ਨੀਂਹ ਤੇ ਉਦਘਾਟਨੀ ਪੱਥਰਾਂ ‘ਤੇ ਕੋਈ ਨਾਂਅ ਨਹੀਂ ਹੋਵੇਗਾ : ਮੁੱਖ ਮੰਤਰੀ
ਸਾਰੇ ਪ੍ਰਾਜੈਕਟ ਤੇ ਪ੍ਰੋਗਰਾਮ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰਨ ਦੇ ਨਿਰਦੇਸ਼
ਮੰਤਰੀਆਂ, ਵਿਧਾਇਕਾਂ ਤੇ ਸਰਕਾਰੀ ਅਹੁਦੇਦਾਰਾਂ ਨੂੰ ਲੋਕਾਂ ਨਾਲ ਹਲੀਮੀ ਨਾਲ ਪੇਸ਼ ਆਉਣ ਦੀ ਅਪੀਲ
ਚੰਡੀਗੜ੍ਹ, 14 ਅਪ੍ਰੈਲ (ਮਧੂਸਾਰ ਬਿਊਰੋ)
ਸੂਬੇ ਵਿੱਚ ਵੀ.ਆਈ.ਪੀ. ਕਲਚਰ ਨੂੰ ਖਤਮ ਕਰਨ ਵੱਲ ਇਕ ਹੋਰ ਵੱਡਾ ਕਦਮ ਚੁੱਕਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੀਂਹ ਤੇ ਉਦਘਾਟਨੀ ਪੱਥਰਾਂ ‘ਤੇ ਮੰਤਰੀਆਂ ਤੇ ਵਿਧਾਇਕਾਂ ਸਮੇਤ ਕਿਸੇ ਵੀ ਸਰਕਾਰੀ ਅਹੁਦੇਦਾਰ ਦਾ ਨਾਮ ਲਿਖਣ ‘ਤੇ ਰੋਕ ਲਾ ਦਿੱਤੀ ਹੈ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ Îਮੁੱਖ ਮੰਤਰੀ ਨੇ ਖੁਦ ਨੂੰ ਵੀ ਇਨ੍ਹਾਂ ਹੁਕਮਾਂ ਦੇ ਘੇਰੇ ਤੋਂ ਬਾਹਰ ਨਹੀਂ ਰੱਖਿਆ ਜਿਸ ਦਾ ਮਕਸਦ ਵੀ.ਆਈ.ਪੀ. ਸੱਭਿਆਚਾਰ ਦੇ ਅੜਿੱਕੇ ਹਟਾ ਕੇ ਸਰਕਾਰ ਤੇ ਲੋਕਾਂ ਦਰਮਿਆਨ ਮਜ਼ਬੂਤ ਸੰਪਰਕ ਕਾਇਮ ਕਰਨਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਸਾਰੇ ਪ੍ਰਾਜੈਕਟਾਂ ਤੇ ਪ੍ਰੋਗਰਾਮਾਂ ਜਿਨ੍ਹਾਂ ਵਿੱਚੋਂ ਮੁੱਖ ਮੰਤਰੀ, ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਹੋਰ ਅਹੁਦੇਦਾਰਾਂ ਵੱਲੋਂ ਉਦਘਾਟਨ ਕਰ ਵੀ ਦਿੱਤੇ ਗਏ ਹਨ, ਨੂੰ ਹੁਣ ਤੋਂ ਪੰਜਾਬ ਵਾਸੀਆਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ।
ਬੁਲਾਰੇ ਨੇ ਕਿਹਾ ਕਿ ਭਾਵੇਂ ਸਰਕਾਰੀ ਅਹੁਦੇਦਾਰਾਂ ਅਤੇ ਲੀਡਰਾਂ ‘ਤੇ ਕਿਸੇ ਇਮਾਰਤ ਜਾਂ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਜਾਂ ਉਦਘਾਟਨ ਕਰਨ ‘ਤੇ ਕੋਈ ਰੋਕ ਨਹੀਂ ਹੈ ਪਰ ਮੁੱਖ ਮੰਤਰੀ ਦੇ ਹੁਕਮਾਂ ਦੇ ਸੰਦਰਭ ਵਿੱਚ ਅਜਿਹੇ ਪੱਥਰਾਂ ‘ਤੇ ਲੀਡਰਾਂ ਦਾ ਨਾਮ ਲਿਖਣ ਦੀ ਪ੍ਰਥਾ ਨੂੰ ਤੁਰੰਤ ਪ੍ਰਭਾਵ ਨਾਲ ਖਤਮ ਕੀਤਾ ਜਾ ਰਿਹਾ ਹੈ।
