ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਦਾ ਜਥੇਬੰਦਕ ਢਾਂਚਾ ਭੰਗ
ਇੱਕ ਮਹੀਨੇ ਦੇ ਅੰਦਰ-ਅੰਦਰ ਜਥੇਬੰਦਕ ਢਾਂਚੇ ਦਾ ਪੁਨਰਗਠਨ ਕਰ ਦਿੱਤਾ ਜਾਵੇਗਾ।
ਜਮੀਨੀ ਹਕੀਕਤ ਜਾਣਨ ਲਈ 8 ਸੀਨੀਅਰ ਆਗੂਆਂ ਦੀ ਡਿਊਟੀ ਲੱਗੀ।
ਚੰਡੀਗੜ• 4 ਮਈ (ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜਬੂਤ ਕਰਨ ਅਤੇ ਪਾਰਟੀ ਦੇ ਮਿਹਨਤੀ ਆਗੂਆਂ ਅਤੇ ਵਰਕਰਾਂ ਨੂੰ ਵਧੇਰੀ ਜਿੰਮੇਵਾਰੀ ਦੇਣ ਦੇ ਮਕਸਦ ਨਾਲ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਪੁਨਰ ਗਠਨ ਕਰਨ ਦਾ ਫੈਸਲਾ ਲੈਂਦੇ ਹੋਏ ਪਹਿਲਾਂ ਤੋਂ ਮੌਜ਼ੂਦ ਸਾਰੇ ਜਥੇਬੰਦਕ ਢਾਂਚੇ ਨੂੰ ਭੰਗ ਕਰਨ ਦਾ ਫੈਸਲਾ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਵੱਖ-ਵੱਖ ਪੱਧਰ ਤੇ ਵਿਚਾਰ ਵਟਾਂਦਰੇ ਤੋਂ ਬਾਅਦ ਪਾਰਟੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਇਹ ਮਹਿਸੂਸ ਕੀਤਾ ਹੈ ਕਿ ਆਉਣ ਵਾਲੇ ਸਮੇ ਦੇ ਵਿੱਚ ਪਾਰਟੀ ਨੂੰ ਹੋਰ ਮਜਬੂਤ ਕਰਨ ਹਿਤ ਹੇਠਲੇ ਪੱਧਰ ਤੋਂ ਲੈ ਕੇ ਉਪਰ ਤੱਕ ਨਵੇਂ ਸਿਰੇ ਤੋਂ ਗਠਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਤਬਦੀਲੀ ਵਿੱਚ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇਗਾ ਕਿ ਜਿੱਥੇ ਪਾਰਟੀ ਦੇ ਪੁਰਾਣੇ ਟਕਸਾਲੀ ਅਤੇ ਮਿਹਨਤੀ ਵਰਕਰਾਂ ਨੂੰ ਹੋਰ ਵੱਧ ਸਨਮਾਨ ਦਿੱਤਾ ਜਾਵੇ, ਉਥੇ ਜਿਹਨਾਂ ਨੌਂਜਵਾਨਾ, ਬੀਬੀਆਂ ਅਤੇ ਵੱਖ-ਵੱਖ ਵਰਗਾਂ ਦੇ ਆਗੂਆਂ ਜਿਹਨਾਂ ਨੇ ਪਾਰਟੀ ਦੀ ਹਰ ਮੁਹਿੰਮ ਵਿੱਚ ਵਧ ਚੜ• ਕੇ ਹਿੱਸਾ ਲਿਆ ਹੈ ਉਹਨਾਂ ਨੂੰ ਵੀ ਜਥੇਬੰਦੀ ਵਿੱਚ ਬਣਦੀ ਢੁਕਵੀਂ ਥਾਂ ਦਿੱਤੀ ਜਾਵੇਗੀ।
ਡਾ. ਚੀਮਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਵਲੋਂ ਪਾਰਟੀ ਦੇ ਕੁਝ ਸੀਨੀਅਰ ਆਗੂਆਂ ਦੀਆਂ ਜੋਨ ਬਣਾ ਕੇ ਡਿਊਟੀਆਂ ਲਗਾਈਆ ਜਾ ਰਹੀਆਂ ਹਨ ਜੋ ਇੱਕ ਮਹੀਨੇ ਦੇ ਅੰਦਰ-ਅੰਦਰ ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ ਜਾ ਕੇ ਮੀਟਿੰਗਾ ਕਰਕੇ ਪਾਰਟੀ ਲਈ ਚੰਗਾ ਕੰਮ ਕਰਨ ਵਾਲੇ ਆਗੂਆਂ ਦੀਆਂ ਲਿਸਟਾਂ ਤਿਆਰ ਕਰਨਗੇ ਅਤੇ ਉਹਨਾਂ ਆਗੂਆਂ ਬਾਰੇ ਵੀ ਜਾਂਚ ਕਰਨਗੇ ਜਿਹਨਾਂ ਦੇ ਸਬੰਧ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੇ ਉਮੀਦਵਾਰਾਂ ਦੀ ਵਿਰੋਧਤਾ ਕਰਨ ਦੀਆਂ ਸ਼ਿਕਾਇਤਾਂ ਪੁੱਜੀਆਂ ਹਨ। ਡਾ. ਚੀਮਾ ਨੇ ਕਿਹਾ ਕਿ ਪਾਰਟੀ ਦੇ ਕਿਸੇ ਵੀ ਉਸ ਆਗੂ ਨੂੰ ਪਾਰਟੀ ਦੀ ਜਥੇਬੰਦੀ ਵਿੱਚ ਕੋਈ ਵੀ ਥਾਂ ਨਹੀਂ ਦਿੱਤੀ ਜਾਵੇਗੀ ਜਿਸ ਵਲੋਂ ਕਿਸੇ ਵੀ ਪੱਧਰ ਤੇ ਪਾਰਟੀ ਦੀ ਮੁਖਾਲਫਤ ਕੀਤੀ ਗਈ ਹੈ। ਜਿਹਨਾਂ ਆਗੂਆਂ ਖਿਲਾਫ ਪਾਰਟੀ ਦੀ ਵਿਰੋਧਤਾ ਦੇ ਗੰਭੀਰ ਦੋਸ਼ ਸਾਬਤ ਹੋਣਗੇ, ਉਹਨਾਂ ਵਿਰੁੱਧ ਸਖਤ ਕਾਰਵਾਈ ਵੀ ਕੀਤੀ ਜਾਵੇਗੀ।
ਡਾ. ਚੀਮਾ ਨੇ ਦੱਸਿਆ ਕਿ ਸ. ਸੁਖਬੀਰ ਸਿੰਘ ਬਾਦਲ ਵਲੋਂ ਜਿਹਨਾਂ ਸੀਨੀਅਰ ਆਗੂਆਂ ਦੀ ਜੋਨ ਵਾਈਜ਼ ਡਿਊਟੀ ਲਗਾਈ ਗਈ ਹੈ ਉਹਨਾਂ ਵਿੱਚ ਜਥੇਦਾਰ ਤੋਤਾ ਸਿੰਘ ਨੂੰ ਜਿਲਾ ਲੁਧਿਆਣਾ ਸ਼ਹਿਰੀ ਅਤੇ ਦਿਹਾਤੀ ਅਤੇ ਕਪੂਰਥਲਾ, ਸ. ਅਜੀਤ ਸਿੰਘ ਕੋਹਾੜ ਨੂੰ ਅੰਮ੍ਰਿਤਸਰ ਸ਼ਹਿਰੀ ਅਤੇ ਦਿਹਾਤੀ, ਤਰਨ ਤਾਰਨ, ਗੁਰਦਾਸਪੁਰ ਅਤੇ ਪਠਾਨਕੋਟ, ਡਾ. ਦਲਜੀਤ ਸਿੰਘ ਚੀਮਾ ਨੂੰ ਜਲੰਧਰ, ਹੁਸ਼ਿਆਰਪੁਰ ਅਤੇ ਨਵਾਂਸਹਿਰ, ਸ. ਸ਼ਰਨਜੀਤ ਸਿੰਘ ਢਿੱਲੋਂ ਨੂੰ ਰੋਪੜ, ਮੋਹਾਲੀ, ਫਤਿਹਗੜ ਸਾਹਿਬ ਅਤੇ ਮੋਗਾ, ਸ. ਗੁਲਜਾਰ ਸਿੰਘ ਰਾਣੀਕੇ ਨੂੰ ਬਠਿੰਡਾ ਅਤੇ ਸ਼੍ਰੀ ਮੁਕਤਸਰ ਸਾਹਿਬ, ਸ. ਸਿਕੰਦਰ ਸਿੰਘ ਮਲੂਕਾਂ ਨੂੰ ਸੰਗਰੂਰ ਅਤੇ ਬਰਨਾਲਾ, ਸ. ਪਰਮਿੰਦਰ ਸਿੰਘ ਢੀਂਡਸਾ ਨੂੰ ਪਟਿਆਲਾ ਅਤੇ ਮਾਨਸਾ, ਪ੍ਰੋ. ਵਿਰਸਾ ਸਿੰਘ ਵਲਟੋਹਾ ਨੂੰ ਫਿਰੋਜਪੁਰ, ਫਰੀਦਕੋਟ ਅਤੇ ਫਾਜਲਿਕਾ ਜ਼ਿਲਿਆਂ ਦੀ ਡਿਊਟੀ ਦਿੱਤੀ ਗਈ ਹੈ। ਉਪਰੋਕਤ ਸਾਰੇ ਆਗੂਆਂ ਦੇ ਨਾਲ ਦੋ-ਦੋ ਹੋਰ ਸੀਨੀਅਰ ਨੇਤਾਵਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਇਹ ਤਿੰਨ ਮੈਂਬਰੀ ਟੀਮ ਉਪਰੋਕਤ ਅਨੁਸਾਰ ਸਾਰੇ ਜ਼ਿਲਿਆਂ ਵਿੱਚ ਜਾ ਕੇ ਅਤੇ ਜਥੇਬੰਦੀ ਦੀਆਂ ਮੀਟਿੰਗਾਂ ਕਰਕੇ 30 ਮਈ ਤੱਕ ਆਪਣੀ ਰਿਪੋਰਟ ਪ੍ਰਧਾਨ ਸਾਹਿਬ ਨੂੰ ਸੌਂਪਣਗੇ।

