ਖ਼ਾਲਸਾ ਕਾਲਜ ਪਟਿਆਲਾ ਵਲੋਂ ਆਪਣੀ ਸਾਬਕਾ ਵਿਦਿਆਰਥਣ ਅਫਸ਼ਾਨਾ ਬਾਦਲ ਅਤੇ ਖ਼ੁਦਾ ਬਖਸ਼ ਸਨਮਾਨਿਤ
ਪਟਿਆਲਾ 17 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਖ਼ਾਲਸਾ ਕਾਲਜ ਪਟਿਆਲਾ ਦੀ ਬਹੁਤ ਦੀ ਹੋਣਹਾਰ ਵਿਦਿਆਰਥਣ ਅਫਸ਼ਾਨਾ ਬਾਦਲ ਨੂੰ ‘ ਦਿ ਰਾਇਜਿੰਗ ਸਟਾਰ’ ਮੁਕਾਬਲੇ ਵਿਚ ਸਤਵਾਂ ਸਥਾਨ ਹਾਸਿਲ ਕਰਨ ਅਤੇ ਉਸ ਦੇ ਭਰਾ ਖ਼ੁਦਾ ਬਖਸ਼ ਨੂੰ ਇੰਡੀਅਨ ਆਈਡਲ ਦੇ ਫਸਟ ਰਨਰ ਅੱਪ ਬਣਨ ‘ਤੇ ਕਾਲਜ ਵਲੋਂ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਗ੍ਰੈਜੂਏਸ਼ਨ ਦੌਰਾਨ ਅਫਸ਼ਾਨਾ ਬਾਦਲ ਨੇ ਜੋਨਲ, ਇੰਟਰ ਜੋਨਲ ਮੁਕਾਬਲਿਆਂ ਦੌਰਾਨ ਕਾਲਜ ਲਈ ਕਈ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਹਨ।
ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਇਸ ਸਨਮਾਨ ਸਮਾਰੋਹ ਦੌਰਾਨ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਕਿਸੇ ਵੀ ਸੰਸਥਾਂ ਲਈ ਇਹ ਮਾਣ ਵਾਲੀ ਗੱਲ ਹੁੰਦੀ ਹੈ ਕਿ ਉਸਦੇ ਵਿਦਿਆਰਥੀ ਤਰੱਕੀ ਹਾਸਿਲ ਕਰਨ। ਉਹਨਾਂ ਅਫਸ਼ਾਨਾ ਬਾਦਲ ਅਤੇ ਖ਼ੁਦਾ ਬਖਸ਼ ਨੂੰ ਸੰਬੋਧਿਤ ਹੁੰਦਿਆ ਕਿਹਾ ਕਿ ਰੂਹ ਦੀ ਖੁਰਾਕ ਨਾਲ ਜੁੜੇ ਸੰਗੀਤ ਦੇ ਖੇਤਰ ਵਿਚ ਹਾਸਿਲ ਕੀਤੀ ਸ਼ੋਭਾ ਅਤੇ ਪ੍ਰਸੰਸਾ ਦੀ ਖੁਸ਼ੀ ਹੀ ਉਹਨਾਂ ਦੀ ਅਸਲੀ ਕਮਾਈ ਹੈ। ਡਾ. ਉੱਭਾ ਨੇ ਅਫਸ਼ਾਨਾ ਬਾਦਲ ਅਤੇ ਖ਼ੁਦਾ ਬਖਸ਼ ਨੁੰ ਪ੍ਰਾਪਤ ਸਥਾਨ ‘ਤੇ ਟਿਕੇ ਰਹਿਣ ਲਈ ਹੋਰ ਮਿਹਨਤ ਕਰਨ ਅਤੇ ਜ਼ਿੰਮੇਵਾਰ ਬਣਨ ਦੀ ਤਾਕੀਦ ਵੀ ਕੀਤੀ।
ਪੋਸਟ ਗ੍ਰੈਜੂਏਟ ਸੰਗੀਤ ਗਾਇਨ ਵਿਭਾਗ ਦੇ ਮੁਖੀ ਡਾ. ਜਗਜੀਤ ਸਿੰਘ ਨੇ ਆਪਣੀ ਵਿਦਿਆਰਥਣ ਅਫਸ਼ਾਨਾ ਬਾਦਲ ਦੀ ਕਾਮਯਾਬੀ ‘ਤੇ ਫਖ਼ਰ ਮਹਿਸੂਸ ਕਰਦਿਆਂ ਕਿਹਾ ਕਿ ਰਾਸ਼ਟਰੀ ਪੱਧਰ ਦੇ ਮੁਕਾਬਲੇ ਵਿਚ ਪਹੁੰਚਣਾ ਅਤੇ ਵਧੀਆ ਕਲਾ ਦਾ ਮੁਜ਼ਾਹਰਾ ਕਰਨਾ ਹੀ ਉਹਨਾਂ ਦੀ ਵੱਡੀ ਕਾਮਯਾਬੀ ਹੈ। ਉਹਨਾਂ ਦੋਹਾਂ ਭੈਣ-ਭਰਾਵਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਕਿ ਆਉਣ ਵਾਲੇ ਸਮੇਂ ਵਿਚ ਉਹ ਸੰਗੀਤ ਦੇ ਅਕਾਸ਼ ਵਿਚ ਧਰੂ ਤਾਰੇ ਵਾਂਗ ਚਮਕਣਗੇ।
ਕਾਲਜ ਦੇ ਡੀਨ ਸਭਿਆਚਾਰਕ ਗਤੀਵਿਧੀਆਂ ਡਾ. ਹਰਵਿੰਦਰ ਕੌਰ ਨੇ ਅਫਸ਼ਾਨਾ ਬਾਦਲ ਅਤੇ ਖ਼ੁਦਾ ਬਖਸ਼ ਨੂੰ ਮੁਬਾਰਕਬਾਦ ਦਿੱਤੀ। ਉਹਨਾਂ ਨੇ ਅਫਸ਼ਾਨਾ ਬਾਦਲ ਨਾਲ ਸਬੰਧਿਤ ਯਾਦਾਂ ਸਾਂਝੀਆਂ ਕੀਤੀਆਂ ਅਤੇ ਸੁਨਹਿਰੀ ਭਵਿੱਖ ਦੀਆਂ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ।
ਇਸ ਮੌਕੇ ਖ਼ੁਦਾ ਬਖਸ਼ ਨੇ ਆਪਣੇ ‘ਇੰਡੀਅਨ ਆਈਡਲ’ ਵਿਚ ਚੁਣੇ ਜਾਣ ਅਤੇ ਇਸ ਮੁਕਾਮ ‘ਤੇ ਪਹੁੰਚਣ ਤੱਕ ਦੇ ਸੰਘਰਸ਼ ਨੂੰ ਬਿਆਨ ਕੀਤਾ। ਉਹਨਾਂ ਬਾਲੀਵੁੱਡ ਵਿਚ ਸਥਾਪਿਤ ਹੋਣ ਦੇ ਆਪਣੇ ਸੁਪਨੇ ਨੂੰ ਵੀ ਜਾਹਿਰ ਕੀਤਾ। ਅਫਸ਼ਾਨਾਂ ਬਾਦਲ ਨੇ ਇਕ ਵਿਦਿਆਰਥੀ ਵੱਜੋਂ ਕਾਲਜ ਨਾਲ ਸਬੰਧਿਤ ਯਾਦਾਂ ਤਾਜਾ ਕਰਦਿਆਂ ਕਾਲਜ ਪ੍ਰਿੰਸੀਪਲ ਅਤੇ ਅਧਿਆਪਕਾਂ ਵਲੋਂ ਦਿੱਤੇ ਪਿਆਰ ਅਤੇ ਗਿਆਨ ਲਈ ਧੰਨਵਾਦ ਕੀਤਾ। ਅਫਸ਼ਾਨਾ ਬਾਦਲ ਅਤੇ ਖ਼ੁਦਾ ਬਖਸ਼ ਨੇ ਇਸ ਮੌਕੇ ਗੀਤਾਂ ਦੀ ਪੇਸ਼ਕਾਰੀ ਵੀ ਕੀਤੀ। ਪ੍ਰੋ. ਜਸਪ੍ਰੀਤ ਕੌਰ ਨੇ ਬਾਖੂਬੀ ਮੰਚ ਦਾ ਸੰਚਾਲਨ ਕੀਤਾ। ਇਸ ਮੌਕੇ ਅਫਸ਼ਾਨਾ ਬਾਦਲ ਅਤੇ ਖ਼ੁਦਾ ਬਖਸ਼ ਦੇ ਪਰਿਵਾਰਕ ਮੈਂਬਰ, ਕਾਲਜ ਦਾ ਸਾਰਾ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਹਾਜ਼ਰ ਸਨ।

