ਪੰਜਾਬ

ਇਟਲੀ ਦੀ ਸੁਪਰੀਮ ਕੋਰਟ ਵੱਲੋਂ ‘ਕਿਰਪਾਨ’ ‘ਤੇ ਪਾਬੰਦੀ ਸਿੱਖਾਂ ਦੀ ਅਜ਼ਾਦੀ ‘ਤੇ ਹਮਲਾ : ਗਿਆਨੀ ਗੁਰਬਚਨ ਸਿੰਘ

ਅੰਮ੍ਰਿਤਸਰ 17 ਮਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ)
ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਇਟਲੀ ਦੀ ਸੁਪਰੀਮ ਕੋਰਟ ਵੱਲੋਂ ਜੋ ਸਿੱਖਾਂ ਦੇ ਧਾਰਮਿਕ ਚਿੰਨ ‘ਕਿਰਪਾਨ’ ‘ਤੇ ਲਗਾਈ ਗਈ ਪਾਬੰਦੀ ਉਪਰ ਗਹਿਰੀ ਚਿੰਤਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਟਲੀ ਦੀ ਸਰਕਾਰ ਸੁਪਰੀਮ ਕੋਰਟ ਦੇ ਫੈਸਲੇ ਉਪਰ ਮੁੜ ਤੋਂ ਵਿਚਾਰ ਕਰਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਕਰੇ।

ਸਿੰਘ ਸਾਹਿਬ ਜੀ ਨੇ ਕਿਹਾ ਕਿ ਸਿੱਖਾਂ ਨੇ ਇਟਲੀ ਦੇ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਖੇਤਰ ਵਿਚ ਅਹਿਮ ਯੋਗਦਾਨ ਪਾਇਆ ਹੈ। ਜਿਸ ਬਾਰੇ ਇਟਲੀ ਦੇ ਲੋਕ ਅਤੇ ਓਥੋਂ ਦੀਆਂ ਰਾਜਨੀਤਿਕ ਪਾਰਟੀਆਂ ਭਲੀਭਾਂਤ ਜਾਣੂ ਹਨ। ਉਨ੍ਹਾਂ ਕਿਹਾ ਕਿ ਇਟਲੀ ਇੱਕ ਵਿਕਾਸਸ਼ੀਲ ਦੇਸ਼ ਹੈ, ਜਿਥੇ ਹਰ ਧਰਮ ਦੇ ਵਿਅਕਤੀਆਂ ਨੂੰ ਆਪਣੇ ਅਕੀਦੇ ਅਨੁਸਾਰ ਵਿਚਰਨ ਦਾ ਮੌਕਾ ਦਿੱਤਾ ਜਾਂਦਾ ਹੈ। ਪਰ ਸਿੱਖਾਂ ਦੀ ਕਿਰਪਾਨ ਉਪਰ ਲਗਾਈ ਗਈ ਪਾਬੰਧੀ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਿੱਖਾਂ ਦੇ ਅਕੀਦੇ ਅਤੇ ਇਟਲੀ ਦੇ ਵਿਕਾਸ ਵਿਚ ਪਾਏ ਯੋਗਦਾਨ ਨੂੰ ਮੁੱਖ ਰੱਖਦਿਆਂ ਕਿਰਪਾਨ ਉਪਰ ਲਗਾਈ ਗਈ ਪਾਬੰਧੀ ਨੂੰ ਤੁਰੰਤ ਹਟਾਏ। ਜਿਸ ਨਾਲ ਸਿੱਖ ਆਪਣੀ ਧਾਰਮਿਕ ਅਜਾਦੀ ਦਾ ਨਿੱਘ ਮਾਣ ਸਕਣ।
ਸਿੰਘ ਸਾਹਿਬ ਜੀ ਨੇ ਕਿਹਾ ਕਿ ਬੀਤੇ ਦਿਨੀ ਜਿਸ ਤਰੀਕੇ ਨਾਲ ਦੋ ਧਿਰਾਂ ਨੇ ਜਰਮਨੀ ਵਿਚ ਅਰਾਜਿਕਤਾ ਦਾ ਮਹੋਲ ਸਿਰਜਿਆ ਹੈ ਇਸ ਨਾਲ ਸਿੱਖ ਪੰਥ ਦੇ ਹਰ ਖੇਤਰ ਨੂੰ ਭਾਰੀ ਠੇਸ ਪੁੱਜੀ ਹੈ। ਉਨ੍ਹਾਂ ਨੇ ਦੋਹਾਂ ਧਿਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਕਿਸੇ ਵਿਵਾਦਿਤ ਮਸਲੇ ਨੂੰ ਲੈ ਕੇ ਹੁੱਲੜਬਾਜੀ ਨਾ ਕੀਤੀ ਜਾਵੇ। ਸਗੋਂ ਮਿਲ ਬੈਠ ਕੇ ਮਸਲੇ ਦਾ ਹੱਲ ਕੱਢਿਆ ਜਾਣਾ ਜਰੂਰੀ ਹੈ। ਗੁਰਮਤਿ ਦਾ ਪ੍ਰਚਾਰ ਹਰ ਸਿੱਖ ਹੀ ਕਰ ਸਕਦਾ ਹੈ ਪ੍ਰੰਤੂ ਜਿਸ ਵਿਸ਼ੇ ਨਾਲ ਸਿੱਖ ਪੰਥ ਵਿਚ ਦੁਬਿਧਾ ਖੜੀ ਹੁੰਦੀ ਹੋਵੇ, ਉਸ ਵਿਸ਼ੇ ਨੂੰ ਧਾਰਮਿਕ ਸਟੇਜ ਉਪਰ ਨਾ ਬੋਲਿਆ ਜਾਵੇ। ਸਿੰਘ ਸਾਹਿਬ ਜੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖ ਕੌਂਸਲ ਯੂ.ਕੇ ਰਾਹੀਂ ਸਮੁੱਚੇ ਮਸਲੇ ਦੀ ਪੜਤਾਲ ਕਰਵਾਈ ਜਾ ਰਹੀ ਹੈ ਤਾਂ ਕਿ ਕਸੂਰਵਾਰਾਂ ਵਿਰੁੱਧ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।

Leave a Reply

Your email address will not be published. Required fields are marked *