾ ਹੋਣਾ ਟਲ ਗਿਆ ਹੈ। ਹਾਦਸੇ ਦੌਰਾਨ ਘਰ ‘ਚ ਰਹਿਣ ਵਾਲੇ ਕਿਸੇ ਵੀ ਜੀਅ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਰਾਜਿੰਦਰਾ ਹਸਪਤਾਲ ‘ਚ ਦਾਖਲ ਇਲਾਜ ਅਧੀਨ ਜ਼ਖ਼ਮੀ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਘਰ ‘ਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਦੋਂ ਉਨ੍ਹਾਂ ਘਟਨਾ ਸਥਾਨ ‘ਤੇ ਜਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ‘ਚ ਲੱਗੇ ਹੋਏ ਸਨ ਤਾਂ ਘਰ ‘ਚ ਮੌਜੂਦ ਪਏ ਸਿਲੰਡਰ ਫਟ ਗਏ, ਜਿਨ੍ਹਾਂ ਦੀ ਗਿਣਤੀ ਚਾਰ ਦੇ ਕਰੀਬ ਦੱਸੀ ਜਾ ਰਹੀ ਹੈ।
ਹਾਦਸੇ ‘ਚ ਜ਼ਖ਼ਮੀ ਹੋਏ ਫਾਇਰ ਬ੍ਰਿਗੇਡ ਮੁਲਾਜ਼ਮਾਂ ‘ਚ ਲੀਡਿੰਗ ਫਾਇਰ ਅਫਸਰ ਅਮਰਜੀਤ ਸਿਘ ਪੁੱਤਰ ਧਰਮੋਕ ਸਿੰਘ (55) ਘੇਰ ਸੋਢੀਆਂ, ਮਦਨ ਗੋਪਾਲ ਪੁੱਤਰ ਕਿਸ਼ੋਰ ਲਾਲ (50) ਨਾਭਾ ਗੇਟ ਅਤੇ ਰਾਜਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਘੁਲਾੜ ਗੇਟ ਨਾਭਾ ਗੰਭੀਰ ਰੂਪ ‘ਚ ਜ਼ਖਮੀ ਹੋਏ, ਜਿਨ੍ਹਾਂ ਨੂੰ ਇੰਦਰ ਸਿੰਘ ਸਹਿਗਲ ਨੇ ਆਸ-ਪਾਸ ਇਕੱਤਰ ਹੋਏ ਲੋਕਾਂ ਦੀ ਸਹਾਇਤਾ ਨਾਲ ਰਾਜਿੰਦਰਾ ਹਸਪਤਾਲ ਪਹੁੰਚਾਇਆ, ਜਿਥੇ ਇਲਾਜ ਅਧੀਨ ਅਮਰਜੀਤ ਸਿੰਘ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਘਰ ‘ਚ ਇਹ ਹਾਦਸਾ ਵਾਪਰਿਆ ਉਸ ਸਮੇਂ ਘਰ ਦਾ ਮਾਲਕ ਇੰਦਰਜੀਤ ਸਿੰਘ ਭੱਲਾ ਹੋਮਗਾਰਡ ਵੂਮੈਨ ਸੈਲ ਪਟਿਆਲਾ ਵਿਖੇ ਡਿਊਟੀ ਕਰ ਰਿਹਾ ਸੀ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਘਰ ‘ਚ ਜਦੋਂ ਅੱਗ ਲੱਗੀ ਤਾਂ ਆਪਣੀ ਜਾਨ ਦੀ ਬਾਜ਼ੀ ਲਗਾਉਂਦਿਆਂ ਅਵਤਾਰ ਸਿੰਘ ਨੇ ਘਰ ‘ਚ ਮੌਜੂਦ ਸਾਰੇ ਜੀਆਂ ਜਿਨ੍ਹਾਂ ‘ਚ ਇੰਦਰਜੀਤ ਸਿੰਘ ਭੱਲਾ ਦੀ ਪਤਨੀ ਪੂਜਾ, ਪੁੱਤਰ ਵਿਪਨ, ਵਿਨੀ, ਬਾਸੂ (ਦੋਹਤਰਾ) ਤੋਂ ਇਲਾਵਾ ਪੂਜਾ ਦੀ ਲੜਕੀ ਜੋਤੀ ਅਤੇ ਉਸ ਦੇ ਬੱਚੇ ਸੈਫੀ ਅਤੇ ਅਰਸ਼ਿਤ ਨੂੰ ਬਾਹਰ ਕੱਢਿਆ। ਦੂਜੇ ਪਾਸੇ ਰਾਜਿੰਦਰਾ ਹਸਪਤਾਲ ‘ਚ ਇਲਾਜ ਅਧੀਨ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਉਹ ਘਟਨਾ ਸਥਾਨ ‘ਤੇ ਪਹੁੰਚੇ, ਜਿਥੇ ਘਰ ਦੇ ਬਾਹਰ ਤਾਲਾ ਲੱਗਿਆ ਹੋਇਆ ਸੀ ਅਤੇ ਜਦੋਂ ਉਨ੍ਹਾਂ ਘਰ ‘ਚ ਦਾਖਲ ਹੋ ਕੇ ਅੱਗ ਬੁਝਾਉਣੀ ਚਾਹੀ ਤਾਂ ਘਰ ‘ਚ ਪਏ ਗੈਸ ਸਿਲੰਡਰ ਫਟ ਗਏ।
ਘਟਨਾ ਸਥਾਨ ‘ਤੇ ਨਗਰ ਨਿਗਮ ਦੇ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਅਤੇ ਡੀਐਸਪੀ ਹੰਸ ਰਾਜ ਜੋਸ਼ਨ ਪੁਲਿਸ ਅਧਿਕਾਰੀਆਂ ਨਾਲ ਘਟਨਾ ਸਥਾਨ ‘ਤੇ ਪਹੁੰਚੇ, ਜਿਨਾਂ ਹਾਦਸਾ ਵਾਪਰਨ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ੂ ਜਾਂਚ ਦੌਰਾਨ ਘਟਨਾ ਵਾਪਰਨ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਜਦਕਿ ਇਹ ਗੱਲ ਕਹੀ ਜਾ ਰਹੀ ਹੈ ਕਿ ਘਰ ‘ਚ ਅੱਗ ਬਿਜਲੀ ਦੇ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਹੈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਘਰ ‘ਚ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜਾਂਚ ਆਰੰਭ ਦਿੱਤੀ ਹੈ।

