ਡਾ. ਉੱਭਾ ਸੁੱਚੇ ਬੋਲਾਂ ਦਾ ਸ਼ਾਇਰ ਹੈ: ਡਾ. ਸਤੀਸ਼ ਕੁਮਾਰ ਵਰਮਾ
ਪਟਿਆਲਾ 8 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ)
ਖ਼ਾਲਸਾ ਕਾਲਜ, ਪਟਿਆਲਾ ਵਿਖੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਦੇ 49ਵੇਂ ਜਨਮ ਦਿਨ ਮੌਕੇ ਉਨ੍ਹਾਂ ਦੀਆਂ ਦੋ ਕਾਵਿ-ਪੁਸਤਕਾਂ ‘ਰਾਤ ਦਾ ਰੇਗਿਸਤਾਨ’, ‘ਤੇ ਅੱਖਰ ਬੋਲ ਪਏ’ ਦੇ ਦੂਜੀ ਵਾਰ ਛਪਣ ‘ਤੇ ਇਨ੍ਹਾਂ ਨੂੰ ਰਿਲੀਜ਼ ਕੀਤਾ ਗਿਆ। ਰਿਲੀਜ਼ ਸਮਾਗਮ ਦੇ ਮੁੱਖ ਮਹਿਮਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡਾਇਰੈਕਟਰ, ਯੁਵਕ ਸੇਵਾਵਾਂ ਰਹਿ ਚੁੱਕੇ ਪੰਜਾਬੀ ਜਗਤ ਦੀ ਪ੍ਰਸਿੱਧ ਹਸਤੀ ਪ੍ਰੋ. ਸਤੀਸ਼ ਕੁਮਾਰ ਵਰਮਾ ਸਨ।
ਡਾ. ਧਰਮਿੰਦਰ ਸਿੰਘ ਉੱਭਾ ਨੇ ਮਹਿਮਾਨਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸਾਹਿਤਕ ਸਫ਼ਰ 1994 ਵਿੱਚ ‘ਰਾਤ ਦਾ ਰੇਗਿਸਤਾਨ’ ਪੁਸਤਕ ਛਪਣ ਨਾਲ ਸ਼ੁਰੂ ਹੋਇਆ, 2001 ਵਿੱਚ ‘ਤੇ ਅੱਖਰ ਬੋਲ ਪਏ’, 2015 ਵਿੱਚ ‘ਬੂੰਦ ਤੋਂ ਸਾਗਰ’ ਅਤੇ 2017 ਵਿੱਚ ‘ਤੇਰੇ ਨਾਲ’ ਕਾਵਿ-ਪੁਸਤਕਾਂ ਛਪੀਆਂ। ਡਾ. ਉੱਭਾ ਨੇ ਆਪਣੀ ਸਿਰਜਣ ਪ੍ਰਕ੍ਰਿਆ ਬਾਰੇ ਬੋਲਦਿਆਂ ਕਿਹਾ ਕਿ ਮੇਰੇ ਲਈ ਕਵਿਤਾ ਲਿਖਣਾ ਜ਼ਿੰਦਗੀ ਜਿਉਣ ਵਾਂਗ ਹੈ ਅਤੇ ਮੇਰੀਆਂ ਰਚਨਾਵਾਂ ਜ਼ਿੰਦਗੀ ਦੇ ਸੰਘਰਸ਼ ਵਿਚੋਂ ਪੈਦਾ ਹੋਈਆਂ ਹਨ। ਇਹ ਰਚਨਾਵਾਂ ਬੰਦਿਸ਼ਾ ਦੀਆਂ ਗੁਲਾਮ ਨਹੀਂ ਸਗੋਂ ਭਾਵਨਾਵਾਂ ਦਾ ਵਗਦਾ ਦਰਿਆ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਿਰਜਣ ਪ੍ਰਕ੍ਰਿਆ ਵਿੱਚ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ।
ਇਸ ਮੌਕੇ ਡਾ. ਸਤੀਸ਼ ਕੁਮਾਰ ਵਰਮਾ ਨੇ ਡਾ. ਉੱਭਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਨ੍ਹਾਂ ਕਾਵਿ ਪੁਸਤਕਾਂ ਦਾ ਦੂਜੀ ਵਾਰ ਛਪਣਾ ਪੰਜਾਬੀ ਸਾਹਿਤ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਉੱਭਾ ਪਰਿਵਾਰ ਦੀ ਸੰਘਰਸ਼ਮਈ ਗੁੜਤੀ ਵਿਚੋਂ ਸੁਹਜ ਸਲੀਕੇ ਵਾਲੀ ਸ਼ਖ਼ਸੀਅਤ ਡਾ. ਉੱਭਾ ਦੀ ਕਵਿਤਾ ਜੜ੍ਹਾਂ ਨਾਲ ਜੁੜੀ ਹੋਈ ਹੈ ਅਤੇ ਡਾ. ਉੱਭਾ ਸੁੱਚੇ ਬੋਲਾ ਦਾ ਸ਼ਾਇਰ ਹੈ। ਉਨ੍ਹਾਂ ਕਿਹਾ ਕਿ ਡਾ. ਉੱਭਾ ਦੀ ਕਵਿਤਾ ਦਰਦ ਨੂੰ ਜ਼ੁਬਾਨ ਦਿੰਦੀ ਹੈ। ਡਾ. ਵਰਮਾ ਨੇ ਕਿਹਾ ਕਿ ਕਵੀ ਹੋਣਾ ਔਰਤ-ਦਿਲ ਹੋਣਾ ਹੁੰਦਾ ਹੈ ਅਤੇ ਡਾ. ਉੱਭਾ ਦੀ ਕਵਿਤਾ ਇਸੇ ਖੂਬਸੂਰਤ ਅਹਿਸਾਸ ਦੀ ਨਿਰੰਤਰਤਾ ਹੈ।
ਮੰਚ ਸੰਚਾਲਨ ਕਰਦਿਆਂ ਸੰਗੀਤ ਗਾਇਨ ਵਿਭਾਗ ਦੇ ਮੁਖੀ ਡਾ. ਜਗਜੀਤ ਸਿੰਘ ਨੇ ਡਾ. ਉੱਭਾ ਨਾਲ ਆਪਣੀ ਸਾਹਿਤਕ ਸਫ਼ਰ ਦੀ ਸਾਂਝ ਦਾ ਜਿਕਰ ਕੀਤਾ। ਇਸ ਮੌਕੇ ਡਿਪਟੀ ਪ੍ਰਿੰਸੀਪਲ ਡਾ. ਜਸਲੀਨ ਕੌਰ, ਕੰਟਰੋਲਰ ਪ੍ਰੀਖਿਆਵਾਂ ਡਾ. ਰਵਿੰਦਰਜੀਤ ਸਿੰਘ, ਪ੍ਰੋ. ਸੁਖਮੀਨ ਕੌਰ ਸਮੇਤ ਵੱਖ ਵੱਖ ਵਿਭਾਗਾਂ ਦੇ ਪ੍ਰੋਫੈਸਰ ਸਾਹਿਬਾਨ ਹਾਜ਼ਰ ਸਨ।

