ਵਿਜੀਲੈਂਸ ਬਿਓਰੋ ਵਲੋਂ ਐਸ.ਈ ਸੁਰਿੰਦਰਪਾਲ ਸਿੰਘ ਖਿਲਾਫ ਕੇਸ ਦਰਜ
(ਵਿਜੀਲੈਂਸ ਟੀਮਾਂ ਨੇ ਇੱਕੋ ਵੇਲੇ 9 ਥਾਵਾਂ ‘ਤੇ ਮਾਰੇ ਛਾਪੇ)
ਚੰਡੀਗੜ੍ਹ 9 ਜੂਨ: ਪੰਜਾਬ ਵਿਜੀਲੈਂਸ ਬਿਓਰੋ ਨੇ ਗਮਾਡਾ ਦੇ ਚੀਫ ਇੰਜੀਨੀਅਰ ਰਹੇ ਸੁਰਿੰਦਰਪਾਲ ਸਿੰਘ ਵਲੋਂ ਚਹੇਤੀਆਂ ਉਸਾਰੀ ਫਰਮਾਂ ਅਤੇ ਠੇਕੇਦਾਰਾਂ ਦੀ ਤਰਫ਼ਦਾਰੀ ਕਰਕੇ ਦਿੱਤੇ ਟੈਂਡਰਾਂ ਰਾਹੀਂ ਬੇਹਿਸਾਬੀ ਜ਼ਾਇਦਾਦ ਬਣਾਉਣ ਅਤੇ ਗੈਰਕਾਨੂੰਨੀ ਧਨ ਨੂੰ ਆਪਣੇ ਪਰਿਵਾਰ ਦੀਆਂ ਜਾਅਲੀ ਫਰਮਾਂ ਵਿਚ ਜਮਾਂ ਕਰਵਾਉਣ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਇਸ ਤੋਂ ਇਲਾਵਾ ਵਿਜੀਲੈਂਸ ਦੀਆਂ 9 ਟੀਮਾਂ ਨੇ ਅੱਜ ਤੜਕਸਾਰ ਇਕੋ ਵੇਲੇ ਚੰਡੀਗੜ੍ਹ, ਲੁਧਿਆਣਾ ਅਤੇ ਐਸ.ਏ.ਐਸ ਨਗਰ ਵਿਖੇ ਇਸ ਕੇਸ ਨਾਲ ਸਬੰਧਿਤ 9 ਥਾਵਾਂ ‘ਤੇ ਛਾਪੇਮਾਰੀ ਵੀ ਕੀਤੀ।
ਜਾਣਕਾਰੀ ਦਿੰਦਿਆਂ ਚੀਫ ਡਾਇਰੈਕਟਰ ਵਿਜੀਲੈਂਸ ਬਿਓਰੋ ਸ਼੍ਰੀ ਬੀ.ਕੇ. ਉਪਲ ਨੇ ਦੱਸਿਆ ਕਿ ਵਿਜੀਲਂੈਸ ਬਿਓਰੋ ਨੇ ਉਕਤ ਦੋਸ਼ੀ ਨਿਗਰਾਨ ਇੰਜੀਨੀਅਰ ਸਮੇਤ ਮੈਸ: ਏਕ ਉਂਕਾਰ ਬਿਲਡਰਜ ਅਂੈਡ ਕਾਂਟਰੈਕਟਰਜ਼ ਪ੍ਰਾਈ: ਲਿਮ: ਕੰਪਨੀ ਦੇ ਗੁਰਮੇਜ਼ ਸਿੰਘ ਗਿੱਲ ਤੇ ਮੋਹਿਤ ਕੁਮਾਰ, ਮੈਸ: ਰਜਿੰਦਰ ਐਂਡ ਕੰਪਨੀ ਦੇ ਗੁਰਿੰਦਰਪਾਲ ਸਿੰਘ ਉਰਫ ਟਿੰਕੂ ਤੇ ਮੈਸ: ਓਏਸਿਜ਼ ਟੈਕਨੋਲੋਜੀ ਪ੍ਰਾਈ: ਲਿਮ: ਦੇ ਅਮਿਤ ਗਰਗ ਅਤੇ ਹੋਰ ਫਰਮਾਂ/ਕੰਪਨੀਆਂ ਦੇ ਪ੍ਰੋਪਰਾਈਟਰਾਂ/ਪਾਰਟਨਰਾਂ/ਡਾਇਰੈਕਟਰਾਂ ਤੋਂ ਇਲਾਵਾ ਹੋਰ ਪ੍ਰਾਈਵੇਟ ਵਿਅਕਤੀਆਂ ਵਿਰੁਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) (ਡੀ), 13(2) ਅਤੇ ਭਾਰਤੀ ਦੰਡਾਵਲੀ ਦੀ ਧਾਰਾ 420, 506, 120-ਬੀ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਤਫਤੀਸ਼ ਆਰੰਭ ਦਿੱਤੀ ਹੈ।
ਉਨਾਂ ਦੱਸਿਆ ਕਿ ਸੁਰਿੰਦਰਪਾਲ ਸਿੰਘ ਜਨਵਰੀ 1993 ਵਿਚ ਪੰਜਾਬ ਮੰਡੀ ਬੋਰਡ ਵਿਚ ਬਤੌਰ ਜੇ.ਈ. (ਸਿਵਲ) ਭਰਤੀ ਹੋਇਆ ਸੀ। ਸਾਲ 2016 ਵਿੱਚ ਮੁੱਖ ਇੰਜੀਨੀਅਰ ਗਮਾਡਾ ਐਸ.ਏ.ਐਸ. ਨਗਰ ਦਾ ਚਾਰਜ ਲੈਣ ਤੋਂ ਪਹਿਲਾਂ ਸਾਲ 2015-16 ਦੌਰਾਨ ਉਸ ਕੋਲ ਪੰਜਾਬ ਮੰਡੀ ਬੋਰਡ ਅਤੇ ਗਮਾਡਾ ਵਿਖੇ ਕਾਰਜਕਾਰੀ ਇੰਜੀਨੀਅਰ ਮੰਡੀ ਬੋਰਡ ਲੁਧਿਆਣਾ, ਮੰਡੀ ਬੋਰਡ ਐਸ.ਏ.ਐਸ. ਨਗਰ-2, ਮੰਡੀ ਬੋਰਡ ਜਲੰਧਰ, ਨਿਗਰਾਨ ਇੰਜੀਨੀਅਰ ਮੰਡੀ ਬੋਰਡ ਲੁਧਿਆਣਾ, ਨਿਗਰਾਨ ਇੰਜੀਨੀਅਰ ਮੰਡੀ ਬੋਰਡ ਐਸ.ਏ.ਐਸ. ਨਗਰ, ਕਾਰਜਕਾਰੀ ਇੰਜੀਨੀਅਰ ਗਮਾਡਾ, ਨਿਗਰਾਨ ਇੰਜੀਨੀਅਰ (ਸੀ-1) ਗਮਾਡਾ ਅਤੇ ਨਿਗਰਾਨ ਇੰਜੀਨੀਅਰ (ਸੀ-2) ਗਮਾਡਾ ਵਜੋਂ ਇੱਕੋ ਸਮੇਂ ਕੁੱਲ 8 ਚਾਰਜ/ਵਾਧੂ ਚਾਰਜ ਰਹੇ ਹਨ। ਇਸ ਦੀ ਉਚ ਅਧਿਕਾਰੀਆਂ ਨਾਲ ਮਿਲੀਭੁਗਤ ਹੋਣ ਕਰਕੇ ਗਮਾਡਾ ਅਤੇ ਪੰਜਾਬ ਮੰਡੀ ਬੋਰਡ ਦੇ ਇੰਜੀਨੀਅਰਾਂ, ਅਧਿਕਾਰੀਆਂ ਅਤੇ ਪ੍ਰਾਈਵੇਟ ਠੇਕੇਦਾਰਾਂ ਉੱਪਰ ਉਸਦਾ ਕਾਫੀ ਗਹਿਰਾ ਪ੍ਰਭਾਵ ਸੀ।
ਉਨਾਂ ਕਿਹਾ ਕਿ ਵਿਜੀਲਂੈਸ ਪੜਤਾਲ ਉਪਰੰਤ ਪਾਇਆ ਗਿਆ ਕਿ ਦੋਸ਼ੀ ਸੁਰਿੰਦਰਪਾਲ ਸਿੰਘ ਨੇ ਆਪਣੀ ਤਾਇਨਾਤੀ ਦੌਰਾਨ ਗਮਾਡਾ ਐਸ.ਏ.ਐਸ. ਨਗਰ ਵਿਖੇ ਹੋ ਰਹੇ ਬਹੁ-ਕਰੋੜੀ ਵਿਕਾਸ ਕਾਰਜਾਂ ਵਿੱਚੋਂ ਖੁਦ ਨੂੰ ਨਜਾਇਜ਼ ਵਿੱਤੀ ਲਾਭ ਪਹੁੰਚਾਉਣ ਲਈ ਅਪਰਾਧਿਕ ਮਨਸ਼ਾ ਨਾਲ ਮੈਸ: ਏਕ ਉਂਕਾਰ ਬਿਲਡਰਜ਼ ਅਂੈਡ ਕਾਂਟਰੈਕਟਰਜ਼ ਪ੍ਰਾਈ: ਲਿਮ: ਕੰਪਨੀ, ਜਿਸਦੀ ਟਂੈਡਰ ਲਿਮਟ ਸਾਲ 2011 ਤੱਕ ਕੇਵਲ 5 ਕਰੋੜ ਰੁਪਏ ਤੱਕ ਹੀ ਸੀ, ਨੂੰ ਆਪਣੇ ਆਹੁਦੇ ਦੀ ਦੁਰਵਰਤੋਂ ਕਰਕੇ ਗਮਾਡਾ ਅਤੇ ਪੰਜਾਬ ਮੰਡੀ ਬੋਰਡ ਦੇ ਜਿਆਦਾਤਰ ਸਰਕਾਰੀ ਕੰਮ ਅਲਾਟ ਕੀਤੇ।
