ਪੰਜਾਬ ਸਰਕਾਰ ਵੱਲੋਂ ਆਜ਼ਾਦੀ ਘੁਲਾਟੀਆਂ ਨੂੰ ਰਾਜ ਮਾਰਗਾਂ ‘ਤੇ ਟੋਲ ਟੈਕਸ ਤੋਂ ਛੋਟ
ਲੋਕ ਨਿਰਮਾਣ ਵਿਭਾਗ ਵੱਲੋਂ ਆਜ਼ਾਦੀ ਘੁਲਾਟੀਆਂ ਅਤੇ ਪੱਤਰਕਾਰਾਂ ਲਈ ਰਸਮੀ ਨੋਟੀਫਿਕੇਸ਼ਨ ਜਾਰੀ
ਚੰਡੀਗੜ੍ਹ, 16 ਅਪ੍ਰੈਲ (ਮਧੂਸਾਰ ਬਿਊਰੋ)
ਪੱਤਰਕਾਰਾਂ ਨੂੰ ਰਾਜ ਮਾਰਗਾਂ ਤੋਂ ਟੋਲ ਟੈਕਸ ਦੀ ਛੋਟ ਦੇਣ ਦੇ ਐਲਾਨ ਤੋਂ ਇਕ ਦਿਨ ਬਾਅਦ ਪੰਜਾਬ ਸਰਕਾਰ ਨੇ ਆਪਣੇ ਚੋਣ ਵਾਅਦੇ ਅਨੁਸਾਰ ਆਜ਼ਾਦੀ ਘੁਲਾਟੀਆਂ ਨੂੰ ਵੀ ਰਾਜ ਮਾਰਗਾਂ ‘ਤੇ ਟੋਲ ਟੈਕਸ ਤੋਂ ਛੋਟ ਦੇਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਬਾਰੇ ਫੈਸਲਾ ਲੈਣ ਤੋਂ ਬਾਅਦ ਪੱਤਰਕਾਰਾਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਛੋਟ ਦੇਣ ਸਬੰਧੀ ਨੋਟੀਫਿਕੇਸ਼ਨ ਲੋਕ ਨਿਰਮਾਣ ਵਿਭਾਗ ਨੇ ਜਾਰੀ ਕਰ ਦਿੱਤਾ ਹੈ। ਇਸ ਨੋਟੀਫਿਕੇਸ਼ਨ ਨਾਲ ਇਹ ਫੈਸਲੇ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਿਆ ਹੈ।
ਪੱਤਰਕਾਰਾਂ ਨੂੰ ਰਾਜ ਮਾਰਗਾਂ ‘ਤੇ ਟੋਲ ਟੈਕਸ ਤੋਂ ਛੋਟ ਦੇਣ ਦਾ ਐਲਾਨ ਸਰਕਾਰ ਵੱਲੋਂ ਸ਼ਨਿਚਰਵਾਰ ਨੂੰ ਕੀਤਾ ਗਿਆ ਸੀ ਜੋ ਕਿ ਕਾਂਗਰਸ ਦੇ ਚੋਣ ਮੈਨੀਫੈਸਟੋ ਵਿੱਚ ਇਕ ਪ੍ਰਮੁੱਖ ਵਾਅਦਾ ਸੀ। ਇਸ ਦਾ ਉਦੇਸ਼ ਪੱਤਰਕਾਰਾਂ ਨੂੰ ਆਜ਼ਾਦ ਤੇ ਨਿਰਪੱਖ ਤਰੀਕੇ ਨਾਲ ਆਪਣੇ ਕੰਮਕਾਜ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਵਧੀਆ ਮਾਹੌਲ ਮੁਹੱਈਆ ਕਰਵਾਉਣਾ ਹੈ।
ਐਤਵਾਰ ਨੂੰ ਜਾਰੀ ਕੀਤੇ ਗਏ ਰਸਮੀ ਨੋਟੀਫਿਕੇਸ਼ਨਾਂ ਮੁਤਾਬਕ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਸਰਟੀਫਿਕੇਟ ਧਾਰਕ ਸਾਰੇ ਆਜ਼ਾਦੀ ਘੁਲਾਟੀਆਂ ਨੂੰ ਸੂਬਾਈ ਮਾਰਗਾਂ ‘ਤੇ ਟੋਲ ਟੈਕਸ ਤੋਂ ਛੋਟ ਹੋਵੇਗੀ। ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਨੇ ਪ੍ਰਮਾਣਿਕ (ਐਕਰੀਡੇਟਡ) ਪੱਤਰਕਾਰਾਂ ਜਾਂ ਪੀਲੇ ਸ਼ਨਾਖਤੀ ਕਾਰਡ ਵਾਲੇ ਪੱਤਰਕਾਰਾਂ ਨੂੰ ਇਹ ਛੋਟ ਦੇ ਦਿੱਤੀ ਹੈ। ਇਹ ਨੋਟੀਫਿਕੇਸ਼ਨ ਪੰਜਾਬ ਮਕੈਨੀਕਲ ਵਹੀਕਲਜ਼ (ਬਰਿਜਜ਼ ਐਂਡ ਰੋਡਜ਼ ਟੋਲਜ਼) ਐਕਟ, 1998 ਦੇ ਹੇਠ ਜਾਰੀ ਕੀਤਾ ਗਿਆ ਹੈ।
ਬੁਲਾਰੇ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਆਜ਼ਾਦੀ ਘੁਲਾਟੀਆਂ ਨੂੰ ਆਪਣੇ ਚੋਣ ਮੈਨੀਫੈਸਟੋ ਅਨੁਸਾਰ ਇਹ ਛੋਟ ਦਿੱਤੀ ਹੈ ਜਿਨ੍ਹਾਂ ਆਜ਼ਾਦੀ ਘੁਲਾਟੀਆਂ ਨੇ ਆਪਣਾ ਯੋਗਦਾਨ ਦੇ ਕੇ ਸੂਬੇ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਜ਼ਾਦੀ ਘੁਲਾਟੀਆਂ ਦੀ ਭਲਾਈ ਲਈ ਆਪਣੇ ਹੋਰ ਵਾਅਦੇ ਵੀ ਲਾਗੂ ਕਰੇਗੀ।

