ਪੰਜਾਬਪਟਿਆਲਾ

ਢੋਆ-ਢੋਆਈ ਨੂੰ ਲੈ ਕੇ ਟਰੱਕ ਯੂਨੀਅਨ ‘ਚ ਨੀਟਾ ਅਤੇ ਕੁੱਲੇਮਾਜਰਾ ਧੜਾ ਆਹਮੋ ਸਾਹਮਣੇ

ਟਰੱਕ ਓਪਰੇਟਰਾਂ ਨੇ ਠੇਕੇਦਾਰ ਖਿਲਾਫ਼ ਮੋਰਚਾ ਖੋਲ੍ਹਦਿਆਂ ਕੀਤੀ ਨਾਅਰੇਬਾਜ਼ੀ
ਪਟਿਆਲਾ 4 ਮਈ (ਕੰਵਰ ਬੇਦੀ)
ਪਟਿਆਲਾ ਟਰੱਕ ਯੂਨੀਅਨ ‘ਚ ਉਸ ਸਮੇਂ ਮਾਹੌਲ ਤਣਾਅਮਈ ਬਣ ਗਿਆ, ਜਦੋਂ ਫਤਹਿਪੁਰ ਤੋਂ ਸਪੈਸ਼ਲ ਤੱਕ ਹੋਣ ਵਾਲੀ ਢੋਆ-ਢੁਆਈ ਨੂੰ ਲੈ ਕੇ ਟਰੱਕ ਯੂਨੀਅਨ ਦੇ ਪ੍ਰਧਾਨ ਹਰਵਿੰਦਰ ਸਿੰਘ ਨੀਟਾ ਅਤੇ ਵਿਰੋਧੀ ਧਿਰ ਦੇ ਆਗੂ ਪਾਲ ਸਿੰਘ ਕੁੱਲੇਮਾਜਰਾ ਆਹਮੋ-ਸਾਹਮਣੇ ਹੋ ਗਏ।