ਬੁਲਾਰੇ ਨੇ ਕਿਹਾ ਕਿ ਮੁੱਖ ਮੰਤਰੀ ਨੇ ਕੈਬਨਿਟ ਮੰਤਰੀਆਂ ਅਤੇ ਪਾਰਟੀ ਸਾਥੀਆਂ ਨੂੰ ਲੋਕਾਂ ਨਾਲ ਮਿਲਣ ਮੌਕੇ ਹਲੀਮੀ ਵਰਤਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ,”ਅਸੀਂ ਅੱਜ ਇਸ ਰੁਤਬੇ ‘ਤੇ ਸਿਰਫ ਸੂਬੇ ਦੇ ਲੋਕਾਂ ਦੀ ਬਦੌਲਤ ਹੀ ਹਾਂ ਜਿਸ ਕਰਕੇ ਲੋਕਾਂ ਨਾਲ ਹਮੇਸ਼ਾ ਹੀ ਪੂਰੇ ਇੱਜ਼ਤ-ਮਾਣ ਅਤੇ ਨਿਮਰਤਾ ਨਾਲ ਪੇਸ਼ ਆਉਣਾ ਸਾਡਾ ਫਰਜ਼ ਬਣਦਾ ਹੈ।”
ਸਰਕਾਰ ਬਣਨ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਨੇ ਕਾਂਗਰਸ ਦੇ ਚੋਣ ਮਨੋਰਥ ਪੱਤਰ ‘ਤੇ ਪਹਿਰਾ ਦਿੰਦਿਆਂ ਵਾਹਨਾਂ ਤੋਂ ਲਾਲ ਬੱਤੀ ਹਟਾ ਕੇ ਵੀ.ਆਈ.ਪੀ. ਕਲਚਰ ਦੇ ਖਾਤਮੇ ਲਈ ਆਪਣੀ ਵਚਨਬੱਧਤਾ ਦਾ ਸਬੂਤ ਦਿੱਤਾ ਸੀ। ਚੋਣ ਮਨੋਰਥ ਪੱਤਰ ਵਿੱਚ ਮੁੱਖ ਮੰਤਰੀ ਤੇ ਮੰਤਰੀਆਂ ਨੂੰ ਛੋਟ ਦਿੱਤੀ ਹੋਣ ਦੇ ਬਾਵਜੂਦ ਮੰਤਰੀਆਂ ਨੇ ਵੀ ਮੁੱਖ ਮੰਤਰੀ ਦੇ ਫੈਸਲੇ ਦੀ ਪਾਲਣਾ ਕੀਤੀ ਸੀ।
ਮੁੱਖ ਮੰਤਰੀ ਨੇ ਵੀ.ਆਈ.ਪੀ. ਕਲਚਰ ਨੂੰ ਤਿਆਗÎਣ ਲਈ ਆਪਣੀ ਵਚਨੱਧਤਾ ਨੂੰ ਦੁਹਰਾਉਂਦਿਆਂ ਮੁੰਬਈ ਵਿਖੇ ਵਪਾਰਕ ਦੌਰੇ ਲਈ ਜਾਣ ਮੌਕੇ ਚੰਡੀਗੜ੍ਹ ਹਵਾਈ ਅੱਡੇ ‘ਤੇ ਵਿਸ਼ੇਸ਼ ਵਰਤਾਉ ਹਾਸਲ ਕਰਨ ਦੀ ਬਜਾਏ ਕਤਾਰ ਵਿੱਚ ਖੜ੍ਹ ਕੇ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ।
ਪੰਜਾਬ ਮੰਤਰੀ ਮੰਡਲ ਨੇ ਆਪਣੀ ਪਲੇਠੀ ਮੀਟਿੰਗ ਵਿੱਚ ਹੀ ਲਾਲ ਬੱਤੀ ਹਟਾਉਣ ਸਮੇਤ ਹੋਰ ਕਈ ਫੈਸਲੇ ਪ੍ਰਵਾਨ ਕਰਕੇ ਵੀ.ਆਈ.ਪੀ. ਕਲਚਰ ਦੇ ਖਾਤਮੇ ਦਾ ਮੁੱਢ ਬੰਨ੍ਹ ਦਿੱਤਾ ਸੀ ਕਿਉਂ ਜੋ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਇਹ ਮੁੱਖ ਵਾਅਦਾ ਸੀ।
ਬੁਲਾਰੇ ਨੇ ਦੱਸਿਆ ਕਿ ਕਾਂਗਰਸ ਸਰਕਾਰ ਆਪਣੀ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਇਕ-ਇਕ ਵਾਅਦੇ ਨੂੰ ਤੈਅ ਸਮੇਂ ਵਿੱਚ ਪੂਰਾ ਕਰਨ ਲਈ ਪੂਰਨ ਤੌਰ ‘ਤੇ ਵਚਨਬੱਧ ਹੈ।

