ਭ੍ਰਿਸ਼ਟਾਚਾਰ ਨੂੰ ਰੱਤੀ ਭਰ ਵੀ ਸਹਿਣ ਨਹੀਂ ਕੀਤਾ ਜਾਵੇਗਾ – ਮੁੱਖ ਮੰਤਰੀ
ਮੀਡੀਆ ਵਿੱਚ ਪਾਰਦਰਸ਼ਤਾ ਨੂੰ ਬੜ੍ਹਾਵਾ ਦੇਣ ਲਈ ਢੁਕਵਾਂ ਮਹੌਲ ਮੁਹੱਈਆ ਕਰਵਾਉਣ ਦਾ ਵਾਅਦਾ
ਚੰਡੀਗੜ੍ਹ, 30 ਮਈ (ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਸਰਕਾਰ ਵਲੋਂ ਭ੍ਰਿਸ਼ਟਾਚਾਰ ਨੂੰ ਰੱਤੀ ਭਰ ਵੀ ਸਹਿਣ ਨਾ ਕਰਨ ਅਤੇ ਇਸ ਨੂੰ ਪੂਰੀ ਸਖਤੀ ਨਾਲ ਮਸਲ ਦੇਣ ਦੀ ਜਨਤਕ ਤੌਰ ‘ਤੇ ਵਚਨਬੱਧਤਾ ਦੁਹਰਾਈ ਹੈ।
ਜ਼ੀ ਪੰਜਾਬ, ਹਰਿਆਣਾ ਅਤੇ ਹਿਮਾਚਲ ਚੈਨਲ ਨੂੰ ਸ਼ੁਰੂ ਕਰਨ ਦੇ ਮੌਕੇ ਜ਼ੀ ਟੈਲੀਵਿਜ਼ਨ ਸ਼ੋਅ – ਪੰਜਾਬ ਦੀ ਨਿਊ ਰੋਡਸ਼ੋਅ – ਦੌਰਾਨ ਸੰਬੋਧਨ ਕਰਦੇ ਹੋਏ ਅਤੇ ਉੱਥੇ ਇਕੱਤਰ ਪ੍ਰਭਾਵੀ ਲੋਕਾਂ ਦੇ ਇਕੱਠ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਆਪਣੀ ਸਰਕਾਰ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਨੂੰ ਛੂਹਿਆ।
ਪੰਜਾਬ ਲਈ ਭ੍ਰਿਸ਼ਟਾਚਾਰ ਇੱਕ ਵੱਡੀ ਲਾਹਨਤ ਦਸਦੇ ਹੋਏ ਅਤੇ ਇਸਦੇ ਪਿਛਲੀ ਸਰਕਾਰ ਦੌਰਾਨ ਵੱਡੀ ਪੱਧਰ ‘ਤੇ ਵਧਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਨੇ ਉਦਯੋਗ ਨੂੰ ਸੂਬੇ ਤੋਂ ਪਰ੍ਹੇ ਰੱਖਿਆ ਹੋਇਆ ਹੈ ਅਤੇ ਉਹ ਸੂਬੇ ਨੂੰ ਮੁੜ ਉਦਯੋਗਿਕ ਵਿਕਾਸ ਦੀ ਲੀਹ ਤੇ ਲਿਆਉਣ ਲਈ ਦ੍ਰਿੜ੍ਹ ਹਨ।
ਹਾਲ ਹੀ ਦੀ ਰੇਤਾ ਦੀ ਨਿਲਾਮੀ ਦੇ ਸਬੰਧ ਵਿੱਚ ਸੰਚਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ‘ਤੇ ਲੱਗੇ ਦੋਸ਼ਾਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਦੋਸ਼ਾਂ ਦੀ ਜਾਂਚ ਲਈ ਕਮੇਟੀ ਗਠਿਤ ਕਰ ਦਿੱਤੀ ਗਈ ਹੈ।
ਸੂਬੇ ਦੇ ਸਬੰਧ ਵਿੱਚ ਸੰਜੋਏ ਗਏ ਆਪਣੇ ਸੁਪਨਿਆਂ ਨੂੰ ਲੋਕਾਂ ਨਾਲ ਸਾਂਝਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ, ਉਦਯੋਗ ਦੀ ਸੁਰਜੀਤੀ ਅਤੇ ਫਸਲੀ ਵਿਭਿੰਨਤਾ ਨੂੰ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਚਿਹਰੇ ‘ਤੇ ਮੁਸਕਾਨ ਨੂੰ ਮੁੜ ਲਿਆਉਣ ਦੇ ਲਈ ਅਹਿਮ ਪ੍ਰੋਗਰਾਮ ਉਲੀਕੇ ਗਏ ਹਨ।
ਜ਼ੀ ਦੇ ਚੇਅਰਮੈਨ ਅਤੇ ਸੰਸਦ ਮੈਬਰ ਸੁਭਾਸ਼ ਚੰਦਰਾ ਨੂੰ ਇਹ ਨਵਾਂ ਉਦਮ ਸ਼ੁਰੂ ਕਰਨ ਲਈ ਵਧਾਈ ਦੇਂਦੇ ਹੋਏ ਮੁੱਖ ਮੰਤਰੀ ਨੇ ਨਵੇਂ ਚੈਨਲ ਦਾ ਸੁਆਗਤ ਕਰਦਿਆਂ ਮੀਡੀਆ ਵਿੱਚ ਪਾਰਦਰਸ਼ਤਾ ਲਿਆਉਣ ਦੀ ਦਿਸ਼ਾ ਵੱਲ ਨੂੰ ਇੱਕ ਹਾਂਪੱਖੀ ਕਦਮ ਦੱਸਿਆ। ਮੁੱਖ ਮੰਤਰੀ ਨੇ ਵਾਅਦਾ ਕੀਤਾ ਕਿ ਸੂਬੇ ਦੀਆਂ ਜਮਹੂਰੀ ਸੰਸਥਾਵਾਂ ਨੂੰ ਬੜ੍ਹਾਵਾ ਦੇਣ ਲਈ ਮੀਡੀਆ ਘਰਾਣਿਆਂ ਨੂੰ ਢੁਕਵਾਂ ਅਤੇ ਆਜ਼ਾਦਾਨਾ ਵਾਤਾਵਰਣ ਮੁਹੱਈਆ ਕਰਵਾਈਆ ਜਾਵੇਗਾ।
ਮੁੱਖ ਮੰਤਰੀ ਨੇ ਲੋਕਾਂ ਨੂੰ ਸਚਾਈ ਦੇ ਰੂ-ਬਰੂ ਕਰਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਦੋਸ਼ ਲਾਇਆ ਕਿ ਪਿਛਲੀ ਸਰਕਾਰ ਨੇ ਝੂਠੇ ਭੰਡੀ ਪ੍ਰਚਾਰ ਨਾਲ ਲੋਕਾਂ ਦੇ ਵਿਚਾਰਾਂ ਵਿੱਚ ਦਖਲ ਦੇਣ ਦੀ ਪੂਰੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਪੀ.ਟੀ.ਸੀ ਚੈਨਲ ਵਲੋਂ ਫੈਲਾਏ ਜਾ ਰਹੇ ਝੂਠ ਤੋਂ ਬੱਚਣ ਦੀ ਚੇਤਾਵਨੀ ਦਿੱਤੀ ਜੋ ਕਿ ਪੂਰੀ ਤਰ੍ਹਾਂ ਬਾਦਲਾਂ ਦੇ ਨਿਯੰਤਰਣ ਵਿੱਚ ਹੈ।
ਮੁੱਖ ਮੰਤਰੀ ਨੇ ਬਾਦਲਾਂ ਵਲੋਂ ਕੀਤੀ ਗਈ ਵਿੱਤੀ ਤਬਾਹੀ ਦੀ ਤਿੱਖੀ ਆਲੋਚਨਾ ਕੀਤੀ ਅਤੇ ਕਿਹਾ ਕਿ ਇਹ ਸਾਰੀਆਂ ਸਮੱਸਿਆਵਾਂ ਸਰਕਾਰ ਵਲੋਂ ਵਿੱਤੀ ਸਥਿੱਤੀ ਬਾਰੇ ਵਾਈਟ ਪੇਪਰ ਲਿਆਉਣ ਦੇ ਨਾਲ ਸਾਹਮਣੇ ਆ ਜਾਣਗੀਆਂ। ਉਨ੍ਹਾਂ ਕਿਹਾ ਕਿ ਵਾਈਟ ਪੇਪਰ ਛੇਤੀ ਹੀ ਜਾਰੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਵਲੋਂ ਦੱਸੇ ਜਾ ਰਹੇ ਕਰਜ਼ੇ ਨਾਲੋਂ ਇਹ ਕਰਜ਼ਾ ਬਹੁਤ ਜ਼ਿਆਦਾ ਵੱਧ ਹੈ।