ਹੋਰ ਵਰਵੇ ਦਿੰਦਿਆਂ ਸ਼ੀ ਉਪਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਕੰਮਾਂ ਨੂੰ ਅਲਾਟ ਕਰਨ ਸਬੰਧੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਲਿਆਉਣ ਲਈ ਇੱਕ ਸਟੈਂਡਰਡ ਬਿਡ ਡਾਕੂਮੈਂਟ ਪ੍ਰਵਾਨ ਕੀਤੀ ਗਈ ਲੇਕਿਨ ਗਮਾਡਾ ਵਿੱਚ ਆਪਣੀ ਤਾਇਨਾਤੀ ਦੌਰਾਨ ਸੁਰਿੰਦਰਪਾਲ ਸਿੰਘ ਵੱਲੋਂ ਬਦਨੀਅਤੀ ਨਾਲ ਮੈਸ: ਏਕ ਉਂਕਾਰ ਬਿਲਡਰਜ਼ ਦੀ ਬਿੱਡ ਕੈਪੈਸਿਟੀ ਨੂੰ ਵਧਾਉਣ ਲਈ ਸਰਕਾਰ ਪਾਸੋਂ ਪ੍ਰਵਾਨਿਤ ਇਨਾਂ ਸ਼ਰਤਾਂ ਵਿੱਚ ਬਿਨਾਂ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਤੋਂ ਜਾਣਬੁੱਝ ਕੇ ਵਾਧੂ ਸ਼ਰਤਾਂ ਲਗਾ ਕੇ ਅਤੇ ਪਹਿਲੀਆਂ ਕੁੱਝ ਸ਼ਰਤਾਂ ਵਿੱਚ ਬਦਲਾਅ ਕਰਕੇ ਗਮਾਡਾ ਦੇ ਟਂੈਡਰਾਂ ਵਿੱਚ ਤਬਦੀਲੀਆਂ ਕੀਤੀਆਂ ਤਾਂ ਜੋ ਉਕਤ ਕੰਪਨੀ ਵੱਡੀ ਕੀਮਤ ਵਾਲੇ ਟੈਂਡਰ ਅਪਲਾਈ ਕਰਨ ਲਈ ਯੋਗ ਹੋ ਸਕੇ। ਇਹ ਤਬਦੀਲੀਆਂ ਲਾਗੂ ਕਰਨ ਲਈ ਸੁਰਿੰਦਰਪਾਲ ਸਿੰਘ ਉਕਤ ਵੱਲੋਂ ਖੁਦ ਬਤੌਰ ਨਿਗਰਾਨ ਇੰਜੀਨੀਅਰ (ਸੀ-1) ਪੱਤਰ ਨੰਬਰ 3597 ਮਿਤੀ ੦੪/੦੮/੨੦੧੫ ਰਾਹੀਂ ਆਪਣੇ ਅਧੀਨ ਕੰਮ ਕਰ ਰਹੇ ਮੰਡਲ ਇੰਜੀਨੀਅਰਜ ਨੂੰ ਅਤੇ ਇਸ ਉਪਰੰਤ ਬਤੌਰ ਚੀਫ ਇੰਜੀਨੀਅਰ ਗਮਾਡਾ ਹੁੰਦੇ ਹੋਏ ਪੱਤਰ ਨੰਬਰ 303 ਮਿਤੀ 29/03/16 ਰਾਹੀਂ ਆਪਣੇ ਅਧੀਨ ਆਂਉਦੇ ਸਾਰੇ ਨਿਗਰਾਨ ਇੰਜੀਨੀਅਰਜ ਅਤੇ ਮੰਡਲ ਇੰਜੀਨੀਅਰਜ ਨੂੰ ਅਪਨਾਉਣ ਲਈ ਹਦਾਇਤ ਕੀਤੀ ਗਈ।
ਇਸ ਤੋਂ ਇਲਾਵਾ ਇਸ ਅਧਿਕਾਰੀ ਨੇ ਮੈਸ: ਏਕ ਉਂਕਾਰ ਬਿਲਡਰਜ਼ ਨੂੰ ਨਿਗਰਾਨ ਇੰਜੀਨੀਅਰ ਮੰਡੀ ਬੋਰਡ ਲੁਧਿਆਣਾ ਵੱਜੋਂ ਸਿਵਲ ਲਈ ਕਲਾਸ-1 ਠੇਕੇਦਾਰ ਵਜੋਂ 3 ਸਾਲ ਵਾਸਤੇ ਸੂਚੀਬੱਧ ਕੀਤਾ ਸੀ ਅਤੇ ਇਸ ਕੰਪਨੀ ਦੀ ਟੈਂਡਰ ਅਪਲਾਈ ਕਰਨ ਦੀ ਹੱਦ 5 ਕਰੋੜ ਰੁਪਏ ਤੈਅ ਕੀਤੀ ਸੀ। ਉਨਾਂ ਦੱਸਿਆ ਕਿ ਗਮਾਡਾ ਵਿੱਚ ਸਾਲ 2013 ਵਿੱਚ ਮੈਸ: ਐਸ.ਈ.ਸੀ.