ਪਟਿਆਲਾ

ਰਾਸ਼ਟਰੀ ਜਯੋਤੀ ਕਲਾ ਮੰਚ ਵੱਲੋਂ ਬੁੱਢਾ ਦਲ ਪਬਲਿਕ ਸਕੂਲ ਵਿਖੇ ਸਮਰ ਕੈਂਪ ਦਾ ਆਯੋਜਨ

ਪਟਿਆਲਾ, 5 ਜੂਨ (ਮਧੂਸਾਰ ਬਿਊਰੋ)
ਬੱਚਿਆਂ ਦੀ ਅੰਦਰੂਨੀ ਯੋਗਤਾ ਨੂੰ ਉਭਾਰਣ ਦੇ ਲਈ ਰਾਸ਼ਟਰੀ ਜਯੋਤੀ ਕਲਾ ਮੰਚ ਅਤੇ ਸਹਾਇਤਾ ਯੂਥ ਕਲੱਬ ਵੱਲੋਂ ਬੁੱਢਾ ਦਲ ਪਬਲਿਕ ਸਕੂਲ ਪ੍ਰਾਈਮਰੀ ਵਿੰਗ ਵਿਖੇ ਇੱਕ ਮਹੀਨੇ ਚੱਲਣ ਵਾਲਾ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਸ੍ਰੀਮਤੀ ਸੁਖਵਿੰਦਰਜੀਤ ਕੌਰ ਪ੍ਰੈਜ਼ੀਡੈਂਟ ਬੁੱਢਾ ਦਲ ਪਬਲਿਕ ਸਕੂਲ ਨੇ ਕੀਤਾ। ਇਸ ਮੌਕੇ ਬੱਚਿਆਂ ਵੱਲੋਂ ਤਿਆਰ ਕੀਤੀ ਗਈ ਸਰਸਵਤੀ ਵੰਦਨਾ ਗਾ ਕੇ ਪੇਸ਼ ਕੀਤੀ।

ਮੁੱਖ ਮਹਿਮਾਨ ਨੇ ਕਿਹਾ ਕਿ ਗਰਮੀਆਂ ਦੇ ਮੌਸਮ ਦਾ ਸਹੀ ਇਸਤੇਮਾਲ ਕਰਨ ਲਈ ਸਮਰ ਕੈਂਪ ਬਹੁਤ ਹੀ ਉਤਮ ਮਾਧਿਅਮ ਹੈ, ਜਿੱਥੇ ਬੱਚੇ ਨਵੀਂਆਂ ਗਤੀਵਿਧੀਆਂ ਸਿੱਖਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਯੋਗਤਾ ਨਿਰਮਾਣ ਦਾ ਮੌਕਾ ਵੀ ਮਿਲਦਾ ਹੈ। ਜਦਕਿ ਸ੍ਰੀ ਭਗਵਾਨ ਦਾਸ ਜੁਨੇਜਾ ਗਰੀਨ ਮੈਨ ਨੇ ਕਿਹਾ ਕਿ ਮੰਚ ਦੇ ਡਾਇਰੈਕਟਰ ਸ੍ਰੀ ਰਾਕੇਸ਼ ਠਾਕੁਰ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਮਮਤਾ ਠਾਕੁਰ ਪਿਛਲੇ 16 ਸਾਲਾਂ ਤੋਂ ਅਜਿਹੇ ਕੈਂਪ ਲਗਾ ਕੇ ਬੱਚਿਆਂ ਨੂੰ ਨਵੀਂ ਦਿਸ਼ਾ ਦੇ ਰਹੇ ਹਨ, ਉਥੇ ਹੀ ਦੂਜੇ ਪਾਸੇ ਇਹ ਜੋੜੀ ਕਈ ਤਰ੍ਹਾਂ ਦੇ ਸਮਾਜਿਕ ਕੰਮਾਂ ਨੂੰ ਵੀ ਅੰਜਾਮ ਦੇ ਰਹੀ ਹੈ। ਸ੍ਰੀ ਠਾਕੁਰ ਨੇ ਕਿਹਾ ਕਿ ਇਸ ਕੈਂਪ ਵਿਚ ਵਿਰਾਸਤੀ ਨ੍ਰਿਤ ਪੱਛਮੀ ਅਤੇ ਸ਼ਾਸ਼ਤਰੀ ਨ੍ਰਿਤ ਤੋਂ ਇਲਾਵਾ ਆਰਟ ਐਂਡ ਕਰਾਫਟ, ਪੇਂਟਿੰਗ, ਸੰਗੀਤ, ਅਦਾਕਾਰੀ, ਯੋਗਾ, ਮਾਡਲਿੰਗ, ਤਾਈਕਵਾਂਡੋ ਆਦਿ ਦੀ ਸਿਖਲਾਈ ਦਿੱਤੀ ਜਾਵੇਗੀ ਅਤੇ ਸਿਖਲਾਈ ਦੇਣ ਵਾਲੇ ਇੰਸਟਰੱਕਟਰ ਆਪਣੇ ਕੰਮ ਵਿਚ ਮਾਹਰ ਹਨ। ਇਸ ਤੋਂ ਇਲਾਵਾ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਯੂ.ਐਸ.ਏ. ਅਤੇ ਐਸ.ਆਰ. ਪਾਸੀ, ਪ੍ਰੀਤ ਕੰਵਲ ਇੰਚਾਰਜ ਜੂਨੀਅਰ ਵਿੰਗ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਬਾਬਾ ਬਲਬੀਰ ਸਿੰਘ 96 ਕਰੋੜੀ ਦਾ ਵੀ ਧੰਨਵਾਦ ਕੀਤਾ। ਮੰਚ ਸੰਚਾਲਨ ਪ੍ਰਿੰਸੀਪਲ ਅਨੀਤਾ ਗੁਪਤਾ ਨੇ ਬਾਖੂਬੀ ਨਿਭਾਈ।

Leave a Reply

Your email address will not be published. Required fields are marked *