ਨਸ਼ਾ ਮੁਹਿੰਮ ਨੂੰ ਸਫਲਤਾ, 27 ਪੇਟੀਆਂ ਦੇਸੀ ਸ਼ਰਾਬ ਸਣੇ ਦੋਸ਼ੀ ਕਾਬੂ
ਪਟਿਆਲਾ 2 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਮਹਿੰਮ ਨੂੰ ਉਸ ਸਮੇਂ ਹੋਰ ਸਫਲਤਾ ਮਿਲੀ, ਜਦੋਂ ਡੀ.ਜੀ.ਪੀ. ਪੰਜਾਬ ਆਈ.ਜੀ. ਪਟਿਆਲਾ ਅਤੇ ਐਸ.ਐਸ.ਪੀ.ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਥਾਣਾ ਅਰਬਨ ਅਸਟੇਟ ਫੇਜ-2 ਦੇ ਇੰਚਾਰਜ ਹਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ‘ਚ ਏ.ਐਸ.ਆਈ. ਭੁਪਿੰਦਰ ਸਿੰਘ ਨੇ ਪੁਲਿਸ ਪਾਰਟੀ ਨੇ ਸਾਧੂ ਬੇਲਾ ਰੋਡ ‘ਤੇ ਨਾਕਾਬੰਦੀ ਦੌਰਾਨ ਸ਼ਰਾਬ ਦੀ ਸਪਲਾਈ ਕਰਨ ਜਾ ਰਹੇ ਇਕ ਵਿਅਕਤੀ ਤੋਂ 27 ਪੇਟੀਆਂ ਦੇਸੀ ਸ਼ਰਾਬ ਬਰਾਮਦ ਕਰਨ ‘ਚ ਵੱਡੀ ਸਫਲਤਾ ਹਾਸਲ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਇੰਚਾਰਜ ਹਰਜਿੰਦਰ ਸਿੰਘ ਢਿੱਲੋਂ ਅਤੇ ਏ.ਐਸ.ਆਈ. ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਾਸ ਮੁਖਬਰੀ ਮਿਲਣ ‘ਤੇ ਅਰਬਨ ਅਸਟੇਟ ਮੋੜ ਚਿਨਾਰ ਬਾਗ ਰੋਡ ‘ਤੇ ਨਾਕਾਬੰਦੀ ਕੀਤੀ ਹੋਈ ਸੀ ਅਤੇ ਜਦੋਂ ਚੈਕਿੰਗ ਦੌਰਾਨ ਕਾਰ ਨੰਬਰ ਪੀ.ਬੀ. 11 ਬੀ.ਡੀ.0624 ਨੂੰ ਰੋਕਿਆ ਗਿਆ। ਤਲਾਸ਼ੀ ਦੌਰਾਨ ਗੱਡੀ ‘ਚੋਂ 27 ਪੇਟੀਆਂ ਗੱਤਾ ਸ਼ਰਾਬ ਦੀਆਂ ਮਾਰਕਾ (ਸੰਤਰਾ) ਬ੍ਰਾਮਦ ਕੀਤੀ ਗਈ। ਪੁਲਿਸ ਨੇ ਦੋਸ਼ੀ ਉਮੇਸ਼ ਕੁਮਾਰ ਉਰਫ ਸੋਨੂੰ ਪੁੱਤਰ ਅਨਿਲ ਕੁਮਾਰ ਵਾਸੀ ਮਕਾਨ ਨੰਬਰ 58 ਪੀਰ ਕਾਲੌਨੀ ਬਹਾਦਰਗੜ੍ਹ ਪਟਿਆਲਾ ਨੂੰ ਗ੍ਰਿਫਤਾਰ ਕੀਤਾ। ਪੁੱਛਗਿਛ ਦੌਰਾਨ ਦੋਸ਼ੀ ਨੇ ਪੁਲਿਸ ਕੋਲ ਮੰਨਿਆ ਕਿ ਉਸ ਖਿਲਾਫ ਥਾਣਾ ਸਨੌਰ ਵਿਖੇ ਪਹਿਲਾ ਵੀ ਮਾਮਲਾ ਦਰਜ ਹੈ। ਦੋਸ਼ੀ ਨੇ ਇਹ ਵੀ ਮੰਨਿਆ ਕਿ ਉਹ ਚੰਡੀਗੜ੍ਹ ਤੇ ਹਰਿਆਣਾ ਤੋਂ ਸਸਤੀ ਸ਼ਰਾਬ ਖਰੀਦੇ ਕੇ ਪਟਿਆਲਾ ‘ਚ ਵੇਚਦਾ ਸੀ। ਪੁਲਿਸ ਨੇ ਦੋਸ਼ੀ ਖਿਲਾਫ ਮੁਕੱਦਮਾ ਨੰਬਰ 87 ਮਿਤੀ 2-5-2017 ਅ/ਪ 61/114 ਐਕਸਾਈਜ ਐਕਟ ਤਹਿਤ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਇਸ ਮੌਕੇ ਥਾਣਾ ਇੰਚਾਰਜ ਹਰਜਿੰਦਰ ਸਿੰਘ ਢਿੱਲੋਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ‘ਚੋਂ ਨਸ਼ੇ ਦੇ ਖਾਤੇ ਲਈ ਬੇਹੱਦ ਗੰਭੀਰ ਹੈ, ਜਿਸ ਤਹਿਤ ਸਮਾਜ ‘ਚੋਂ ਨਸ਼ੇ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਨਸ਼ੇ ਦਾ ਧੰਦਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਸਫਲ ਬਣਾਉਣ ਲਈ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗਾ।

