ਬਹਿਰੂ ਦੀ ਅਗਵਾਈ ‘ਚ ਪੰਜ ਮੈਂਬਰੀ ਵਫ਼ਦ ਨੇ ਨਵਜੋਤ ਸਿੰਘ ਸਿੱਧੂ ਦਾ ਕੀਤਾ ਸਨਮਾਨ
ਪਟਿਆਲਾ 27 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ) ਭਾਰਤੀ ਕਿਸਾਨ ਮੰਚ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਦੀ ਅਗਵਾਈ ਹੇਠ ਕਿਸਾਨਾਂ ਦਾ ਇੱਕ 5 ਮੈਂਬਰੀ ਵਫਦ ਪੰਜਾਬ ਸਰਕਾਰ ਦੇ ਮਹਿਕਮਾ ਲੋਕ ਬਾਡੀਜ਼ ਦੇ ਸੀਨੀਅਰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮਿਲਕੇ ਜਿੱਥੇ ਪੰਜਾਬ ਦੇ ਕਿਸਾਨਾਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਉੱਥੇ ਸ੍ਰ. ਸਿੱਧੂ ਨੂੰ ਕਿਸਾਨ ਜੱਥੇਬੰਦੀ ਵਲੋਂ ਸਨਮਾਨਤ ਵੀ ਕੀਤਾ ਗਿਆ।
ਬਹਿਰੂ ਨੇ ਦੱਸਿਆ ਕਿ ਜੋ ਪਿਛਲੇ ਅਪ੍ਰੈਲ ਮਹੀਨੇ ਵਿੱਚ ਜਿਲਾ ਅੰਮ੍ਰਿਤਸਰ ਦੇ ਨੇੜੇ ਪੈਂਦੇ ਪਿੰਡਾਂ ਦੇ ਕਿਸਾਨਾਂ ਦੀਆਂ ਕਣਕਾਂ ਅੱਗ ਦੀ ਭੇਟ ਵਿੱਚ ਸੜ ਗਈਆਂ ਸੀ ਉਨ੍ਹਾਂ ਪੀੜਤ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਦੇ ਮੁਆਵਜੇ ਤੋਂ ਇਲਾਵਾ ਪੀੜਤ ਕਿਸਾਨਾਂ ਨੂੰ ਮੈਂ ਆਪਣੇ ਕੋਲੋ 25 ਲੱਖ ਰੁਪਏ ਦੇਵਾਂਗਾ ਅਤੇ ਇਹ ਵੀ ਮੀਡੀਆ ਵਿੱਚ ਐਲਾਨ ਕੀਤਾ ਕਿ ਪੰਜਾਬ ਸਰਕਾਰ ਜਿਤਨੇ ਪੈਸੇ ਇਨ੍ਹਾਂ ਪੀੜਤ ਕਿਸਾਨਾਂ ਨੂੰ ਸੜੀਆਂ ਕਣਕਾਂ ਦਾ ਮੁਆਵਜਾ ਦੇਵੇਗੀ ਉਸਦੇ ਮੁਕਾਬਲੇ ਜੋ ਪੈਸੇ ਮੈਨੂੰ ਪੱਲੇ ਤੋਂ ਦੇਣੇ ਪਏ ਤਾਂ ਮੈਂ ਕਿਸਾਨਾਂ ਦੀ ਆਰਥਿਕ ਮਦਦ ਕਰਨ ਤੋਂ ਪਿੱਛੇ ਨਹੀਂ ਹੱਟਾਂਗਾ। ਇਸ ਲਈ ਅੱਜ ਕਿਸਾਨ ਜੱਥੇਬੰਦੀ ਨੇ ਸਿੱਧੂ ਦਾ ਸਨਮਾਨ ਕੀਤਾ ਹੈ ਕਿਉਂਕਿ ਪੂਰੇ ਭਾਰਤ ਵਿੱਚ ਇਹ ਪਹਿਲੀ ਮਿਸਾਲ ਹੈ ਕਿ ਕਿਸੇ ਮੰਤਰੀ ਨੇ ਆਪਣੇ ਪੱਲੇ ਤੋਂ ਕਿਸਾਨਾਂ ਦੀ ਸਰਕਾਰ ਦੇ ਬਰਾਬਰ ਆਰਥਿਕ ਮਦਦ ਕੀਤੀ ਹੋਵੇ।
ਉਨ੍ਹਾਂ ਇਹ ਵੀ ਦੱਸਿਆ ਕਿ 2010 ਵਿੱਚ ਨਵਜੋਤ ਸਿੰਘ ਸਿੱਧੂ ਜਦੋਂ ਐਮ.ਪੀ. ਸਨ ਤਾਂ ਉਸ ਸਮੇਂ ਵੀ ਜੀਰੀ ਦੀ 1121 ਕਿਸਮ ਨੂੰ ਬਾਸਮਤੀ ਵਿੱਚ ਭਾਰਤ ਸਰਕਾਰ ਤੋਂ ਮਾਨਤਾ ਦਿਵਾਉਣ ਲਈ ਪਾਰਲੀਮੈਂਟ ਵਿੱਚ ਅਵਾਜ ਬੁਲੰਦ ਕਰਨ ਦੇ ਨਾਲ ਨਾਲ ਉਸ ਸਮੇਂ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਵੀ ਮਿਲਣ ਸਾਡੇ ਕਿਸਾਨ ਵਫਦ ਨਾਲ ਗਏ ਸੀ ਅਤੇ ਜੀਰੀ ਦੀ 1121 ਕਿਸਮ ਨੂੰ ਜਿਨ੍ਹਾਂ ਚਿਰ ਬਾਸਮਤੀ ਵਿੱਚ ਮਾਨਤਾ ਨਹੀਂ ਮਿਲੀ ਉਨ੍ਹਾਂ ਚਿਰ ਸਿੱਧੂ ਸਾਡੇ ਨਾਲ ਪੈਰਵਾਈ ਕਰਦੇ ਰਹੇ।
ਬਹਿਰੂ ਨੇ ਸ੍ਰ. ਨਵਜੋਤ ਸਿੰਘ ਸਿੱਧੂ ਦੀ ਸਿਫਤ ਕੀਤੀ ਕਿ ਜਦੋਂ ਤੋਂ ਉਹ ਕੈਬਨਿਟ ਮੰਤਰੀ ਬਣੇ ਹਨ ਉਸ ਸਮੇਂ ਤੋਂ ਹੀ ਉਨ੍ਹਾਂ ਭ੍ਰਿਸ਼ਟ ਅਫਸਰਸ਼ਾਹੀ ਖਿਲਾਫ ਸਖਤ ਰੁੱਖ ਅਪਣਾਇਆ ਹੋਇਆ ਹੈ। ਜਿਸ ਦੀ ਮਿਸਾਲ ਉਨ੍ਹਾਂ ਜਿਲਾ ਬਠਿੰਡਾ ਨਾਲ ਜੁੜੇ 10 ਅਫਸਰਾਂ ਦੀ ਮੁਅੱਤਲੀ ਕਰਕੇ ਭ੍ਰਿਸ਼ਟਾਚਾਰ ਖਿਲਾਫ ਪੰਜਾਬ ਸਰਕਾਰ ਵਿੱਚ ਆਪਣੀ ਇੱਕ ਨਵੇਕਲੀ ਪਹਿਚਾਣ ਬਣਾਨ ਤੋਂ ਘੱਟ ਨਹੀਂ। ਇਸ ਲਈ ਬਹਿਰੂ ਨੇ ਪੰਜਾਬ ਸਰਕਾਰ ਦੇ ਦੂਜੇ ਮੰਤਰੀਆਂ ਨੂੰ ਸਲਾਹ ਦਿੱਤੀ ਕਿ ਜੇਕਰ ਵਾਕਿਆਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਿਕ ਭ੍ਰਿਸ਼ਟਾਚਾਰ ਮੁਕਤ ਸਰਕਾਰ ਲੋਕਾਂ ਨੂੰ ਦੇਣਾ ਚਾਹੁੰਦੇ ਹੋ ਤਾਂ ਭ੍ਰਿਸ਼ਟਾਚਾਰ ਖਿਲਾਫ ਸਿੱਧੂ ਵਾਂਗ ਮੈਦਾਨ ਵਿੱਚ ਨਿਤਰੋ। ਵਫਦ ਵਿੱਚ ਸ੍ਰ. ਬਹਿਰੂ ਦੇ ਨਾਲ ਜਿਹੜੇ ਹੋਰ ਕਿਸਾਨ ਲੀਡਰ ਸ਼ਾਮਲ ਸਨ ਉਨ੍ਹਾਂ ਵਿੱਚ ਬਲਦੇਵ ਸਿੰਘ ਦਮਹੇੜੀ, ਗੁਰਮੇਲ ਸਿੰਘ ਬੋਸਰ, ਹਰਦੇਵ ਸਿੰਘ ਗਿੱਲ, ਜੱਥੇਬੰਦੀ ਦੇ ਕਾਨੂੰਨੀ ਸਲਾਹਕਾਰ ਚਰਨਜੀਤ ਸ਼ਰਮਾ ਸ਼ਾਮਲ ਸਨ।

