ਪੰਜਾਬ

ਕਾਂਗਰਸੀਆਂ ਦਾ ਰਾਜ ਦੇ ਮਾਹੌਲ ਨੂੰ ਵਿਗਾੜਨਾ ਪੂੰਜੀ ਨਿਵੇਸ਼ ਨੂੰ ਕਰੇਗਾ ਪ੍ਰਭਾਵਿਤ : ਮਜੀਠੀਆ

ਜੈਂਤੀਪੁਰ 5 ਮਈ (ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ, ਸਾਬਕਾ ਮੰਤਰੀ ਅਤੇ ਹਲਕਾ ਮਜੀਠਾ ਦੇ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਾਕਿਸਤਾਨ ਭਾਰਤ ਵਿਰੋਧੀ ਸਾਜ਼ਿਸ਼ਾਂ ਅਤੇ ਕਰੂਰਤਾ ਭਰੀਆਂ ਗੈਰ-ਮਨੁੱਖੀ ਕਾਰਵਾਈਆਂ ਤੋਂ ਬਾਜ ਆਉਣ ਵਾਲਾ ਨਹੀਂ ਹੈ ਲਿਹਾਜ਼ਾ ਕੇਂਦਰ ਦੀ ਮੋਦੀ ਸਰਕਾਰ ਨੂੰ ਪਾਕਿਸਤਾਨ ਪ੍ਰਤੀ ਨਰਮੀ ਦਿਖਾਉਣ ਦੀ ਥਾਂ ਉਸ ਨੂੰ ਕਰਾਰਾ ਸਬਕ ਸਿਖਾਉਣ ਲਈ ਇੱਟ ਦਾ ਜਵਾਬ ਪੱਥਰ ਨਾਲ ਦੇਣ ਲਈ ਇੱਕ ਹੋਰ ਸਰਜੀਕਲ ਸਟ੍ਰਾਈਕ ਨੂੰ ਅੰਜਾਮ ਦੇਣ ਚਾਹੀਦਾ ਹੈ।

