ਪੰਜਾਬ

ਕਾਂਗਰਸ ਸਰਕਾਰ ਵੱਲੋਂ ਆਪਣੇ ਬੰਦਿਆਂ ਨੂੰ ਬਦਲਾਖੋਰੀ ਲਈ ਹਰੀ ਝੰਡੀ : ਸੁਖਬੀਰ

ਕਿਹਾ ਕਿ ਪੰਜਾਬ ਕਾਂਗਰਸ ਵੱਲੋਂ ਢਾਹੇ ਜਾ ਰਹੇ ਅੱਤਿਆਚਾਰਾਂ ‘ਚ ਪੁਲਿਸ ਵੀ ਨਾਲ ਰਲੀ
ਮਾਨਸਾ ਜ਼ਿਲ੍ਹੇ ਵਿਚ ਅਕਾਲੀ ਦਲ ਦੇ ਸਰਪੰਚ ਦੇ ਪੁੱਤਰ ਦੇ ਕਤਲ ਲਈ ਜ਼ਿੰਮੇਵਾਰ ਸਾਰੇ ਕਾਂਗਰਸੀ ਆਗੂਆਂ ਖਿਲਾਫ ਕੇਸ ਦਰਜ ਕਰਨ ਦੀ ਕੀਤੀ ਮੰਗ
ਚੰਡੀਗੜ੍ਹ/21 ਅਪ੍ਰੈਲ/ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਅਕਾਲੀ ਵਰਕਰਾਂ ਉੱਤੇ ਕੀਤੇ ਜਾ ਰਹੇ ਹਮਲਿਆਂ ਦੀਆਂ ਘਟਨਾਵਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਸਰਕਾਰ ਨੇ ਆਪਣੇ ਬੰਦਿਆਂ ਨੂੰ ਬਦਲਾਖੋਰੀ ਦੀ ਸਿਆਸਤ ਕਰਨ ਵਾਸਤੇ ਹਰੀ ਝੰਡੀ ਵਿਖਾ ਦਿੱਤੀ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬਾਦਲ ਨੇ ਕਿਹਾ ਕਿ ਇਹ ਵੀ ਲੱਗਦਾ ਹੈ ਕਿ ਪੰਜਾਬ ਕਾਂਗਰਸ ਦੁਆਰਾ ਕੀਤੇ ਜਾ ਰਹੇ ਅੱਤਿਆਚਾਰਾਂ ਵਿਚ ਪੁਲਿਸ ਵੀ ਪੂਰਾ ਸਹਿਯੋਗ ਦੇ ਰਹੀ ਹੈ। ਉਹਨਾਂ ਕਿਹਾ ਕਿ ਅਕਾਲੀ ਵਰਕਰਾਂ ਉੱਤੇ ਕਾਤਲਾਨਾ ਹਮਲੇ ਇਸ ਤਰ੍ਹਾਂ ਬੇਰੋਕ ਜਾਰੀ ਰਹਿਣ ਪਿੱਛੇ ਹੋਰ ਤਾਂ ਕੋਈ ਵਜ੍ਹਾ ਨਹੀ ਦਿਸਦੀ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਵਰਕਰਾਂ ਉੱਤੇ ਢਾਹੇ ਜਾ ਰਹੇ ਅੱਤਿਆਚਾਰਾਂ ਪ੍ਰਤੀ ਕਾਂਗਰਸ ਸਰਕਾਰ ਦਾ ਇੱਕੋ ਤਰ੍ਹਾਂ ਦਾ ਹੁੰਗਾਰਾ ਹੁੰਦਾ ਹੈ। ਸਰਕਾਰ ਹਰ ਵਾਰ ਸਿਰਫ ਸ਼ਬਦੀ ਹਮਦਰਦੀ ਜਾਹਿਰ ਕਰਦੀ ਹੈ ਅਤੇ ਪ੍ਰਸਾਸ਼ਨ ਨੂੰ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ ਕਹਿੰਦੀ ਹੈ। ਇਸ ਦੇ ਬਾਵਜੂਦ ਇਹ ਹਮਲੇ ਰੁਕ ਨਹੀਂ ਰਹੇ ਹਨ। ਇਸ ਤੋਂ ਸਪੱਸ਼ਟ ਹੈ ਕਿ ਕਾਂਗਰਸੀ ਵਰਕਰ ਅੰਦਰੋ ਇਹ ਗੱਲ ਜਾਣਦੇ ਹਨ ਕਿ ਸਰਕਾਰ ਦਾ ਅਜਿਹੀਆਂ ਬਦਲੇਖੋਰੀ ਦੀਆਂ ਘਟਨਾਵਾਂ ਨੂੰ ਰੋਕਣ ਦਾ ਕੋਈ ਇਰਾਦਾ ਨਹੀ ਹੈ ਅਤੇ ਉਹ ਮਰਜ਼ੀ ਨਾਲ ਅਕਾਲੀ ਵਰਕਰਾਂ ਉੱਤੇ ਹਮਲੇ ਕਰ ਰਹੇ ਹਨ।
ਸ਼ੁੱਕਰਵਾਰ ਨੂੰ ਮਾਨਸਾ ਜ਼ਿਲ੍ਹੇ ਵਿਚ ਅਕਾਲੀ ਦਲ ਦੇ ਸਰਪੰਚ ਦੇ ਮੁੰਡੇ ਉੱਤੇ ਹੋਏ ਹਮਲੇ, ਜਿਸ ਵਿਚ ਅਕਾਲੀ ਆਗੂ ਦੇ ਮੁੰਡੇ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ, ਬਾਰੇ ਬੋਲਦਿਆਂ ਸ਼ ਬਾਦਲ ਨੇ ਕਿਹਾ ਕਿ ਜ਼ਿਲ੍ਹਾ ਕਾਗਰਸ ਕਮੇਟੀ ਦੇ ਪ੍ਰਧਾਨ ਬਿਕਰਮਜੀਤ ਸਿੰਘ ਮੋਫਰ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਪੀੜਤ ਵੱਲੋਂ ਬਿਆਨ ਦਿੱਤਾ ਜਾ ਚੁੱਕਾ ਹੈ ਕਿ ਇਸ ਸਾਰੀ ਘਟਨਾ ਪਿੱਛੇ ਮੋਫਰ ਦਾ ਹੱਥ ਹੈ, ਪਰ ਇਸ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਇਸ ਨੌਜਵਾਨ ਦੀ ਜਾਨ ਲੈਣ ਲਈ ਜਿੰਥਮੇਵਾਰ ਸਾਰੇ ਕਾਂਗਰਸੀਆਂ ਖਿਲਾਫ ਕੇਸ ਦਰਜ ਕਰਕੇ ਉਹਨਾਂ ਨੂੰ ਤੁਰੰਤ ਗਿਰਫਤਾਰ ਕੀਤੇ ਜਾਣ ਦੀ ਮੰਗ ਕੀਤੀ।
ਸ਼ ਬਾਦਲ ਨੇ ਕਿਹਾ ਕਿ ਚੋਣਾਂ ਤੋਂ ਤੁਰੰਤ ਬਾਅਦ ਹੀ ਕਾਂਗਰਸੀ ਵਰਕਰਾਂ ਨੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਸਨ। ਇੱਕ ਕਾਂਗਰਸੀ ਵਰਕਰ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਹਲਕੇ ਵਿਚ ਅਕਾਲੀ ਆਗੂ ਗੁਰਬਚਨ ਸਿੰਘ ਖਾਲਸਾ ਨੂੰ ਗੋਲੀ ਮਾਰ ਕੇ ਕਤਲ ਕਰਨ ਤੋਂ ਪਹਿਲਾਂ ਉਸ ਨੂੰ ਲਾਊਡ ਸਪੀਕਰ ਉੱਤੇ ਧਮਕੀਆਂ ਦਿੱਤੀਆਂ ਸਨ। ਸ਼ ਬਾਦਲ ਨੇ ਕਿਹਾ ਕਿ ਇੱਕ ਹੋਰ ਮਾਮਲੇ ਵਿਚ ਕਾਂਗਰਸੀਆਂ ਦੁਆਰਾ ਭੇਜੀ ਲੰਬੀ ਪੁਲਿਸ ਨੇ ਇੱਕ ਬਜ਼ੁਰਗ ਅਕਾਲੀ ਵਰਕਰ ਗੁਰਦੇਵ ਸਿੰਘ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਹ ਮੌਕੇ ‘ਤੇ ਹੀ ਦਮ ਤੋੜ ਗਿਆ। ਉਹਨਾਂ ਕਿਹਾ ਕਿ ਅਜਿਹੇ ਹੋਰ ਵੀ ਬਹੁਤ ਸਾਰੇ ਮਾਮਲੇ ਹਨ, ਜਿਹੜੇ ਸੂਬੇ ਦੇ ਵੱਖ ਵੱਖ ਹਿੱਸਿਆਂ ਵਿਚ ਵਾਪਰੇ ਹਨ। ਸਾਡੇ ਦਲਿਤ ਆਗੂਆਂ ਨੂੰ ਵੀ ਵੱਡੀ ਪੱਧਰ ਉੱਤੇ ਹਮਲਿਆਂ ਦਾ ਸ਼ਿਕਾਰ ਬਣਾਇਆ ਗਿਆ ਹੈ। ਮਜੀਠਿਆ ਵਿਚ ਇੱਕ ਦਲਿਤ ਔਰਤ ਕੌਂਸਲਰ ਦੇ ਪਰਿਵਾਰ ਨੂੰ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਾਰਟੀ ਕਾਂਗਰਸੀ ਵਰਕਰਾਂ ਵੱਲੋਂ ਬਦਲੇਖੋਰੀ ਦੀ ਸਿਆਸਤ ਅਧੀਨ ਕੀਤੇ ਗਏ ਹਮਲਿਆਂ ਦੇ ਸਾਰੇ ਮਾਮਲਿਆਂ ਨੂੰ ਉਠਾਏਗੀ। ਅਸੀਂ ਇਹਨਾਂ ਸਾਰੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੋਂ ਇਲਾਵਾ ਉਹਨਾਂ ਸਾਰੇ ਅਧਿਕਾਰੀਆਂ ਖਿਲਾਫ ਵੀ ਅਦਾਲਤ ਵਿਚ ਜਾਵਾਂਗੇ , ਜਿਹਨਾਂ ਨੇ ਦੋਸ਼ੀਆਂ ਦੀ ਮਦਦ ਕੀਤੀ ਹੈ। ਉਹਨਾਂ ਸਾਰੇ ਅਕਾਲੀ ਵਰਕਰਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਕਾਂਗਰਸ ਦੀ ਬਦਲੇਖੋਰੀ ਦੀ ਸਿਆਸਤ ਨੂੰ ਨਾਕਾਮ ਬਣਾਉਣ ਲਈ ਜ਼ਿਲ੍ਹਾ ਅਤੇ ਬਲਾਕ ਪੱਧਰ ਉੱਤੇ ਰੋਸ ਮੁਜ਼ਾਹਰੇ ਕਰਨ।

Leave a Reply

Your email address will not be published. Required fields are marked *