ਪੰਜਾਬ

ਪੰਜਾਬ ਸਰਕਾਰ ਵੱਲੋਂ 56 ਖੱਡਾਂ ਦੀ ਈ-ਨਿਲਾਮੀ ਲਈ ਨੋਟੀਫਿਕੇਸ਼ਨ ਰੱਦ

ਚੰਡੀਗੜ੍ਹ, 9 ਜੂਨ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਨੇ ਅੱਜ 56 ਖੱਡਾਂ ਦੀ ਆਉਂਦੀ 11 ਜੂਨ ਹੋਣ ਵਾਲੀ ਈ-ਨਿਲਾਮੀ ਦਾ ਨੋਟੀਫਿਕੇਸ਼ਨ ਤੁਰੰਤ ਪ੍ਰਭਾਵ ਨਾਲ ਰੱਦ ਦਿੱਤਾ ਹੈ। ਇਹ ਨੋਟੀਫਕੇਸ਼ਨ ਮਾਈਨਿੰਗ ਵਿਭਾਗ ਵੱਲੋਂ ਲੰਘੀ 25 ਮਈ ਨੂੰ ਜਾਰੀ ਕੀਤਾ ਗਿਆ ਸੀ।

ਇਹ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਟੈਂਡਰ ਦੇ ਦਸਤਾਵੇਜ਼ਾਂ ਦੀਆਂ ਨਿਰਧਾਰਤ ਸ਼ਰਤਾਂ ਮੁਤਾਬਕ ਸੰਭਾਵਿਤ ਬੋਲੀਕਾਰਾਂ ਨੂੰ ਦਸਤਾਵੇਜ਼ ਅਪਲੋਡ ਕਰਨ ਦੀ ਲੋੜ ਹੈ। ਪੜਤਾਲ ਦੌਰਾਨ ਇਹ ਧਿਆਨ ਵਿੱਚ ਆਇਆ ਕਿ 2/3 ਬੋਲੀਕਾਰਾਂ ਨੇ ਟੈਂਡਰ ਦਸਤਾਵੇਜ਼ ਵਿੱਚ ਤੈਅ ਕੀਤੀਆਂ ਸ਼ਰਤਾਂ ਤਹਿਤ ਲੋੜੀਂਦੇ ਕਾਗਜ਼-ਪੱਤਰ ਜਮ੍ਹਾਂ ਨਹੀਂ ਕਰਵਾਏ। ਵਿਆਪਕ ਮੁਕਾਬਲੇਬਾਜ਼ੀ/ਹਿੱਸੇਦਾਰੀ ਅਤੇ ਪਾਰਦਰਸ਼ਤਾ ਦੇ ਹਿੱਤ ਵਿੱਚ ਸੰਭਾਵਿਤ ਬੋਲੀਕਾਰਾਂ ਦੀ ਵੱਡੀ ਗਿਣਤੀ ਨੂੰ ਅਣਗੌਲਿਆ ਕਰਨਾ ਢੁਕਵਾਂ ਨਹੀਂ ਸਮਝਿਆ ਗਿਆ। ਇਸ ਕਰਕੇ ਵਿਚਾਰ-ਵਟਾਂਦਰੇ ਤੋਂ ਬਾਅਦ ਵਿਆਪਕ ਮੁਕਾਬਲੇ ਦੇ ਹਿੱਤ ਵਿੱਚ ਨੋਟੀਫਿਕੇਸ਼ਨ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ।
ਬੁਲਾਰੇ ਨੇ ਦੱਸਿਆ ਕਿ ਲੋੜੀਂਦੇ ਕਦਮ ਚੁੱਕਣ ਉਪਰੰਤ ਛੇਤੀ ਹੀ ਨਵੇਂ ਸਿਰਿਓਂ ਟੈਂਡਰ ਨੋਟਿਸ ਜਾਰੀ ਕੀਤਾ ਜਾਵੇਗਾ। ਬੋਲੀਕਾਰਾਂ ਦੀ ਬਿਆਨ ਰਕਮ 13 ਜੂਨ, 2017 ਤੱਕ ਵਾਪਸ ਕਰ ਦਿੱਤੀ ਜਾਵੇਗੀ। ਮਾਈਨਿੰਗ ਵਿਭਾਗ ਨੇ ਸਾਰੇ ਬੋਲੀਕਾਰਾਂ ਨੂੰ ਭਵਿੱਖ ਵਿੱਚ ਟੈਂਡਰ ਦਸਤਾਵੇਜ਼ ਮੁਤਾਬਕ ਆਪਣੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰਨ ਲਈ ਆਖਿਆ ਹੈ ਅਤੇ ਇਸ ਸਬੰਧ ਵਿੱਚ ਜੇਕਰ ਕਿਸੇ ਕਿਸਮ ਦੀ ਦੁਬਿਧਾ ਜਾਂ ਸ਼ੱਕ ਹੈ ਤਾਂ ਟੈਂਡਰ ਦਸਤਾਵੇਜ਼ www.investpunjab.gov.in ‘ਤੇ ਭੇਜੇ ਜਾ ਸਕਦੇ ਹਨ ਜਾਂ ਹੈਲਪ ਡੈਸਕ ਨੰਬਰ ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *