ਪੰਜਾਬ

ਮਜੀਠਾ ਨਗਰ ਕੌਂਸਲ ਨੇ ਸ਼ਹਿਰ ਅੰਦਰ ਪਸਰੀਆਂ ਗੰਦਗੀ ਦੀਆਂ ਢੇਰਾਂ ਨੂੰ ਚੁਕਵਾਉਣ ਲਈ ਸਰਕਾਰ ਨੂੰ ਲਗਾਈ ਗੁਹਾਰ

ਕਾਂਗਰਸ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਪਛਾਣੇ : ਤਰੁਨ ਅਬਰੋਲ
ਮਜੀਠਾ 28 ਮਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਅਕਾਲੀ ਭਾਜਪਾ ਸਰਕਾਰ ਸਮੇਂ ਮਜੀਠਾ ਕਸਬਾ ਜਿਸ ਨੇ ਕਿ ਇੱਕ ਮਾਡਲ ਟਾਊਨ ਵਜੋਂ ਆਪਣੀ ਪਛਾਣ ਬਣਾਈ ਹੋਈ ਸੀ ਅੱਜ ਉਸੇ ਹੀ ਸ਼ਹਿਰ ਦੇ ਨਗਰ ਕੌਂਸਲ ਦੇ ਆਗੂ ਸ਼ਹਿਰ ਦੀ ਸਾਫ਼ ਸਫ਼ਾਈ ਅਤੇ ਇਸ ਦੇ ਅੰਦਰ ਪਸਰੀਆਂ ਗੰਦਗੀ ਦੀਆਂ ਢੇਰਾਂ ਨੂੰ ਚੁਕਵਾਉਣ ਲਈ ਸਰਕਾਰ ਨੂੰ ਗੁਹਾਰ ਲਗਾਉਣ ਲਈ ਮਜਬੂਰ ਹੈ।

ਇੱਕ ਮੀਟਿੰਗ ਉਪਰੰਤ ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਤਰੁਨ ਅਬਰੋਲ, ਸ੍ਰੀ ਅਜੈ ਚੋਪੜਾ, ਬਿਲਾ ਸ਼ਾਹ, ਮੁਖਤਿਆਰ ਸਿੰਘ, ਮਹਿੰਦਰ ਸਿੰਘ ਮੁਖੀ, ਦੇਸ ਰਾਜ ( ਸਾਰੇ ਐੱਮ ਸੀ),ਜੈ ਮਹਾਜਨ ਅਤੇ ਰਾਕੇਸ਼ ਪ੍ਰਾਸ਼ਰ ਨੇ ਸਾਂਝੇ ਤੌਰ ‘ਤੇ ਕਿਹਾ ਕਿ ਅਕਾਲੀ ਸਰਕਾਰ ਵੇਲੇ ਸਾਬਕਾ ਮਾਲ ਮੰਤਰੀ ਅਤੇ ਮੌਜੂਦਾ ਹਲਕਾ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਦੀਆਂ ਕੋਸ਼ਿਸ਼ਾਂ ਅਤੇ ਖਾਸ ਪ੍ਰਬੰਧ ਸਦਕਾ ਪਹਿਲਾਂ ਸ਼ਹਿਰ ਦੀ ਸਾਫ਼ ਸਫ਼ਾਈ ਪ੍ਰਤੀ ਕੋਈ ਮੁਸ਼ਕਲ ਨਹੀਂ ਸੀ ਆਉਂਦੀ ਰਹੀ । ਸਰਕਾਰੀ ਮਦਦ ਅਤੇ ਸਰਕਾਰੀ ਅਧਿਕਾਰੀਆਂ ਵੱਲੋਂ ਸ਼ਹਿਰ ਦੀ ਸਾਫ਼ ਸਫ਼ਾਈ ਵਲ ਪੂਰਾ ਖਿਆਲ ਰੱਖਿਆ ਜਾਂਦਾ ਸੀ। ਪਰ ਹੁਣ ਕਾਂਗਰਸ ਸਰਕਾਰ ਦੇ ਆਉਣ ਨਾਲ ਸ਼ਹਿਰ ਨੂੰ ਸਰਕਾਰ ਵੱਲੋਂ ਮਦਦ ਨਹੀਂ ਮਿਲ ਰਹੀ । ਸਰਕਾਰੀ ਅਧਿਕਾਰੀਆਂ ਨੇ ਵੀ ਇਸ ਤਰਫ਼ ਸ਼ਾਇਦ ਧਿਆਨ ਦੇਣਾ ਛੱਡ ਦਿੱਤਾ ਹੈ। ਉਹਨਾਂ ਦੱਸਿਆ ਕਿ ਸ਼ਹਿਰ ਦਾ ਕੂੜਾ ਕਰਕਟ ਨਾ ਚੁੱਕਿਆ ਜਾ ਸਕਣ ਕਾਰਨ ਅੱਜ ਸ਼ਹਿਰ ਵਾਸੀ ਗੰਦਗੀ ਵਿੱਚ ਜਿਊਣ ਲਈ ਮਜਬੂਰ ਹਨ, ਜੋ ਕਿ ਅੱਗੇ ਚਲ ਕੇ ਭਿਆਨਕ ਬਿਮਾਰੀਆਂ ਨੂੰ ਜਨਮ ਦੇਣ ਦਾ ਕਾਰਨ ਬਣ ਸਕਦੇ ਹਨ। ਉਹਨਾਂ ਸਥਾਨਿਕ ਸਰਕਾਰਾਂ ਮੰਤਰੀ ਸ: ਨਵਜੋਤ ਸਿੰਘ ਸਿੱਧੂ ‘ਤੇ ਕਟਾਖਸ਼ ਕਸਦਿਆਂ ਕਿਹਾ ਕਿ ਬੀਤੇ ਸਮਿਆਂ ਦੌਰਾਨ ਸ: ਸਿੱਧੂ ਵੱਲੋਂ ਲੋਕ ਸਭਾ ਚੋਣਾਂ ਵਿੱਚ ਉਹਨਾਂ ਨੂੰ ਵਾਰ ਵਾਰ ਮਿਲੀਆਂ ਜਿੱਤਾਂ ਦਾ ਸਿਹਰਾ ਸ: ਮਜੀਠੀਆ ਅਤੇ ਮਜੀਠਾ ਵਾਸੀਆਂ ਸਿਰ ਸਜਾਉਂਦਿਆਂ ਮਜੀਠਾ ਵਾਸੀਆਂ ਨੂੰ ਆਪਣੇ ਚੰਮ ਦੀਆਂ ਜੁਟੀਆਂ ਬਣਾ ਕੇ ਪਾ ਲੈਣ ਦੀ ਗਲ ਸਟੇਜਾਂ ਤੋਂ ਖੂਬ ਕੀਤੀ ਜਾਂਦੀ ਰਹੀ, ਪਰ ਕਾਂਗਰਸ ਸਰਕਾਰ ਵਿੱਚ ਪੁਜ਼ੀਸ਼ਨ ਹਾਸਲ ਕਰਨ ਉਪਰੰਤ ਉਹ ਵੀ ਮਜੀਠੇ ਵਾਸੀਆਂ ਪ੍ਰਤੀ ਅਹਿਸਾਨ ਵਿੱਚ ਕਹੀ ਗਈ ਉਕਤ ਗਲ ਨੂੰ ਸ਼ਾਇਦ ਭੁੱਲ ਭੁਲਾ ਚੁੱਕੇ ਹਨ। ਉਹਨਾਂ ਕਿਹਾ ਕਿ ਹਲਕਾ ਮਜੀਠਾ ਅਤੇ ਮਜੀਠੇ ਦੇ ਵਿਕਾਸ ਕਰਾਉਣ ਦਾ ਇਨਾਮ ਸ: ਮਜੀਠੀਆ ਨੂੰ ਸ਼ਹਿਰ ਦੇ ਲੋਕਾਂ ਨੇ ਉਹਨਾਂ ਨੂੰ ਕਈ ਵਾਰ ਭਾਰੀ ਜਿੱਤਾਂ ਦੁਆ ਕੇ ਦਿੱਤਾ ਹੈ, ਪਰ ਕਾਂਗਰਸ ਪਾਰਟੀ ਆਪਣੀਆਂ ਹਾਰਾਂ ਲਈ ਸਥਾਨਿਕ ਲੋਕਾਂ ਸਬਕ ਸਿਖਾਉਣ ਦੀ ਮੂਡ ਵਿੱਚ ਹੈ ਤਾਂ ਹੀ ਉਹਨਾਂ ਨਗਰ ਦੀ ਸਫ਼ਾਈ ਅਤੇ ਵਿਕਾਸ ਪ੍ਰਤੀ ਆਪਣਾ ਮੂੰਹ ਫੇਰ ਲਿਆ ਹੋਇਆ ਹੈ। ਆਗੂਆਂ ਨੇ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਗਰ ਦੀ ਸਫ਼ਾਈ ਅਤੇ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *