ਸ਼੍ਰੋਮਣੀ ਕਮੇਟੀ ਨੇ ਅੰਮ੍ਰਿਤ ਸੰਚਾਰ ਅਤੇ ਧਰਮ ਪ੍ਰਚਾਰ ਲਹਿਰ ਨੂੰ ਤੇਜ ਕਰਨ ਲਈ ਤਿੰਨ ਜ਼ੋਨਾਂ ਵਿਚ ਵੰਡਿਆ: ਪ੍ਰੋ. ਬਡੂੰਗਰ
ਬੇਹਤਰ ਕਾਰਗੁਜਾਰੀ ਵਾਲੇ ਪ੍ਰਚਾਰਕ ਦਾ ਹਰ ਸਾਲ ਹੋਵੇਗਾ 51 ਹਜ਼ਾਰ ਨਾਲ ਸਨਮਾਨ
ਪਟਿਆਲਾ 17 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤ ਸੰਚਾਰ ਦੀ ਮੁਹਿੰਮ ਨੂੰ ਤੇਜ ਕਰਨ ਅਤੇ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਭਾਵੀ ਬਨਾਉਣ ਲਈ ਪੂਰੇ ਪੰਜਾਬ ਨੂੰ ਤਿੰਨ ਜੋਨਾਂ ਵਿਚ ਵੰਡ ਰਹੀ ਹੈ। ਉਹਨਾਂ ਲਈ ਬਕਾਇਦਾ ਤਿੰਨ ਪ੍ਰਮੁੱਖ ਪ੍ਰਚਾਰਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਜਿਸ ਵਿਚ ਮਾਲਵਾ ਜ਼ੋਨ ਭਾਈ ਜਸਵਿੰਦਰ ਸਿੰਘ, ਦੁਆਬਾ ਜ਼ੋਨ ਭਾਈ ਕਲਿਆਣ ਸਿੰਘ ਅਤੇ ਮਾਝਾ ਜ਼ੋਨ ਦੀ ਜਿੰਮੇਵਾਰੀ ਭਾਈ ਸਰਵਣ ਸਿੰਘ ਨੂੰ ਸੌਂਪੀ ਗਈ ਹੈ।
ਪ੍ਰੋ. ਬਡੂੰਗਰ ਨੇ ਅੱਗੇ ਦੱਸਿਆ ਕਿ ਇਸ ਲਹਿਰ ਨੂੰ ਪ੍ਰਭਾਵੀਸ਼ਾਲੀ ਤਰੀਕੇ ਨਾਲ ਚਲਾਉਣ ਲਈ ਨਿਯੁਕਤ ਕੀਤੇ ਪ੍ਰਚਾਰਕਾਂ ਵਿਚੋਂ ਬੇਹਤਰ ਕਾਰਗੁਜਾਰੀ ਵਿਖਾਉਣ ਵਾਲਿਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪਹਿਲੇ ਸਥਾਨ ‘ਤੇ ਆਉਣ ਵਾਲੇ ਨੂੰ 51 ਹਜ਼ਾਰ ਰੁਪਏ, ਦੂਜੇ ਸਥਾਨ ਲਈ 31 ਹਜ਼ਾਰ ਰੁਪਏ ਅਤੇ ਤੀਜੇ ਸਥਾਨ ਲਈ 21 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਦੇਕੇ ਸਨਮਾਨਿਤ ਕਰੇਗੀ। ਉਹਨਾਂ ਅੱਗੇ ਦੱਸਿਆਂ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ 52 ਸਕੂਲਾਂ ਦੇ ਵਿਦਿਆਰਥੀਆਂ ਦੇ ਸਖਸੀਅਤ ਵਿਕਾਸ ਕੈਂਪ ਦੀ ਸ੍ਰੀ ਅਨੰਦਪੁਰ ਸਾਹਿਬ ਨਜਦੀਕ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਬਿਭੌਰ ਸਾਹਿਬ ਵਿਖੇ ਲਗਾਇਆ ਜਾ ਰਿਹਾ ਹੈ। ਜਿਸ ਵਿਚ 3 ਤੋਂ 10 ਜੂਨ ਤੱਕ ਲੜਕਿਆਂ ਲਈ ਅਤੇ 27 ਜੂਨ ਤੋਂ 3 ਜੁਲਾਈ ਤੱਕ ਲੜਕੀਆਂ ਲਈ ਵਿਸੇਸ਼ ਕੈਂਪ ਲਗਾਇਆ ਜਾਵੇਗਾ। ਜਿਸ ਵਿਚ ਉਹਨਾਂ ਨੂੰ ਗੁਰਮਤਿ ਸਿਖਲਾਈ ਦੇ ਨਾਲ-ਨਾਲ ਆਪਣੇ ਮਹਾਨ ਵਿਰਸੇ ਬਾਰੇ ਅਤੇ ਇਤਿਹਾਸ ਦੀ ਅਮੀਰੀ ਬਾਰੇ ਵੱਖ-ਵੱਖ ਤਰੀਕਿਆਂ ਰਾਹੀਂ ਮੁਕੰਮਲ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਹਰ ਕੈਂਪ ਵਿਚ 750 ਵਿਦਿਆਰਥੀ ਭਾਗ ਲੈਣਗੇ। ਉਹਨਾਂ ਅੱਗੇ ਦੱਸਿਆ ਕਿ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਲਹਿਰ ਨੂੰ ਪ੍ਰਮੁੱਖ ਤੌਰ ਤੇ ਬੱਚਿਆਂ, ਨੌਜਵਾਨਾਂ ਅਤੇ ਉਹਨਾਂ ਦੇ ਮਾਤਾ ਪਿਤਾ ਉਪਰ ਕੇਂਦਰਿਤ ਕੀਤਾ ਜਾ ਰਿਹਾ ਹੈ।
ਪ੍ਰੋ. ਬਡੂੰਗਰ ਨੇ ਭਾਰਤ ਦੇ ਰਾਸਟਰਪਤੀ ਨਾਲ ਸਿੱਖ ਮਸਲਿਆਂ ਦੇ ਹੱਲ ਲਈ ਨਵੀਂ ਦਿੱਲੀ ਵਿਖੇ ਹੋਈ ਪ੍ਰਭਾਵਸ਼ਾਲੀ ਮੀਟਿੰਗ ਉਪਰ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਰਾਸਟਰਪਤੀ ਨੇ ਸਮੁੱਚੇ ਮਸੱਲਿਆਂ ਬਾਰੇ ਭਾਵ-ਪੂਰਤ ਜਾਣਕਾਰੀ ਹਾਸਲ ਕੀਤੀ ਅਤੇ ਸੰਭਵ ਹੱਲ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਜਥੇਦਾਰ ਅਮਰਜੀਤ ਸਿੰਘ ਚਾਵਲਾ ਜਰਨਲ ਸਕੱਤਰ ਸ਼੍ਰੋਮਣੀ ਕਮੇਟੀ, ਡਾ. ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਜਥੇਦਾਰ ਲਾਭ ਸਿੰਘ ਦੇਵੀਨਗਰ ਮੈਂਬਰ ਸ਼੍ਰੋਮਣੀ ਕਮੇਟੀ, ਲਖਬੀਰ ਸਿੰਘ ਲੋਟ ਅਤੇ ਮੈਨੇਜਰ ਅਮਰਜੀਤ ਸਿੰਘ ਤੋਂ ਇਲਾਵਾ ਹੋਰ ਅਹਿਮ ਸਖਸੀਅਤਾਂ ਹਾਜ਼ਰ ਸਨ।
ਮਹਾਨ ਕੋਸ਼ ਦੇ ਮਾਮਲੇ ‘ਚ ਸ਼੍ਰੋਮਣੀ ਕਮੇਟੀ ਚੁੱਪ ਨਹੀਂ ਬੈਠੇਗੀ: ਪ੍ਰੋ. ਬਡੂੰਗਰ
ਅੱਜ ਇਥੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਭਾਈ ਕਾਹਨ ਸਿੰਘ ਨਾਭਾ ਦਾ ਮਹਾਨ ਕੋਸ਼ ਸਿੱਖ ਕੌਮ ਦੀ ਮਹਾਨ ਵਿਰਾਸਤ ਅਤੇ ਅਹਿਮ ਦਸਤਾਵੇਜ਼ ਹੈ। ਪਰ ਪਿਛਲੇ ਸਮੇਂ ਦੌਰਾਨ ਇਸ ਨਾਲ ਕੀਤੀ ਗਈ ਛੇੜ-ਛਾੜ ਗੈਰ-ਜਿੰਮੇਵਾਰਨਾ ਅਤੇ ਨਾ ਹੀ ਬਰਦਾਸ਼ਤਯੋਗ ਹੈ। ਉਹਨਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਵਾਨਾਂ ਵੱਲੋਂ ਜੋ ਕਾਰਵਾਈ ਕੀਤੀ ਗਈ ਹੈ ਉਸ ਨੂੰ ਪੰਜਾਬ ਸਰਕਾਰ ਗੰਭੀਰਤਾ ਨਾਲ ਲਵੇ ਅਤੇ ਜੇਕਰ ਲੋੜ ਪਈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਨੈਤਿਕ ਜਿੰਮੇਵਾਰੀ ਨੂੰ ਸਮਝਦੀ ਹੋਈ ਇਸ ਪ੍ਰਤੀ ਕਨੂੰਨੀ ਚਾਰਾਜੋਈ ਕਰੇਗੀ ਕਿਉਂ ਕਿ ਇਸ ਘਟਨਾਕ੍ਰਮ ਨਾਲ ਦੇਸ਼-ਵਿਦੇਸ਼ ਵਿਚ ਵਸਦੇ ਸਿੱਖ ਵਿਦਵਾਨਾਂ ਦੇ ਹਿਰਦਿਆਂ ਨੂੰ ਗਹਿਰੀ ਠੇਸ ਪੁੱਜੀ ਹੈ।