ਸ: ਮਜੀਠੀਆ ਨੇ ਪਿੰਡ ਪਾਖਰਪੁਰ ਵਿਖੇ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਕਿਸਤਾਨੀ ਫੌਜ ਵੱਲੋਂ ਜੰਮੂ ਐਡ ਕਸ਼ਮੀਰ ਦੇ ਪੁਣਛ ਖੇਤਰ ਵਿੱਚ ਭੜਕਾਹਟ ਪੈਦਾ ਕਰਨ ਅਤੇ ਦੋ ਭਾਰਤੀ ਸੈਨਿਕਾਂ ਦੇ ਸਿਰ ਕਲਮ ਕਰਨ ਦੀ ਕਰੂਰ ਤੇ ਦਰਿੰਦਗੀ ਭਰੀ ਘਿਣਾਉਣੀ ਕਾਰਵਾਈ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ।ਉਹਨਾਂ ਕਿਹਾ ਕਿ ਪਾਕਿਸਤਾਨੀ ਅਵਾਮ ਨਾਲ ਆਪਸੀ ਸਹਿਯੋਗ ਪ੍ਰਤੀ ਅਸੀਂ ਹਮੇਸ਼ਾਂ ਹੀ ਆਸਵੰਦ ਰਹੇ ਹਾਂ, ਪਰ ਪਾਕਿਸਤਾਨ ਵੱਲੋਂ ਪਿਛਲੇ 6 ਮਹੀਨਿਆਂ ਦੌਰਾਨ ਭਾਰਤੀ ਫੌਜੀਆਂ ਦੇ ਸਿਰ ਕਲਮ ਕਰਨ ਦੀ ਉਕਤ ਤੀਜੀ ਘਟਨਾ ਨੇ ਸਾਬਤ ਕਰਦਿਤਾ ਹੈ ਕਿ ਪਾਕਿਸਤਾਨ ਭਾਰਤ ਪ੍ਰਤੀ ਸਾਰਥਿਕ ਸੋਚ ਤੋਂ ਕੋਹਾਂ ਦੂਰ ਹੈ।ਅਤੇ ਉਹ ਆਪਣੀਆਂ ਕਰਤੂਤਾਂ ਤੋਂ ਬਾਜ ਆਉਣ ਵਾਲਾ ਨਹੀਂ ਹੈ। ਸ: ਮਜੀਠੀਆ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਭਾਰਤੀ ਸੈਨਾ ਨਾਲ ਇਕਮੁਠਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬੀਆਂ ਨੂੰ ਭਾਰਤੀ ਸੈਨਾ ਦੀ ਸਮਰੱਥਾ ਅਤੇ ਕੇਂਦਰ ਸਰਕਾਰ ਦੀ ਦ੍ਰਿੜ੍ਹ ਇੱਛਾ ਸ਼ਕਤੀ ‘ਤੇ ਪੂਰਨ ਭਰੋਸਾ ਹੈ ਅਤੇ ਭਾਰਤ ਦੀ ਆਨ ਸ਼ਾਨ ਕਾਇਮ ਰੱਖਣ ਲਈ ਹਰ ਹਾਲਾਤ ਵਿੱਚ ਉਹਨਾਂ ਨਾਲ ਖੜੇ ਹਨ।
ਇਸ ਮੌਕੇ ਸ: ਮਜੀਠੀਆ ਨੇ ਪੰਜਾਬ ਦੀ ਅਮਨ ਕਾਨੂੰਨ ਦੀ ਲਗਾਤਾਰ ਵਿਗੜ ਰਹੀ ਸਥਿਤੀ ਪ੍ਰਤੀ ਚਿੰਤਾ ਜ਼ਾਹਿਰ ਕਰਦਿਆਂ ਦੋਸ਼ ਲਾਇਆ ਕਿ ਕਾਂਗਰਸੀ ਰਾਜ ਦੇ ਮਾਹੌਲ ਨੂੰ ਵਿਗਾੜਨ ਵਿੱਚ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਦਿਨ ਦਿਹਾੜੇ ਹੋ ਰਹੀਆਂ ਲੁੱਟਾਂ ਖੋਹਾਂ, ਡਕੈਤੀਆਂ ਅਤੇ ਗੈਗਵਾਰਾਂ ਕਾਰਨ ਪੰਜਾਬ ਦੀ ਅਮਨ ਵਿਵਸਥਾ ਬਦ ਤੋਂ ਬਦਤਰ ਹੋ ਰਹੀ ਹੈ, ਸਮਾਜ ਦੇ ਮਾੜੇ ਅਨਸਰ ਕਾਂਗਰਸ ਦੀ ਸ਼ਹਿ ‘ਤੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਅਤੇ ਅਕਾਲੀ ਵਰਕਰਾਂ ‘ਤੇ ਜਾਨ ਲੇਵਾ ਹਮਲੇ ਕਰ ਰਹੇ ਹਨ। ਉਹਨਾਂ ਕਿਹਾ ਕਿ ਉਕਤ ਵਾਰਦਾਤਾਂ ਦੀ ਠੀਕ ਤਰਾਂ ਤਹਿਕੀਕਾਤ ਹੋਵੇ ਤਾਂ ਪਤਾ ਚੱਲੇਗਾ ਕਿ ਇਹਨਾਂ ਪਿੱਛੇ ਕਾਂਗਰਸ ਦਾ ਹੀ ਹੱਥ ਹੈ। ਉਹਨਾਂ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਸਮਝਦਾਰੀ ਅਤੇ ਸਖ਼ਤ ਮਿਹਨਤ ਨਾਲ ਰਾਜ ਵਿੱਚ ਅਮਨ ਦਾ ਮਾਹੌਲ ਸਿਰਜ ਕੇ ਦੇਸੀ ਅਤੇ ਵਿਦੇਸ਼ੀ ਪੂੰਜੀ ਨਿਵੇਸ਼ ਨੂੰ ਯਕੀਨੀ ਬਣਾਇਆ ਜਿਸ ਨਾਲ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਸੰਭਵ ਹੋ ਸਕੀ । ਪਰ ਹੁਣ ਅਮਨ ਕਾਨੂੰਨ ਅਤੇ ਸ਼ਾਂਤੀ ਵਿਵਸਥਾ ਖਰਾਬ ਹੋਣ ਨਾਲ ਰਾਜ ਵਿੱਚ ਹੋ ਰਿਹਾ ਪੂੰਜੀ ਨਿਵੇਸ਼ ਪ੍ਰਭਾਵਿਤ ਹੋਵੇਗਾ ਜਿਸ ਪ੍ਰਤੀ ਕਾਂਗਰਸ ਸਰਕਾਰ ਨੂੰ ਜਿੰਨੀ ਜਲਦੀ ਸਮਝ ਆ ਸਕੇ ਰਾਜ ਦੇ ਵਿਕਾਸ ਅਤੇ ਤਰੱਕੀ ਖੁਸ਼ਹਾਲੀ ਲਈ ਉੱਨਾ ਹੀ ਬਿਹਤਰ ਹੈ।

Leave a Reply

Your email address will not be published. Required fields are marked *