ਬਾਦਲ ਸਰਕਾਰ ਵਲੋਂ ਵੱਡੇ ਪੱਧਰ ‘ਤੇ ਕੀਤੇ ਗਏ ਦੁਰਪ੍ਰਬੰਧ ਦੀ ਆਲੋਚਨਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਮੇਰੀ ਸਰਕਾਰ ਵਲੋਂ ਪਿਛਲੇ ਕਾਰਜ ਕਾਲ ਦੌਰਾਨ ਰੁਜ਼ਗਾਰ ਪੈਦਾ ਕਰਨ ਸਣੇ ਸ਼ੁਰੂ ਕੀਤੀਆਂ ਭਲਾਈ ਸਕੀਮਾਂ ਨੂੰ ਰੱਦ ਕਰ ਦਿੱਤਾ ਸੀ। ਸੂਬੇ ਦੇ 90 ਲੱਖ ਨੌਜੁਵਾਨਾਂ ਨੂੰ ਆਪਣੀ ਸਰਕਾਰ ਵਲੋਂ ਰੋਜ਼ਗਾਰ ਮੁਹੱਈਆ ਕਰਵਾਉਣ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਨੌਜੁਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਇਹੋ ਹੀ ਇੱਕ ਰਾਹ ਹੈ। ਉਨ੍ਹਾਂ ਦੇ ਭਰੋਸਾ ਦਵਾਇਆ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਨਾਲ ਕੀਤੇ ਆਪਣੇ ਸਾਰੇ ਵਾਅਦੇ ਪੂਰੇ ਕਰੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਨਿਯਮਤ ਤੌਰ ‘ਤੇ ਆਪਣੇ ਫੋਸਬੁਕ ਪੇਜ ਨੂੰ ਦੇਖਦੇ ਹਨ ਤਾਂ ਜੋ ਉਹ ਇਹ ਜਾਣ ਸਕਣ ਕੇ ਲੋਕ ਕਿ ਸੋਚਦੇ ਹਨ। ਇਸਦੇ ਨਾਲ ਹੀ ਉਨ੍ਹਾਂ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਜਲਦੀ ਤੋਂ ਜਲਦੀ ਹੱਲ ਕੀਤੀਆਂ ਜਾ ਸਕਣ।
ਵਿਸ਼ੇਸ਼ ਟਾਸਕ ਫੋਰਸ ਵਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਪਿਛਲੇ ਦੋ ਮਹੀਨਿਆਂ ਦੀ ਸਭ ਤੋਂ ਵੱਡੀ ਪ੍ਰਾਪਤੀ ਦਸਦੇ ਹੋਏ ਮੁੱਖ ਮੰਤਰੀ ਨੇ ਡਰੱਗ ਮਾਫੀਆ ਦੀ ਕਮਰ ਤੋੜਣ ਲਈ ਆਪਣੀ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ ਕਿ ਵੱਡੀਆਂ ਮੱਛੀਆਂ ਨੂੰ ਗ੍ਰਿਫਤਾਰ ਕਰਕੇ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਤੱਕ ਨਸ਼ਿਆਂ ਦੀ ਤਸਕਰੀ ਨਾਲ ਸਬੰਧਤ 4000 ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾ ਚੁੱਕੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਨਸ਼ਿਆਂ ਨਾਲ ਪ੍ਰਭਾਵਿਤ 70 ਫੀਸਦੀ ਲੋਕ ਮੁੜਵਸੇਬਾ ਕੇਂਦਰਾਂ ਵਿੱਚ ਆ ਰਹੇ ਹਨ ਜੋ ਕਿ ਸਰਕਾਰ ਦੀ ਨਸ਼ਿਆਂ ਵਿਰੋਧੀ ਸਫਲ ਮੁਹਿੰਮ ਦਾ ਸੰਕੇਤ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਮਹੀਨੇ ਮੁੰਬਈ ਦੇ ਦੌਰੇ ਦੌਰਾਨ ਉਦਯੋਗਪਤੀਆਂ ਵਲੋਂ ਪ੍ਰਾਪਤ ਹੋਏ ਹੁੰਗਾਰੇ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਅੰਬਾਨੀਜ਼ ਵਲੋਂ ‘ਫਾਰਮ ਟੂ ਫੀਲਡ’ ਪ੍ਰੋਜੈਕਟ ਨੂੰ ਮੁੜ ਸੁਰਜੀਤ ਕਰਨ ਲਈ ਵਿਖਾਈ ਗਈ ਦਿਲਚਸਪੀ ਦਾ ਵੀ ਜ਼ਿਕਰ ਕੀਤਾ ਜੋ ਕਿ ਉਨ੍ਹਾਂ ਦੀ ਪਿਛਲੀ ਸਰਕਾਰ ਦੇ ਕਾਰਜ ਕਾਲ ਦੌਰਾਨ ਭਾਈਵਾਲੀ ਨਾਲ ਸ਼ੁਰੂ ਕੀਤਾ ਗਿਆ ਸੀ।
ਮੁੱਖ ਮੰਤਰੀ ਨੇ ਕਣਕ ਦੀ ਸਮੇਂ ਸਿਰ, ਬਿਨਾ ਅੜਚਣ ਅਤੇ ਕੁਸ਼ਲ ਖਰੀਦ ਬਾਰੇ ਵੀ ਆਪਣੀ ਸਰਕਾਰ ਦੀ ਸਫਲਤਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਸਾਨਾਂ ਨੂੰ ਢੁਕਵੇਂ ਭਾਅ ਯਕੀਨੀ ਬਣਾਉਣ ਲਈ ਇੱਕ ਵਿਧੀ ਵਿਧਾਨ ਤਿਆਰ ਕਰਨ ਦਾ ਵਾਅਦਾ ਕੀਤਾ ਜਿਸ ਨੂੰ ਉਹ ਪਹਿਲਾਂ ਹੀ ਮੱਕੀ ਦੀ ਖਰੀਦੇ ਦੇ ਸਬੰਧ ਵਿੱਚ ਕੇਂਦਰ ਸਰਕਾਰ ਕੋਲ ਉਠਾ ਚੁੱਕੇ ਹਨ ਅਤੇ ਫਸਲੀ ਵਿਭਿੰਨਤਾ ਲਈ ਇਸਦੇ ਵਾਸਤੇ ਘੱਟੋਂ-ਘੱਟ ਸਮਰਥਣ ਮੁੱਲ ਯਕੀਨੀ ਬਣਾਉਣ ‘ਤੇ ਜ਼ੋਰ ਦੇ ਚੁੱਕੇ ਹਨ।
ਉਨ੍ਹਾਂ ਨੇ ਨੌਜੁਵਾਨਾਂ ਨੂੰ ਰੋਜ਼ਗਾਰ ਦੇ ਯੋਗ ਬਣਾਉਣ ਵਾਸਤੇ ਸਿੱਖਿਆ ਦੇ ਖੇਤਰ ਅਤੇ ਸਿਹਤ ਪ੍ਰਣਾਲੀ ਦੇ ਕਾਇਆਕਲਪ ਕਰਨ ਲਈ ਵੀ ਵਚਨਬੱਧਤਾ ਦੁਹਰਾਈ।

