ਪੁਲਿਸ ਅਫਸਰਾਂ ਨੂੰ ਸ਼ਰੇਆਮ ਧਮਕੀ ਦੇਣ ਵਾਲੇ ਸਿੱਕੀ ਖਿਲਾਫ਼ ਮਾਮਲਾ ਦਰਜ ਹੋਵੇ : ਢੀਂਡਸਾ
ਚੰਡੀਗੜ੍ਹ 15 ਅਪ੍ਰੈਲ (ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਨੇ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋਂ ਕਾਂਗਰਸੀ ਵਰਕਰਾਂ ਦੀ ਗੱਲ ਨਾ ਮੰਨਣ ਦੀ ਸੂਰਤ ਵਿਚ ਥਾਣੇਦਾਰਾਂ ਨੂੰ ਸ਼ਰੇਆਮ ਦਿੱਤੀ ਧਮਕੀ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸਿੱਕੀ ਨੇ ਸ਼ੁੱਕਰਵਾਰ ਨੂੰ ਖਡੂਰ ਸਾਹਿਬ ਵਿਖੇ ਇਕ ਜਨਤਕ ਮੀਟਿੰਗ ਦੌਰਾਨ ਡੀਐਸਪੀਜ਼ ਨੂੰ ਇਹ ਹੁਕਮ ਦਿੱਤਾ ਕਿ ਉਹ ਆਪਣੇ ਅਧੀਨ ਕੰਮ ਕਰਦੇ ਸਾਰੇ ਐਸਐਚਓਜ਼ ਨੂੰ ਖਬਰਦਾਰ ਕਰ ਦੇਣ ਕਿ ਕੋਈ ਵੀ ਕਾਂਗਰਸੀ ਵਰਕਰ ਠਾਣਿਆਂ ਵਿਚੋਂ ਨਾਰਾਜ਼ ਹੋ ਕੇ ਨਹੀਂ ਪਰਤਣਾ ਚਾਹੀਦਾ। ਸਿੱਕੀ ਨੇ ਐਸਐਚਓਜ਼ ਨੂੰ ਸ਼ਰੇਆਮ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਮੇਰਾ ਕੋਈ ਸਾਥੀ ਨਾਰਾਜ਼ ਹੋ ਕੇ ਗਿਆ ਤਾਂ ਮੈਂ ਗੱਡੀ ਲੈ ਕੇ ਥਾਣੇ ਪਹੁੰਚ ਜਾਵਾਂਗਾ। ਫਿਰ ਇਹ ਨਾ ਹੋਵੇ ਕਿ ਜਿਸ ਨੇ ਲੰਮਾ ਪਾਉਣਾ ਏ, ਉਸ ਦਾ ਪਹਿਲਾਂ ਆਪਣਾ ਹੀ ਨੰਬਰ ਲੱਗ ਜਾਵੇ।
ਸ਼ ਢੀਂਡਸਾ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਖਿਲਾਫ ਇੱਕ ਸਰਕਾਰੀ ਅਧਿਕਾਰੀ ਨੂੰ ਧਮਕਾਉਣ ਅਤੇ ਉਸ ਨੂੰ ਨਿਰਪੱਖ ਢੰਗ ਨਾਲ ਆਪਣੀ ਡਿਊਟੀ ਕਰਨ ਤੋਂ ਰੋਕਣ ਲਈ ਕਾਨੂੰਨ ਦੀ ਢੁੱਕਵੀਂ ਧਾਰਾ ਤਹਿਤ ਤੁਰੰਤ ਕੇਸ ਦਰਜ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਾਂਗਰਸ ਵੱਲੋ ਚੰਡੀਗੜ੍ਹ ਤੋਂ ਜਾਰੀ ਕੀਤੇ ਜਾਂਦੇ ਬਿਆਨਾਂ ਅਤੇ ਕਾਂਗਰਸੀਆਂ ਦੁਆਰਾ ਫੀਲਡ ‘ਚ ਕੀਤੀਆਂ ਜਾ ਰਹੀਆਂ ਕਾਰਵਾਈਆਂ ਵਿਚਕਾਰ ਕੋਈ ਤਾਲਮੇਲ ਨਹੀਂ ਹੈ। ਉਹਨਾਂ ਕਿਹਾ ਕਿ ਚੰਡੀਗੜ੍ਹ ਤੋਂ ਬਹੁਤ ਹੀ ਉੱਚੇ ਆਦਰਸ਼ਾਂ ਨੂੰ ਪ੍ਰਣਾਏ ਪ੍ਰੈਸ ਬਿਆਨ ਜਾਰੀ ਕੀਤੇ ਜਾ ਰਹੇ ਹਨ, ਪਰ ਫੀਲਡ ਵਿਚ ਕਾਂਗਰਸੀਆਂ ਨੇ ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਰੱਖੀਆਂ ਹਨ। ਬੀਤੇ ਦਿਨੀਂ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਜਾਤੀਆਂ ਦੀ ਭਲਾਈ ਵਾਲੇ ਮੰਤਰਾਲੇ ਦੇ ਮੰਤਰੀ ਸ਼ ਸਾਧੂ ਸਿੰਘ ਧਰਮਸੋਤ ਨਾਭਾ ਵਿਖੇ ਇੱਕ ਸਕੂਲ ਇਮਾਰਤ ਦਾ ਉਦਘਾਟਨ ਕਰਦੇ ਸਮੇਂ ਇਸ ਗੱਲ ਉੱਤੇ ਨਾਰਾਜ਼ ਹੋ ਗਏ ਸਨ ਕਿ ਨੀਂਹ ਪੱਥਰ ਉੱਤੇ ਉਹਨਾਂ ਦਾ ਨਾਂ ਸਭ ਤੋਂ ਪਹਿਲੀ ਕਤਾਰ ਵਿਚ ਕਿਉਂ ਨਹੀਂ ਲਿਖਿਆ ਗਿਆ। ਇਸ ਮੌਕੇ ਉਹਨਾਂ ਨੇ ਸਕੂਲ ਪ੍ਰਿੰਸੀਪਲ ਨਾਲ ਸਾਰੇ ਲੋਕਾਂ ਦੇ ਸਾਹਮਣੇ ਬਦਤਮੀਜ਼ੀ ਕੀਤੀ ਅਤੇ ਦਬਕੇ ਮਾਰੇ। ਅੱਜ ਸਿੱਕੀ ਉਹਨਾਂ ਪੁਲਿਸ ਅਧਿਕਾਰੀਆਂ ਦੀਆਂ ਨੌਕਰੀਆਂ ਖੋਹਣ ਦੀ ਧਮਕੀ ਦੇ ਰਿਹਾ ਹੈ, ਜਿਹਨਾਂ ਨੇ ਕਾਂਗਰਸੀ ਵਰਕਰਾਂ ਦੀ ਗੱਲ ਨਾ ਮੰਨੀ ਅਤੇ ਅਕਾਲੀਆਂ ਖਿਲਾਫ ਝੂਠੇ ਪਰਚੇ ਦਰਜ ਨਾ ਕੀਤੇ।
ਸ਼ ਢੀਂਡਸਾ ਨੇ ਕਿਹਾ ਕਿ ਪੁਲਿਸ ਨੂੰ ਆਪਣੇ ਸਿਆਸੀ ਵਿਰੋਧੀਆਂ ਖਿਲਾਫ ਬਦਲਾਖੋਰੀ ਦੀ ਸਿਆਸਤ ਵਾਸਤੇ ਇੱਕ ਸਾਧਨ ਵਜੋਂ ਇਸਤੇਮਾਲ ਕਰਨਾ ਕਾਂਗਰਸ ਦੀ ਨੀਤੀ ਹੈ ਅਤੇ ਸਿੱਕੀ ਇਸੇ ਨੀਤੀ ਉੱਤੇ ਚੱਲ ਰਿਹਾ ਹੈ। ਇਸੇ ਬਦਲਾਖੋਰੀ ਦੀ ਸਿਆਸਤ ਦਾ ਸਬੂਤ ਕੁੱਝ ਦਿਨ ਪਹਿਲਾਂ ਵੀ ਵੇਖਣ ਨੂੰ ਮਿਲਿਆ ਸੀ, ਜਦੋਂ ਪੰਜ ਮੈਂਬਰਾਂ ਦੀ ਇੱਕ ਪੁਲਿਸ ਪਾਰਟੀ ਨੇ ਇੱਕ ਅਕਾਲੀ ਵਰਕਰ ਦਾ ਕਤਲ ਕਰ ਦਿੱਤਾ ਸੀ। ਉਸ ਬਜ਼ੁਰਗ ਅਕਾਲੀ ਵਰਕਰ ਨੂੰ ਇਸ ਲਈ ਬੇਰਹਮੀ ਨਾਲ ਕੁੱਟਿਆ ਗਿਆ, ਕਿਉਂਕਿ ਪੁਲਿਸ ਨੂੰ ਛਾਪੇ ਦੌਰਾਨ ਉਸ ਦੇ ਘਰ ਵਿਚੋ ਨਾਜਾਇਜ਼ ਸ਼ਰਾਬ ਨਹੀਂ ਸੀ ਲੱਭੀ। ਹੁਣ ਸਾਨੂੰ ਇਸ ਦਾ ਸਪੱਸ਼ਟ ਸਬੂਤ ਮਿਲ ਗਿਆ ਹੈ ਕਿ ਕਾਂਗਰਸੀ ਵਿਧਾਇਕ ਅਕਾਲੀਆਂ ਨੂੰ ਦਬਕਾਉਣ ਅਤੇ ਉਹਨਾਂ ਖਿਲਾਫ ਝੂਠੇ ਪਰਚੇ ਦਰਜ ਕਰਵਾਉਣ ਲਈ ਪੁਲਿਸ ਦਾ ਇਸਤੇਮਾਲ ਕਰਨਾ ਚਾਹੁੰਦੇ ਹਨ।
ਲਹਿਰਾ ਗਾਗਾ ਵਿਧਾਇਕ ਨੇ ਕਿਹਾ ਕਿ ਕਾਂਗਰਸੀਆਂ ਵੱਲੋਂ ਅਕਾਲੀ ਵਰਕਰਾਂ ਖਿਲਾਫ ਯੋਜਨਾਬੱਧ ਤਰੀਕੇ ਨਾਲ ਚਲਾਈ ਗਈ ਅਜਿਹੀ ਬਦਲਾਖੋਰੀ ਨੂੰ ਅਕਾਲੀ ਦਲ ਚੁੱਪਚਾਪ ਬਰਦਾਸ਼ਤ ਨਹੀਂ ਕਰੇਗਾ। ਪਾਰਟੀ ਇਸ ਦੇ ਖਿਲਾਫ ਇੱਕ ਜਨ ਅੰਦੋਲਨ ਸ਼ੁਰੂ ਕਰੇਗੀ ਅਤੇ ਬਦਲਾਖੋਰੀ ਦੇ ਸਾਰੇ ਮਾਮਲਿਆਂ ਦਾ ਇੱਕਜੁਟ ਹੋ ਕੇ ਸਾਹਮਣਾ ਕੀਤਾ ਜਾਵੇਗਾ।

