ਸਰਹੱਦ ਤੋਂ 5 ਕਿੱਲੋ ਹੈਰੋਇਨ ਫੜੀ-2 ਤਸਕਰ ਕਾਬੂ
ਫਿਰੋਜ਼ਪੁਰ 30 ਮਈ (ਮਧੂਸਾਰ ਬਿਊਰੋ) ਪੰਜਾਬ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ (ਐਸ.ਟੀ.ਐਫ਼.) ਨੇ ਭਾਰਤ-ਪਾਕਿ ਸਰਹੱਦ ਦੇ ਡੀ.ਟੀ. ਮੱਲ ਇਲਾਕੇ ਨੇੜਿਓਂ ਦੋ ਤਸਕਰਾਂ ਨੂੰ ਗਿਫਤਾਰ ਕਰਕੇ ਉਨਾਂ ਕੋਲੋਂ 5 ਕਿੱਲੋ ਹੈਰੋਇਨ ਬਰਾਮਦ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।
ਫਿਰੋਜਪੁਰ ਜਿਲੇ ਦੇ ਪਿੰਡ ਰੁਹੇਲਾ ਹਾਜੀ ਦ ਸਾਬਕਾ ਸਰਪੰਚ ਗੁਰਮੇਜ ਸਿੰਘ ਗੇਜਾ ਅਤੇ ਪਿੰਡ ਭਾਂਬਾ ਹਾਜੀ ਦੇ ਪ੍ਰਤਾਪ ਸਿੰਘ ਟੀਟੂ ਨੂੰ ਗ੍ਰਿਫਤਾਰ ਕਰਕੇ ਦੋਹਾਂ ਵਿਰੁੱਧ ਥਾਣਾ ਮਿਹਰਬਾਨ ਜਿਲਾ ਲੁਧਿਆਣਾ ਵਿਖੇ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਐਸ.ਟੀ.ਐਫ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੇ ਪੁੱਛਗਿਛ ਦੌਰਾਨ ਪਾਕਿਸਤਾਨ ਸਥਿਤ ਤਸਕਰਾਂ ਨਾਲ ਸੰਪਰਕ ਵਿਚ ਰਹਿਣਾ ਮੰਨਿਆ ਹੈ। ਉਹਨਾਂ ਕੋਲੋਂ ਪਾਕਿਸਤਾਨ ਦੀ ਜਿਓਂਗ ਕੰਪਨੀ ਦਾ ਸਿਮ ਵੀ ਬਰਾਮਦ ਹੋਇਆ ਹੈ ਅਤੇ ਸ਼ੱਕ ਕੀਤਾ ਜਾ ਰਿਹਾ ਹੈ ਕਿ ਉਹ ਇਸ ਸਿਮ ਰਾਹੀਂ ਪਾਕਿਸਤਾਨ ਦੇ ਤਸਕਰਾਂ ਨਾਲ ਸੰਪਰਕ ਵਿਚ ਸਨ। ਉਹਨਾਂ ਦੱਸਿਆ ਕਿ ਇਸ ਸਬੰਧੀ ਹੋਰ ਤਫ਼ਤੀਸ਼ ਜਾਰੀ ਹੈ ਅਤੇ ਨਸ਼ਿਆਂ ਦੀ ਤਸਕਰੀ ਸਬੰਧੀ ਹੋਰ ਤੱਥ ਉਜਾਗਰ ਹੋਣਗੇ। ਬੁਲਾਰੇ ਨੇ ਦੱਸਿਆ ਕਿ ਪੰਜਾਬ ਵਿਚੋਂ ਨਸ਼ਿਆਂ ਦੇ ਖਾਤਮੇ ਲਈ ਰਾਜ ਸਰਕਾਰ ਵੱਲੋਂ ਵਿੱਢੀ ਮੁਹਿੰਮ ਤਹਿਤ ਹੁਣ ਤਕ ਐਸ.ਟੀ.ਐਫ. ਨੇ 15.5 ਕਿਲੋ ਹੈਰੋਇਨ ਸਮੇਤ ਕਾਫੀ ਤਸਕਰਾਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ।

