ਪੰਜਾਬਪਟਿਆਲਾ

ਇਨਕਲਾਬੀ ਕਮਿਊਨਿਸਟ ਲਹਿਰ ਨੂੰ ਸਰਕਾਰ ਮਾਰ ਮਕਾਉਣ ਦੇ ਰਾਹ ਤੁਰੀ

ਪਟਿਆਲਾ 17 ਜੂਨ (ਮਧੂਸਾਰ ਬਿਊਰੋ) ਦੇਸ਼ੀ ਵਿਦੇਸ਼ੀ ਸਰਮਾਏਦਾਰਾਂ ਵੱਲੋਂ ਮੁਲਕ ਦੇ ਕੁਦਰਤੀ ਮਾਲ ਖਜਾਨਿਆਂ, ਜਲ, ਜੰਗਲ, ਜ਼ਮੀਨ ਦੀ ਬੇਕਿਰਕੀ ਨਾਲ ਕੀਤੀ ਜਾ ਰਹੀ ਲੁੱਟ ਕਾਰਨ ਆਦਿਵਾਸੀਆਂ ਸਮੇਤ ਸਮੁੱਚੀ ਇਨਕਲਾਬੀ ਕਮਿਊਨਿਸਟ ਲਹਿਰ ਨੂੰ ਸਰਕਾਰ ਮਾਰ ਮਕਾਉਣ ਦੇ ਰਾਹ ਤੁਰੀ ਹੋਈ ਹੈ।

ਇਸ ਲਈ ਬਲ, ਛਲ ਅਤੇ ਸਾਜਿਸ਼ ਦਾ ਹਰ ਹਰਬਾ ਵਰਤਿਆ ਜਾ ਰਿਹਾ ਹੈ। ਕਾਰਪੋਰੇਟ ਲਈ ਕਾਨੂੰਨ ਅਤੇ ਸੰਵਿਧਾਨ ਦੀ ਕੋਈ ਵੁੱਕਤ ਨਹੀਂ ਇਸੇ ਕਰਕੇ ਮੋਦੀ ਹਕੂਮਤ ਨੇ ਉਸਦੀ ਲੁੱਟ ਦੇ ਰਾਹ ਨੂੰ ਮੋਕਲਾ ਕਰਨ ਲਈ ਦਹਿਸ਼ਤੀ ਰੁੱਖ ਅਖਤਿਆਰ ਕੀਤਾ ਹੋਇਆ ਹੈ। ਇਸ ਸਰਕਾਰੀ ਜ਼ਬਰ ਵਿਰੁੱਧ ਪ੍ਰਤੀਰੋਧ ਦੀ ਇਕ ਜੋਰਦਾਰ ਲਹਿਰ ਉਸਾਰਨ ਦੀ ਲੋੜ ਹੈ। ਇਹ ਵਿਚਾਰ ਅੱਜ ਇੱਥੇ ਪ੍ਰਭਾਤ ਪਰਵਾਨਾ ਮੈਮੋਰੀਅਲ ਹਾਲ ਵਿਖੇ ਸੀ.ਪੀ.ਆਈ. (ਐਮ.ਐਲ.) ਨਿਊਡੈਮੋਕ੍ਰੇਸੀ ਅਤੇ ਇਨਕਲਾਬੀ ਲੋਕ ਮੋਰਚਾ ਪੰਜਾਬ ਵੱਲੋਂ ਸਰਕਾਰੀ ਜਬਰ ਵਿਰੁੱਧ ਕੀਤੀ ਗਈ ਕਨਵੈਨਸ਼ਨ ਵਿੱਚ ਉੱਭਰ ਕੇ ਸਾਹਮਣੇ ਆਏ। ਕਨਵੈਨਸ਼ਨ ਦੇ ਪ੍ਰਧਾਨਗੀ ਮੰਡਲ ਵਿੱਚ ਕਾ. ਦਰਸ਼ਨ ਖਟਕੜ, ਗੌਤਮ ਨਵਲੱਖਾ, ਡਾ. ਦਰਸ਼ਨਪਾਲ, ਵਿਧੂਸ਼ੇਖਰ ਭਾਰਦਵਾਜ, ਸਵਰਨਜੀਤ ਸਿੰਘ ਅਤੇ ਗੁਰਚਰਨ ਸਿੰਘ ਡਕੌਂਦਾ ਬਿਰਾਜਮਾਨ ਸਨ।
ਵਰਣਨਯੋਗ ਹੈ ਕਿ ਗੜ੍ਹਚਿਰੋਲੀ (ਮਹਾਰਾਸ਼ਟਰ) ਵਿਖੇ ਝੂਠੇ ਪੁਲਿਸ ਮੁਕਾਬਲੇ ਦੀ ਆੜ ਹੇਠ ਮਾਉਵਾਦੀਆਂ ਅਤੇ ਆਦਿਵਾਸੀਆਂ ਨੂੰ ਮਾਰਨ ਵਿਰੁੱਧ, ਤੂਤੀਕੋਰਨ (ਤਾਮਿਲਨਾਡੂ) ਵਿਖੇ ਵੇਦਾਂਤਾ ਦੇ ਸਟਰਲਾਈਟ ਕਾਪਰ ਪਲਾਂਟ ਦੇ ਪ੍ਰਦੂਸ਼ਣ ਦਾ ਵਿਰੋਧ ਕਰਦੇ ਲੋਕਾਂ ‘ਤੇ ਫਾਇਰਿੰਗ ਕਰਕੇ 12 ਲੋਕਾਂ ਨੂੰ ਮਾਰਨ ਵਿਰੁੱਧ ਅਤੇ ਜਮਹੂਰੀ ਅਧਿਕਾਰਾਂ ਲਈ ਸੰਘਰਸ਼ਸ਼ੀਲ ਬੁੱਧੀਜੀਵੀਆਂ, ਵਕੀਲਾਂ ਅਤੇ ਸਮਾਜਿਕ ਕਾਰਕੁੰਨਾ ਨੂੰ ‘ਸ਼ਹਿਰੀ ਮਾਉਵਾਦੀ’ ਦੇ ਝੂਠੇ ਬਹਾਨੇ ਹੇਠ ਗ੍ਰਿਫਤਾਰ ਕਰਨ ਵਿਰੁੱਧ ਇਹ ਕਨਵੈਨਸ਼ਨ ਕੀਤੀ ਗਈ।
ਕਨਵੈਨਸ਼ਨ ਨੂੰ ਦਿੱਲੀ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਬੁੱਧੀਜੀਵੀ ਅਤੇ ਲੇਖਕ ਗੌਤਮ ਨਵਲੱਖਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਆਦਿਵਾਸੀਆਂ ਦੇ ਖਾੜਕੂ ਸੰਘਰਸ਼ਾਂ ਕਰਕੇ ਭਾਵੇਂ ਪਿਛਲੀ ਸਰਕਾਰਾਂ ਫੋਰੈਸਟ ਰਾਈਟ ਐਕਟ ਪਾਸ ਕਰਨ ਲਈ ਮਜਬੂਰ ਹੋਈਆਂ ਸਨ, ਪਰ ਨਿੱਤ ਨਵੇਂ ਦਿਨ ਉਸਨੂੰ ਕਮਜੋaਰ ਕੀਤਾ ਜਾ ਰਿਹਾ ਹੈ ਜਿਸ ਕਾਰਨ ਆਦਿਵਾਸੀ ਇਲਾਕੇ ਖਣਨ ਕੰਪਨੀਆਂ ਦੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ ਜਿਸ ਦਾ ਉਹ ਪ੍ਰਤੀਰੋਧ ਕਰ ਰਹੇ ਹਨ। ਸਰਕਾਰ ਉਨ੍ਹਾਂ ‘ਤੇ ਜਬਰ ਕਰਕੇ ਉਸਨੂੰ ਦਬਾ ਰਹੀ ਹੈ ਜਦੋਂ ਕਿ ਮਾਉਵਾਦੀ ਅਤੇ ਨਕਸਲੀ ਲਹਿਰ ਉਨ੍ਹਾਂ ਦਾ ਸਮਰਥਨ ਅਤੇ ਸਹਿਯੋਗ ਕਰ ਰਹੀ ਹੈ ਜਿਸ ਕਰਕੇ ਹੀ ਉਹ ਹਕੂਮਤ ਦੇ ਵਿਸ਼ੇਸ਼ ਨਿਸ਼ਾਨੇ ‘ਤੇ ਹੈ।
ਕਨਵੈਨਸ਼ਨ ਨੂੰ ਸੰਬੋਧਨ ਕਰਦੇ ਹੋਏ ਸੀ.ਪੀ.ਆਈ. (ਐਮ.ਐਲ.) ਨਿਊ ਡੈਮੋਕ੍ਰੇਸੀ ਦੇ ਸੀਨੀਅਰ ਆਗੂ ਕਾ. ਦਰਸ਼ਨ ਖਟਕੜ ਨੇ ਕਿਹਾ ਕਿ ਆਰ.ਐਸ.ਐਸ. ਦੇ ਪਿਛੋਕੜ ਵਾਲੀ ਮੋਦੀ ਹਕੂਮਤ ਆਪਣਾ ਫਾਸ਼ੀਵਾਦੀ ਅਜੰਡਾ ਠੋਸ ਰਹੀ ਹੈ। ਉਹਨਾਂ ਕਿਹਾ ਕਿ ਫਾਸ਼ੀਵਾਦੀ ਵਿਦਵਾਨ ਹੋਣ ਦਾ ਭਰਮ ਪਾਲਣ ਵਾਲੇ ਮਹਾਂ-ਮੂਰਖ ਕਿਸਮ ਦੇ ਲੋਕ ਹੁੰਦੇ ਹਨ ਜੋ ਕਿ ਕਿਸੇ ਵੀ ਸਮਾਜ ਨੂੰ ਰਸਾਤਲ ਵੱਲ ਧੱਕ ਦਿੰਦੇ ਹਨ। ਉਨ੍ਹਾਂ ਕਿਹਾ ਕਿ ਨਕਸਲੀ ਲਹਿਰ ਨੇ ਦੇਸ਼ ਅੱਗੇ ਤਰੱਕੀ ਅਤੇ ਅੱਗੇ ਵੱਧਣ ਦਾ ਰਾਹ ਪੇਸ਼ ਕੀਤਾ ਹੈ ਜਿਸ ਤੋਂ ਸਾਮਰਾਜ ਦੀਆਂ ਸੇਵਾਦਾਰ ਹਾਕਮ ਜਮਾਤਾਂ ਭੈਅ ਭੀਤ ਹੋਣ ਕਰਕੇ ਹੀ ਲਹਿਰ ਤੇ ਜ਼ਬਰ ਕਰ ਰਹੀਆਂ ਹਨ।
ਕਨਵੈਨਸ਼ਨ ਨੂੰ ਇਨਕਲਾਬੀ ਲੋਕ ਮੋਰਚਾ ਦੇ ਜਨਰਲ ਸਕੱਤਰ ਸਵਰਨਜੀਤ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਇੱਕ ਨਵਾਂ ਪ੍ਰਬੰਧ ਉਸਾਰਨ ਲਈ ਦੋ ਤਰ੍ਹਾਂ ਦੇ ਅਮੀਰ ਤੇ ਗਰੀਬ ਭਾਰਤ ਨੂੰ ਮਿਟਾਉਣ ਲਈ ਬਦਲਵੀਂ ਰਾਜਨੀਤੀ ਨੂੰ ਲੋਕਾਂ ਵਿੱਚ ਲਿਜਾਉਣਾ ਪਵੇਗਾ। ਇਸ ਕਾਰਜ ਵਾਸਤੇ ਚੱਲ ਰਹੇ ਅੰਦੋਲਨ ਉਪਰ ਜੇਕਰ ਜ਼ਬਰ ਹੁੰਦਾ ਹੈ ਤਾਂ ਉਸਦੇ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕਰਨ ਦੀ ਲੋੜ ਹੈ।
ਕਨਵੈਨਸ਼ਨ ਵਿੱਚ ਸ਼ਿਲਾਂਗ ਵਿਖੇ ਪੰਜਾਬੀ ਸਿੱਖ ਭਾਈਚਾਰੇ ਵਿਰੁੱਧ ਹੋਈ ਹਿੰਸਾ ਵਿਰੁੱਧ ਅਤੇ ਰਾਈਜ਼ਿੰਗ ਕਸ਼ਮੀਰ ਦੇ ਸੰਪਾਦਕ ਸੁਜਾਤ ਬੁਖਾਰੀ ਦੀ ਗੋਲੀ ਮਾਰਕੇ ਕੀਤੀ ਹੱਤਿਆ ਵਿਰੁੱਧ ਨਿਖੇਧੀ ਮਤੇ ਵੀ ਪਾਸ ਕੀਤੇ ਗਏ। ਮੰਚ ਸੰਚਾਲਨ ਸਤਵੰਤ ਸਿੰਘ ਵਜੀਦਪੁਰ ਨੇ ਕੀਤਾ।

Leave a Reply

Your email address will not be published. Required fields are marked *