ਦੋਵੇਂ ਧਿਰਾਂ ‘ਚ ਲੜਾਈ ਵਰਗਾ ਮਾਹੌਲ ਬਣਨ ਜਾਣ ਮਗਰੋਂ ਇਸ ਸਬੰਧੀ ਸੂਚਨਾ, ਜਦੋਂ ਥਾਣਾ ਕੋਤਵਾਲੀ ਪੁਲਿਸ ਨੂੰ ਮਿਲੀ ਤਾਂ ਥਾਣਾ ਇੰਚਾਰਜ ਰਾਹੁਲ ਕੌਸ਼ਲ ਭਾਰੀ ਪੁਲਿਸ ਫੋਰਸ ਨਾਲ ਟਰੱਕ ਯੂਨੀਅਨ ਪਹੁੰਚੇ, ਜਿਨ੍ਹਾਂ ਨੇ ਦੋਵੇਂ ਧਿਰਾਂ ‘ਚ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਦੋਵੇਂ ਧਿਰਾਂ ਆਪੋ-ਆਪਣੀ ਗੱਲ ਨੂੰ ਲੈ ਕੇ ਅੜੀਆਂ ਰਹੀਆਂ।
ਜਾਣਕਾਰੀ ਮੁਤਾਬਕ ਢੋਆ-ਢੋਆਈ ਨੂੰ ਲੈ ਕੇ ਐਫ.ਸੀ.ਆਈ ਦੇ ਟੈਂਡਰ ਇਸ ਵਾਰ ਬਾਹਰਲੇ ਵਿਅਕਤੀ ਅੰਗਰੇਜ਼ ਸਿੰਘ ਨੇ ਪ੍ਰਾਪਤ ਕੀਤੇ ਹਨ। ਟੈਂਡਰਾਂ ਮੁਤਾਬਕ ਫਤਹਿਪੁਰ ਤੋਂ ਸਪੈਸ਼ਲ ਲੋਡ ਤੱਕ ਸਰਕਾਰੀ ਰੇਟ ਮੁਤਾਬਕ 7600 ਰੁਪਏ ਨਿਰਧਾਰਿਤ ਕੀਤਾ ਗਿਆ, ਪ੍ਰੰਤੂ ਠੇਕੇਦਾਰ ਟਰੱਕ ਓਪਰੇਟਰਾਂ ਨੂੰ 6600 ਰੁਪਏ ਦੇਣਾ ਚਾਹੁੰਦਾ ਹੈ, ਜਿਸ ਦਾ ਵਿਰੋਧ ਟਰੱਕ ਓਪਰੇਟਰਾਂ ਨੇ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਤਰ੍ਹਾਂ ਆਪਣੀ ਲੁੱਟ ਨਹੀਂ ਹੋਣ ਦੇਵਾਂਗਾ। ਟਰੱਕ ਅਪਰੇਟਰਾਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਦਿਆਂ ਕਈ ਵਾਰ ਪ੍ਰਧਾਨਗੀ ਅਹੁਦੇ ਦੇ ਦਾਅਵੇਦਾਰ ਰਹੇ ਪਾਲ ਸਿੰਘ ਕੁੱਲੇਮਾਜਰਾ ਨੇ ਕਿਹਾ ਕਿ ਠੇਕੇਦਾਰ ਆਪਣੀ ਮਨਮਰਜ਼ੀ ਨਾਲ ਅਦਾਇਗੀ ਟਰੱਕ ਓਪਰੇਟਰਾਂ ‘ਤੇ ਥੋਪਣਾ ਚਾਹੁੰਦਾ ਹੈ। ਕੁੱਲੇਮਾਜਰਾ ਨੇ ਕਿਹਾ ਕਿ ਟਰੱਕ ਓਪਰੇਟਰਾਂ ਦੇ ਪੈਸੇ ‘ਤੇ ਕਿਸੇ ਵੀ ਤਰ੍ਹਾਂ ਦਾ ਡਾਕਾ ਨਹੀਂ ਵੱਜਣ ਦਿੱਤਾ ਜਾਵੇਗਾ।
ਦੂਜੇ ਪਾਸੇ ਟਰੱਕ ਯੂਨੀਅਨ ਦੇ ਪ੍ਰਧਾਨ ਹਰਵਿੰਦਰ ਸਿੰਘ ਨੀਟਾ ਠੇਕੇਦਾਰ ਦੀ ਹਮਾਇਤ ਕਰ ਰਹੇ ਸਨ, ਜਿਨ੍ਹਾਂ ਦਾ ਕਹਿਣਾ ਸੀ ਕਿ ਠੇਕੇਦਾਰ ਵੱਲੋਂ 6600 ਜੋ ਰੇਟ ਢੋਆ-ਢੋਆਈ ਲਈ ਦਿੱਤਾ ਜਾ ਰਿਹਾ ਹੈ ਉਹ ਟਰੱਕ ਓਪਰੇਟਰਾਂ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ, ਜਿਸ ਦਾ ਵਿਰੋਧ ਟਰੱਕ ਓਪਰੇਟਰ ਕਰ ਰਹੇ ਸਨ।
