ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ
ਪਟਿਆਲਾ, 7 ਦਸੰਬਰ (ਮਧੂਸਾਰ ਬਿਊਰੋ)
ਸ਼ਸਤਰ ਸੈਨਾਵਾਂ ਝੰਡਾ ਦਿਵਸ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆ ਏ.ਡੀ.ਸੀ ਸ੍ਰੀ ਮਹਿੰਦਰਪਾਲ ਨੇ ਦੇਸ਼ ਵਾਸੀਆਂ ਨੂੰ ਸ਼ਸਤਰ ਸੈਨਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਣ ਲਈ ਕਿਹਾ ਅਤੇ ਸਹਿਰ ਦੇ ਸਮੂਹ ਸਿੱਖਿਆ ਅਤੇ ਉਦਯੋਗਿਕ ਸੰਸਥਾਵਾਂ ਨੂੰ ਇਸ ਫੰਡ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਕਿਹਾ।
ਇਸ ਮੋਕੇ ‘ਤੇ ਜ਼ਿਲ੍ਹੇ ਦੇ ਵੱਖ ਵੱਖ ਵਿਭਾਗਾਂ ਦੇ ਅਫਸਰ ਅਤੇ ਨੁਮਾਇੰਦਿਆਂ ਨੇ ਹਿੱਸਾ ਲਿਆ। ਸਮਾਗਮ ਵਿੱਚ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਕਮਾਂਡਰ ਬਲਜਿੰਦਰ ਵਿਰਕ ਨੇ ਝੰਡਾ ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਹਨਾਂ ਪੰਜਾਬ ਸਰਕਾਰ ਵੱਲੋਂ ਸਾਬਕਾ ਸੈਨਿਕਾਂ ਲਈ ਵੱਖ-ਵੱਖ ਭਲਾਈ ਸਕੀਮਾਂ ਬਾਰੇ ਅਤੇ ਪਿਛਲੇ ਸਾਲ ਵਿੱਚ ਸਕੀਮਾਂ ਵਿੱਚ ਕੀਤੇ ਵਾਧੇ ਅਤੇ ਨਵੀਆਂ ਸਕੀਮਾਂ ਬਾਰੇ ਦੱਸਿਆ। ਸਮਾਗਮ ਦੋਰਾਨ ਲੋੜਵੰਦ ਸਾਬਕਾ ਸੈਨਿਕਾਂ ਅਤੇ ਉਹਨਾਂ ਦੀਆਂ ਵਿਧਵਾਵਾਂ ਨੂੰ ਮਾਲੀ ਸਹਾਇਤਾ ਦੇ ਚੈਕ ਵੀ ਵੰਡੇ ਗਏ। ਪਿਛਲੇ ਸਾਲ ਵਿੱਚ ਝੰਡਾ ਫੰਡ ਵਿੱਚ ਸਭ ਤੋਂ ਵੱਧ ਰਾਸ਼ੀ ਦਾਨ ਕਰਨ ਵਾਲੇ ਆਦਾਰੇ ਅਤੇ ਸਿੱਖਿਆਂ ਸੰਸਥਾਵਾਂ ਨੂੰ ਵੀ ਸਨਮਾਨ ਚਿੰਨ ਭੇਟ ਕੀਤੇ ਗਏ।
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ ਬਲਜਿੰਦਰ ਵਿਰਕ ਨੇ ਦੱਸਿਆ ਕਿ ਐਸ ਡੀ ਐਮ ਨਾਭਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸ਼ਿਵਾਲਿਕ ਪਬਲਿਕ ਸਕੂਲ ਵਲੋਂ ਪਿਛਲੇ ਵਰ੍ਹੇ ਦੌਰਾਨ ਸਭ ਤੋਂ ਵੱਧ ਰਾਸ਼ੀ ਝੰਡਾ ਦਿਵਸ ਲਈ ਦਾਨ ਕੀਤੀ ਹੈ ਅਤੇ ਇਹ ਦੂਸਰੇ ਅਦਾਰਿਆਂ ਅਤੇ ਸਿੱਖਿਆ ਸੰਸਥਾਵਾਂ ਲਈ ਇੱਕ ਮਿਸਾਲ ਵਜੋਂ ਸਾਹਮਣੇ ਆਏ ਹਨ। ਇਸ ਮੌਕੇ ਰਾਇਲ ਸਿਟੀ ਰਾਈਡਰਜ਼ ਕਲੱਬ ਵੱਲੋਂ 20 ਹਜ਼ਾਰ ਅਤੇ ਐਕਸ ਸੋਲਜ਼ਰ ਸੈਲਰ ਅਤੇ ਏਅਰਮੈਨ ਐਸੋਸੀਏਸ਼ਨ ਵੱਲੋਂ 11 ਹਜ਼ਾਰ ਝੰਡਾ ਦਿਵਸ ਫੰਡ ਵਿੱਚ ਦਿੱਤੇ ਗਏ। ਸਮਾਗਮ ਵਿੱਚ ਜ਼ਿਲ੍ਹਾ ਰੱਖਿਆ ਸੇਵਾਵਾਂ ਦਫਤਰ ਦਾ ਸਮੂਹ ਸਟਾਫ ਅਤੇ ਸਾਬਕਾ ਸੈਨਿਕਾਂ ਨੇ ਸ਼ਮੂਲੀਅਤ ਕੀਤੀ।