ਪਾਲ ਸਿੰਘ ਕੁੱਲੇਮਾਜਰਾ ਅਤੇ ਟਰੱਕ ਓਪਰੇਟਰਾਂ ਨੇ ਦੋਸ਼ ਲਗਾਇਆ ਕਿ ਯੂਨੀਅਨ ਪ੍ਰਧਾਨ ਠੇਕੇਦਾਰ ਨਾਲ ਮਿਲੀਭੁਗਤ ਕਰਕੇ ਟਰੱਕ ਓਪਰੇਟਰਾਂ ਨੂੰ ਠੱਗਣਾ ਚਾਹੁੰਦਾ ਹੈ।
ਮਾਮਲਾ ਤਣਾਅ ਬਣਦਾ ਵੇਖਕੇ ਪੁਲਿਸ ਨੇ ਮਾਮਲੇ ਨੂੰ ਸ਼ਾਂਤ ਕਰਨ ਲਈ ਯੂਨੀਅਨ ‘ਚ ਹੀ ਟਰੱਕ ਓਪਰੇਟਰਾਂ ਦੀ ਹੱਥ ਖੜੇ ਕਰਵਾਕੇ ਸਰਬਸੰਮਤੀ ਲੈਣੀ ਚਾਹੀ ਕਿ ਉਹ ਕਿਸ ਧਿਰ ਨਾਲ ਹਨ, ਪ੍ਰੰਤੂ ਟਰੱਕ ਓਪਰੇਟਰਾਂ ਨੇ ਹੱਥ ਖੜਕੇ ਪਾਲ ਸਿੰਘ ਕੁੱਲੇਮਾਜਰਾ ਦੇ ਹੱਕ ‘ਚ ਖੜਦਿਆਂ ਕਿਹਾ ਕਿ ਜੋ ਪੈਸਾ ਸਰਕਾਰ ਸਾਨੂੰ ਦੇਣਾ ਚਾਹੁੰਦੀ ਹੈ ਉਸ ਦੀ ਵਿਚੋਲਗੀ ਦੀ ਲੋੜ ਨਹੀਂ ਹੈ। ਹੱਥ ਖੜੇ ਕਰਕੇ ਮੰਗੀ ਸਰਬਸੰਮਤੀ ‘ਚ ਟਰੱਕ ਯੂਨੀਅਨ ਦੇ ਪ੍ਰਧਾਨ ਨੀਟਾ ਦਾ ਦੇ ਹੱਕ ‘ਚ ਤੁਰਨ ਵਾਲੇ ਓਪਰੇਟਰ ਬਹੁਤ ਹੀ ਘੱਟ ਗਿਣਤੀ ਸੀ, ਜਿਸ ਕਾਰਨ ਮਾਮਲਾ ਵਿਵਾਦਗ੍ਰਸਤ ਬਣਿਆ ਤਾਂ ਥਾਣਾ ਕੋਤਵਾਲੀ ਦੇ ਇੰਚਾਰਜ ਰਾਹੁਲ ਕੌਸ਼ਲ ਨੇ ਅਹਿਮ ਰੋਲ ਅਦਾ ਕਰਦਿਆਂ ਕਿਹਾ ਕਿ ਸਰਕਾਰ ਦਾ ਜੋ ਪੈਸਾ ਉਹ ਟਰੱਕ ਓਪਰੇਟਰਾਂ ਨੂੰ ਮਿਲਣਾ ਚਾਹੀਦਾ। ਉਨ੍ਹਾਂ ਤਣਾਅ ਦੇ ਚੱਲਦਿਆਂ ਟਰੱਕ ਯੂਨੀਅਨ ‘ਚ ਅਮਨ ਸ਼ਾਂਤੀ ਨੂੰ ਕਾਇਮ ਰੱਖਦਿਆਂ ਕੋਈ ਵੀ ਅਣਸੁਖਾਵੀਂ ਘਟਨਾ ਨਾ ਹੋਣ ਦਿੱਤੀ ਅਤੇ ਮਾਮਲੇ ਨੂੰ ਹੱਲ ਕਰਨ ਲਈ ਦੋਵੇਂ ਧਿਰਾਂ ਨੂੰ ਨਾਲ ਲੈ ਕੇ ਥਾਣਾ ਕੋਤਵਾਲੀ ਚੱਲੇ ਗਏ, ਪ੍ਰੰਤੂ ਦੇਰ ਰਾਤ ਤੱਕ ਦੋਵੇਂ ਧਿਰਾਂ ਥਾਣੇ ‘ਚ ਆਪੋ-ਆਪਣੀ ਗੱਲ ‘ਤੇ ਬਜ਼ਿੱਦ ਸਨ। ਦੋਵੇਂ ਧਿਰਾਂ ‘ਚ ਸਮਝੌਤਾ ਨਾ ਹੁੰਦਾ ਵੇਖ ਕੇ ਪੁਲਿਸ 751 ਦੀ ਕਾਰਵਾਈ ਨੂੰ ਅਮਲ ‘ਚ ਲਿਆਵੇਗੀ।

Leave a Reply

Your email address will not be published. Required fields are marked *