ਐਲ. ਇੰਡਸਟਰੀਜ਼ ਪ੍ਰਾਈ: ਲਿਮ: ਕੰਪਨੀ ਨੂੰ ਸੁਰਿੰਦਰਪਾਲ ਸਿੰਘ ਵੱਲੋਂ ਬਤੌਰ ਮੰਡਲ ਇੰਜੀਨੀਅਰ ਚੰਡੀਗੜ੍ਹ-ਖਰੜ੍ਹ ਰੋਡ ਉਪਰ ਜੰਕਸ਼ਨ 73/74 ਤੋਂ ਨੈਸ਼ਨਲ ਹਾਈਵੇਅ ਨੰਬਰ 21 ਤੱਕ 200 ਫੁੱਟ ਚੌੜੀ ਸੜਕ ਉਸਾਰੀ ਦਾ ਕੰਮ ਤਕਰੀਬਨ 645 ਕਰੋੜ ਰੁਪਏ ਵਿੱਚ ਅਲਾਟ ਕੀਤਾ ਗਿਆ ਅਤੇ ਇਹ ਕੰਮ 15 ਮਹੀਨਿਆਂ ਵਿੱਚ ਮੁਕੰਮਲ ਕੀਤਾ ਜਾਣਾ ਸੀ। ਲੇਕਿਨ ਸੁਰਿੰਦਰਪਾਲ ਸਿੰਘ ਮੰਡਲ ਇੰਜੀਨੀਅਰ ਗਮਾਡਾ ਨੇ ਮੈਸ: ਏਕ ਉਂਕਾਰ ਬਿਲਡਰਜ਼ ਨੂੰ ਫਾਇਦਾ ਦੇਣ ਲਈ ਆਪਣੇ ਆਹੁਦੇ ਦੀ ਦੁਰਵਰਤੋਂ ਕਰਕੇ ਉਕਤ ਐਸ.ਈ.ਸੀ.ਐਲ. ਕੰਪਨੀ ਨੂੰ ਡਰਾਇਆ-ਧਮਕਾਇਆ ਅਤੇ ਉਸਨੂੰ ਮਜਬੂਰ ਕੀਤਾ ਕਿ ਉਹ ਉਕਤ ਅਲਾਟਿਡ ਕੰਮ ਵਿੱਚੋਂ ਕੁੱਲ 535 ਕਰੋੜ ਰੁਪਏ ਦਾ ਕੰਮ ਏਕ ਓੁਂਕਾਰ ਬਿਲਡਰਜ਼ ਨੂੰ ਅੱਗੇ ਦੇ ਦੇਵੇ। ਇਹ ਕੰਮ ਸਬ-ਕਾਂਟਰੈਕਟ ਕਰਨ ਸਬੰਧੀ ਪ੍ਰਵਾਨਗੀ ਵੀ ਸੁਰਿੰਦਰਪਾਲ ਸਿੰਘ ਵੱਲੋਂ ਹੀ ਬਤੌਰ ਮੰਡਲ ਇੰਜੀਨੀਅਰ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਐਸ.ਈ.ਸੀ.ਐਲ. ਕੰਪਨੀ ਵੱਲੋਂ ਏਕ ਉਂਕਾਰ ਬਿਲਡਰਜ਼ ਨੂੰ ਉਕਤ ਕੰਮ ਦੇਣ ਸਮੇਂ ਕੋਈ ਵੀ ਯੋਗਤਾ ਮਾਪਦੰਡ ਤੈਅ ਨਹੀਂ ਕੀਤੇ ਗਏ ਜੋ ਕਿ ਬਾਅਦ ਵਿੱਚ ਉਕਤ ਦੋਨੋ ਕੰਪਨੀਆਂ ਵੱਲੋਂ ਇਹ ਸਬ-ਕਾਂਟਰੈਕਟ 535 ਕਰੋੜ ਰੁਪਏ ਤੋਂ ਘਟਾ ਕੇ ਆਪਸੀ ਸਹਿਮਤੀ ਨਾਲ 37 ਕਰੋੜ ਰੁਪਏ ‘ਤੇ ਖਤਮ ਕਰ ਦਿੱਤਾ ਗਿਆ ਅਤੇ ਇਸ ਸਬੰਧੀ ਸੁਰਿੰਦਰਪਾਲ ਸਿੰਘ ਵੱਲੋਂ ਹੀ ਮੈਸ: ਏਕ ਓੁਂਕਾਰ ਬਿਲਡਰਜ਼ ਕੰਪਨੀ ਨੂੰ 37 ਕਰੋੜ ਰੁਪਏ ਦੇ ਕੰਮ ਨੂੰ ਤਸੱਲੀਬਖਸ ਅਤੇ ਸਫਲਤਾ-ਪੂਰਵਕ ਮੁਕੰਮਲ ਕਰਨ ਸਬੰਧੀ ਕੰਮ ਤਜ਼ਰਬਾ ਸਰਟੀਫਿਕੇਟ ਜਾਰੀ ਕੀਤਾ ਗਿਆ ਅਤੇ ਂ ਉਕਤ ਕੰਪਨੀ ਨੇ ਭਵਿੱਖ ਵਿੱਚ ਵੱਡੀ ਕੀਮਤ ਵਾਲੇ ਹੋਰ ਟਂੈਡਰ ਹਾਸਲ ਕਰਨ ਲਈ ਇਸ ਸਰਟੀਫਿਕੇਟ ਦੀ ਵਰਤੋ ਕੀਤੀ।
ਗਮਾਡਾ ਵੱਲੋਂ ਐਸ.ਈ.ਸੀ.ਐਲ. ਕੰਪਨੀ ਵੱਲੋਂ ਮੈਸ: ਏਕ ਓੁਂਕਾਰ ਬਿਲਡਰਜ਼ ਨੂੰ ਕੰਮ ਸਬ-ਕਾਂਟਰੈਕਟ ਦੇਣ ਦੀ ਪ੍ਰਵਾਨਗੀ ਦੇਣ ਸਮੇਂ ਸਪੱਸ਼ਟ ਕੀਤਾ ਗਿਆ ਸੀ ਕਿ ਉਕਤ ਅਲਾਟਿਡ ਸਾਰੇ ਕੰਮ ਦਾ ਭੁਗਤਾਨ ਅਦਾਰੇ ਵੱਲੋਂ ਅਸਲ ਅਲਾਟੀ ਐਸ.ਈ.ਸੀ.ਐਲ. ਕੰਪਨੀ ਨੂੰ ਹੀ ਕੀਤਾ ਜਾਵੇਗਾ। ਲੇਕਿਨ ਐਸ.ਈ.ਸੀ.ਐਲ. ਵੱਲੋਂ ਮੈਸ: ਏਕ ਓੁਂਕਾਰ ਬਿਲਡਰਜ਼ ਨੂੰ ਕੁੱਲ 37 ਕਰੋੜ ਰੁਪਏ ਦੇ ਉਕਤ ਕੀਤੇ ਕੰਮ ਦੇ ਮੁਕਾਬਲੇ ਸਿਰਫ ਤਕਰੀਬਨ 13 ਕਰੋੜ ਰੁਪਏ ਹੀ ਅਦਾ ਕੀਤੇ ਗਏ ਜੋ ਕਿ ਇਹ ਸਪੱਸਟ ਹੈ ਕਿ ਮੈਸ: ਏਕ ਓੁਂਕਾਰ ਬਿਲਡਰਜ਼ ਵੱਲੋਂ ਸਬ-ਕਾਂਟਰੈਕਟ ਰਾਹੀਂ ਹਾਸਲ ਕੀਤੇ ਗਏ ਉਕਤ ਕੰਮ ਨੂੰ ਵੀ ਮੌਕੇ ਉਪਰ ਖੁਦ ਨਹੀਂ ਕੀਤਾ ਗਿਆ ਅਤੇ ਕੇਵਲ ਕੰਮ ਦਾ ਤਜ਼ਰਬਾ ਸਰਟੀਫਿਕੇਟ ਹਾਸਲ ਕਰਨ ਲਈ ਸਿਰਫ ਕਾਗਜਾਂ ਵਿੱਚ ਹੀ ਦਿਖਾਇਆ ਗਿਆ।
ਉਨਾਂ ਦੱਸਿਆ ਕਿ ਸੁਰਿੰਦਰਪਾਲ ਸਿੰਘ ਨੇ ਗਮਾਡਾ ਵਿਖੇ ਬਤੌਰ ਮੰਡਲ ਇੰਜੀਨੀਅਰ (ਸੀ-1) ਦੀ ਤਾਇਨਾਤੀ ਦੌਰਾਨ ਕੁੱਲ ਲਗਭਗ 1030 ਕਰੋੜ ਰੁਪਏ ਦੀ ਕੀਮਤ ਦੇ ਕੁੱਲ 200 ਤੋਂ ਵੀ ਜਿਆਦਾ ਵੱਖ-ਵੱਖ ਕੰਮ ਅਲਾਟ ਕੀਤੇ ਹਨ। ਇਹਨਾਂ ਕੰਮਾਂ ਵਿਚੋਂ ਲਗਭਗ 230 ਕਰੋੜ ਰੁਪਏ ਦੀ ਕੀਮਤ ਦੇ ਕੰਮ ਇਕੱਲੇ ਮੈਸ: ਏਕ ਓਂਕਾਰ ਬਿਲਡਰਜ਼ ਨੂੰ ਹੀ ਦੇ ਦਿੱਤੇ ਗਏ। ਹੋਰ ਵੇਰਵੇ ਦਿੰਦਿਆਂ ਸ੍ਰੀ ਉਪਲ ਨੇ ਦੱਸਿਆ ਕਿ ਇਸ ਏਕ ਓਂਕਾਰ ਬਿਲਡਰਜ਼ ਕੰਪਨੀ ਵਿੱਚ ਗੁਰਮੇਜ਼ ਸਿੰਘ ਗਿੱਲ ਪੁੱਤਰ ਵਿਦਵਾਨ ਸਿੰਘ, ਵਾਸੀ ਬੀ-36/21, ਪੱਖੋਵਾਲ ਰੋਡ ਵਿਕਾਸ ਨਗਰ, ਲੁਧਿਆਣਾ ਬਤੌਰ ਪ੍ਰੋਮੋਟਰ-ਡਾਇਰੈਕਟਰ 50 ਫੀਸਦੀ ਸ਼ੇਅਰਾਂ ਦਾ ਮਾਲਕ ਹੈ। ਇਸ ਕੰਪਨੀ ਦਾ ਦੂਸਰਾ ਡਾਇਰੈਕਟਰ ਅਤੇ ਬਾਕੀ 50 ਫੀਸਦੀ ਸ਼ੇਅਰਾਂ ਦਾ ਮਾਲਕ ਮੋਹਿਤ ਕੁਮਾਰ ਪੁੱਤਰ ਸ੍ਰੀ ਹਰੀ ਕ੍ਰਿਸ਼ਨ, ਵਾਸੀ ਮਕਾਨ ਨੰਬਰ 513/1, ਸਰੂਪ ਨਗਰ, ਸਲੇਮ ਟਾਬਰੀ, ਲੁਧਿਆਣਾ ਹੈ। ਗੁਰਮੇਜ਼ ਸਿੰਘ ਗਿੱਲ ਅਤੇ ਮੋਹਿਤ ਕੁਮਾਰ ਦੀ ਦੋਸ਼ੀ ਸੁਰਿੰਦਰਪਾਲ ਸਿੰਘ ਨਾਲ ਸਿੱਧੀ ਪੁਰਾਣੀ ਜਾਣ-ਪਚਾਣ ਹੈ ਕਿਉਂਕਿ ਗੁਰਮੇਜ਼ ਸਿੰਘ ਗਿੱਲ ਖੁਦ ਬਤੌਰ ਜੂਨੀਅਰ ਇੰਜੀਨੀਅਰ ਸੁਰਿੰਦਰਪਾਲ ਸਿੰਘ ਦੇ ਅਧੀਨ ਮੰਡੀ ਬੋਰਡ ਲੁਧਿਆਣਾ ਵਿਖੇ ਤਾਇਨਾਤ ਰਿਹਾ ਹੈ ਅਤੇ ਮੋਹਿਤ ਕੁਮਾਰ ਦਾ ਪਿਤਾ ਸ੍ਰੀ ਹਰੀ ਕ੍ਰਿਸ਼ਨ ਵੀ ਸੁਰਿੰਦਰਪਾਲ ਸਿੰਘ ਦੇ ਅਧੀਨ ਮੰਡੀ ਬੋਰਡ ਲੁਧਿਆਣਾ ਦਫਤਰ ਵਿਖੇ ਬਤੌਰ ਸੁਪਰਵਾਈਜਰ ਤਾਇਨਾਤ ਰਿਹਾ ਹੈ।
ਦੱਸਣਯੋਗਹੈ ਕਿ ਮੋਹਿਤ ਕੁਮਾਰ ਸ਼ੁਰੂ ਵਿੱਚ ਉਕਤ ਕੰਪਨੀ ਵਿੱਚ ਕੇਵਲ ਇੱਕ ਤਨਖਾਹ ‘ਤੇ ਕੰਮ ਕਰਨ ਵਾਲਾ ਕਰਮਚਾਰੀ ਸੀ ਪਰ ਬਾਅਦ ਵਿੱਚ ਕੰਪਨੀ ਦੇ ਰਿਕਾਰਡ ਵਿੱਚ ਉਸ ਨੂੰ ਡਾਇਰੈਕਟਰ ਅਤੇ ਸ਼ੇਅਰ ਧਾਰਕ ਬਣਾ ਦਿੱਤਾ ਗਿਆ ਲੇਕਿਨ ਉਹ ਹਾਲੇ ਵੀ ਕੰਪਨੀ ਤੋਂ ਲਗਾਤਾਰ ਮਹੀਨਾਵਾਰ ਤਨਖਾਹ ਲੈ ਰਿਹਾ ਹੈ ਅਤੇ ਉਸਦਾ ਪਿਛੋਕੜ ਵੀ ਆਰਥਿਕ ਤੌਰ ‘ਤੇ ਸਧਾਰਨ ਹੀ ਹੈ। ਸਾਲ 2015-16 ਵਿੱਚ ਮੈਸ: ਏਕ ਉਂਕਾਰ ਬਿਲਡਰਜ਼ ਵੱਲੋਂ ਕੁੱਝ ਜਮੀਨ ਪਿੰਡ ਚਟੌਲੀ ਜਿਲ੍ਹਾ ਐਸ.ਏ.ਐਸ. ਨਗਰ ਵਿਖੇ ਖ੍ਰੀਦ ਕੀਤੀ ਗਈ ਅਤੇ ਇਸ ਜਮੀਨ ਦੇ ਨਾਲ ਲਗਦੀ ਕੁੱਝ ਜਮੀਨ ਉਸ ਸਮੇਂ ਕੰਪਨੀ ਦੇ ਡਾਇਰੈਕਟਰ ਮੋਹਿਤ ਕੁਮਾਰ ਦੇ ਨਾਮ ‘ਤੇ ਵੀ ਖ੍ਰੀਦ ਕੀਤੀ ਗਈ ਸੀ। ਇਸ ਵਾਸਤੇ ਮੋਹਿਤ ਕੁਮਾਰ ਵੱਲੋਂ ਐਵਾਰਡ ਐਗਰੋ ਟਰੈਡਰਜ ਪ੍ਰਾਈ: ਲਿਮ: ਕੰਪਨੀ, ਜੋ ਕਿ ਸੁਰਿੰਦਰਪਾਲ ਸਿੰਘ ਦੀ ਪਤਨੀ ਅਤੇ ਮਾਤਾ ਦੇ ਨਾਮ ‘ਤੇ ਹੈ, ਪਾਸੋਂ 195 ਲੱਖ ਰੁਪਏ ਹਾਸਲ ਕੀਤੇ ਗਏ।
ਪੜਤਾਲ ਦੌਰਾਨ ਪਾਇਆ ਗਿਆ ਕਿ ਗੁਰਮੇਜ਼ ਸਿੰਘ ਗਿੱਲ ਨੇ ਸੇਵਾਮੁਕਤੀ ਉਪਰੰਤ ਪਹਿਲਾਂ ਮੈਸ: ਰੁਪਿੰਦਰ ਸਿੰਘ ਠੇਕੇਦਾਰ ਦੀ ਨੁਮਾਇੰਦਗੀ ਕੀਤੀ ਜੋ ਕਿ ਬਾਅਦ ਵਿੱਚ ਮੈਸ: ਏਕ ਉਂਕਾਰ ਬਿਲਡਰਜ਼ ਅਂੈਡ ਕਾਂਟਰੈਕਟਰਜ ਪ੍ਰਾਈ: ਲਿਮ: ਕੰਪਨੀ ਵਿੱਚ ਮਰਜ਼ ਹੋ ਗਈ ਅਤੇ ਜਿਸ-ਜਿਸ ਜਗ੍ਹਾ ‘ਤੇ ਦੋਸ਼ੀ ਸੁਰਿੰਦਰਪਾਲ ਸਿੰਘ ਦੀ ਤਾਇਨਾਤੀ ਰਹੀ, ਉਸ-ਉਸ ਜਗ੍ਹਾ ‘ਤੇ ਹੀ ਉਕਤ ਕੰਪਨੀ ਨੇ ਜਿਆਦਾਤਰ ਕੰਮ ਹਾਸਲ ਕੀਤੇ ਹਨ। ਇਸ ਤੋਂ ਇਲਾਵਾ ਸੁਰਿੰਦਰਪਾਲ ਸਿੰਘ ਵੱਲੋਂ ਖੁਦ ਨੂੰ ਮਕਾਨ ਨੰਬਰ 36/563, ਗੋਬਿੰਦ ਨਗਰ ਪੱਖੋਵਾਲ ਰੋਡ ਲਿਧਆਣਾ ਦਾ ਮਾਲਕ ਦਰਸਾਂਉਂਦੇ ਹੋਏ ਮੈਸ: ਏਕ ਉਂਕਾਰ ਬਿਲਡਰਜ਼ ਕੰਪਨੀ ਨਾਲ ਕੰਪਨੀ ਦੇ ਡਾਇਰੈਕਟਰ ਗੁਰਮੇਜ਼ ਸਿੰਘ ਗਿੱਲ ਰਾਹੀਂ ਉਕਤ ਮਕਾਨ ਕੰਪਨੀ ਨੂੰ ਕਿਰਾਏ ਉਪਰ ਦੇਣ ਸਬੰਧੀ ਮਿਤੀ 16-02-2015 ਨੂੰ ਲੀਜ਼ ਡੀਡ ਕੀਤੀ ਅਤੇ ਇਸੇ ਬਿਲਡਿੰਗ ਵਿੱਚ ਹੀ ਮੈਸ: ਏਕ ਉਂਕਾਰ ਬਿਲਡਰਜ਼ ਦਾ ਦਫਤਰ ਮੌਜੂਦ ਹੈ।
ਇਸ ਤੋਂ ਇਲਾਵਾ ਸੁਰਿੰਦਰਪਾਲ ਸਿੰਘ ਵੱਲੋਂ ਪੰਜਾਬ ਮੰਡੀ ਬੋਰਡ ਵਿਖੇ ਉਸਦੀ ਤਾਇਨਾਤੀ ਦੌਰਾਨ ਮੈਸ: ਏਕ ਉਂਕਾਰ ਬਿਲਡਰਜ਼ ਨੂੰ ਸਾਲ 2011 ਤੋਂ ਲੈ ਕੇ ਸਾਲ 2013 ਤੱਕ ਕੁੱਲ ਲਗਭਗ 14 ਕਰੋੜ ਰੁਪਏ ਦੇ ਕੰਮ ਅਲਾਟ ਕੀਤੇ ਗਏ ਜਦਕਿ ਇਸ ਕੰਪਨੀ ਵੱਲੋਂ ਸੁਰਿੰਦਰਪਾਲ ਸਿੰਘ ਦੇ ਗਮਾਡਾ ਵਿਖੇ ਅਗਸਤ 2013 ਨੂੰ ਜੁਆਇੰਨ ਕਰਨ ਉਪਰੰਤ ਗਮਾਡਾ ਵਿਖੇ ਉਕਤ ਦਰਸਾਏ ਅਨੁਸਾਰ ਸਬ-ਕਾਂਟਰੈਕਟ ਰਾਹੀਂ 37 ਕਰੋੜ ਰੁਪਏ ਦੇ ਕੰਮ ਦਾ ਕੰਮ ਤਜ਼ਰਬਾ ਸਰਟੀਫਿਕੇਟ ਸੁਰਿੰਦਰਪਾਲ ਸਿੰਘ ਪਾਸੋਂ ਹੀ ਹਾਸਲ ਕਰ ਲੈਣ ਉਪਰੰਤ ਸਾਲ 2016 ਤੱਕ ਕੁੱਲ ਲਗਭਗ 230 ਕਰੋੜ ਰੁਪਏ ਕੀਮਤ ਦੇ ਵੱਖ-ਵੱਖ ਕੰਮ ਹਾਸਲ ਕੀਤੇ। ਇਸੇ ਦੌਰਾਨ ਸੁਰਿੰਦਰਪਾਲ ਸਿੰਘ ਵੱਲੋਂ ਪੰਜਾਬ ਮੰਡੀ ਬੋਰਡ ਵਿਖੇ ਵੀ ਸਾਲ 2013 ਤੋਂ ਸਾਲ 2016 ਤੱਕ ਇਸ ਕੰਪਨੀ ਨੂੰ ਲਗਭਗ 19 ਕਰੋੜ ਰੁਪਏ ਦੇ ਹੋਰ ਕੰਮ ਅਲਾਟ ਕੀਤੇ।
ਇਸ ਤੋਂ ਇਲਾਵਾ ਸੁਰਿੰਦਰਪਾਲ ਸਿੰਘ ਨੇ ਗਮਾਡਾ ਵਿਖੇ ਬਤੌਰ ਮੰਡਲ ਇੰਜੀਨੀਅਰ (ਸੀ-1) ਤਾਇਨਾਤੀ ਦੌਰਾਨ ਮੈਸ: ਸੈਂਟਰੋਡੋਰਸਟਰੋਏ (ਇੰਡੀਆ) ਪ੍ਰਾਈ: ਲਿਮ: ਓਖਲਾ ਇੰਡਸਟਰੀਅਲ ਏਰੀਆ ਨਵੀਂ ਦਿੱਲੀ ਨੂੰ ਜੰਕਸ਼ਨ 66/67/80/81 ਤੋਂ ਐਨ-4, ਨੇੜੇ ਪਿੰਡ ਛੱਤ, ਐਸ.ਏ.ਐਸ. ਨਗਰ ਵਿਖੇ ਇੱਕ ਹਾਈਲੈਵਲ ਪੁਲ ਦਾ ਕੰਮ ਕੁੱਲ 76,62,17,000/- ਰੁਪਏ ਦੀ ਕੀਮਤ ‘ਤੇ ਸਾਲ 2013 ਵਿੱਚ ਅਲਾਟ ਕੀਤਾ ਲੇਕਿਨ ਸੁਰਿੰਦਰਪਾਲ ਸਿੰਘ ਨੇ ਆਪਣੀ ਇੱਕ ਹੋਰ ਚਹੇਤੀ ਕੰਪਨੀ ਮੈਸ: ਰਜਿੰਦਰਾ ਐਂਡ ਕੰਪਨੀ ਨੂੰ ਫਾਇਦਾ ਦੇਣ ਲਈ ਆਪਣੇ ਆਹੁਦੇ ਦੀ ਦੁਰਵਰਤੋਂ ਕਰਕੇ ਮੈਸ: ਸੈਂਟਰੋਡੋਰਸਟਰੋਏ (ਇੰਡੀਆ) ਪਾਸੋਂ ਉਕਤ ਅਲਾਟਿਡ ਕੰਮ ਵਿੱਚੋਂ ਕੁੱਲ 363 ਕਰੋੜ ਰੁਪਏ ਦਾ ਕੰਮ ਮੈਸ: ਰਜਿੰਦਰਾ ਐਂਡ ਕੰਪਨੀ ਨੂੰ ਸਬ-ਕਾਂਟਰੈਕਟ ‘ਤੇ ਕਰਵਾਇਆ ਅਤੇ ਇਸ ਕੰਮ ਨੁੰ ਸਬ-ਕਾਂਟਰੈਕਟ ਕਰਨ ਸਬੰਧੀ ਪ੍ਰਵਾਨਗੀ ਵੀ ਦੋਸ਼ੀ ਵੱਲੋਂ ਹੀ ਬਤੌਰ ਮੰਡਲ ਇੰਜੀਨੀਅਰ ਦਿੱਤੀ ਗਈ।
ਉਨਾਂ ਦੱਸਿਆ ਕਿ ਸੁਰਿੰਦਰਪਾਲ ਸਿੰਘ ਨੇ ਆਪਣੀ ਗਮਾਡਾ ਵਿਖੇ ਤਾਇਨਾਤੀ ਦੌਰਾਨ ਕੁੱਲ ਲਗਭਗ 210 ਕਰੋੜ ਰੁਪਏ ਦੇ ਹੋਰ ਕੰਮ ਮੈਸ: ਰਜਿੰਦਰਾ ਐਂਡ ਕੰਪਨੀ ਅਤੇ ਮੈਸ: ਰਜਿੰਦਰਾ ਇਨਫਰਾਸਟਰੱਕਚਰ ਪ੍ਰਾਈ: ਲਿਮ: ਕੰਪਨੀ ਨੂੰ ਅਲਾਟ ਕੀਤੇ। ਇਸ ਤੋਂ ਇਲਾਵਾ ਸਾਲ 2015 ਵਿੱਚ ਐਸ.ਏ.ਐਸ. ਨਗਰ ਵਿਖੇ ਵੱਖ-ਵੱਖ ਜਨ ਸਿਹਤ, ਸਿਵਲ ਅਤੇ ਬਾਗਬਾਨੀ ਦੇ ਕੰਮਾਂ ਦੇ ਰੱਖ ਰੱਖਾਓ ਸਬੰਧੀ ਟੈਂਡਰ ਦੇ ਯੋਗਤਾ ਮਾਪਦੰਡ ਬਦਲ ਦਿੱਤੇ ਗਏ ਅਤੇ ਮੈਸ: ਓਏਸਿਜ਼ ਟੈਕਨੋਲੋਜੀ ਪ੍ਰਾਈ: ਲਿਮ: ਨੂੰ ਉਕਤ ਕੰਮ ਤਕਰੀਬਨ 5 ਕਰੋੜ ਰੁਪਏ ਵਿੱਚ ਅਲਾਟ ਕਰ ਦਿੱਤੇ। ਇਸ ਤੋਂ ਇਲਾਵਾ ਸੁਰਿੰਦਰਪਾਲ ਸਿੰਘ ਵੱਲੋਂ ਆਪਣੀ ਗਮਾਡਾ ਵਿਖੇ ਤਾਇਨਾਤੀ ਦੌਰਾਨ ਓਏਸਿਜ਼ ਕੰਪਨੀ ਨੂੰ ਕੁੱਲ ਲਗਭਗ 50 ਕਰੋੜ ਰੁਪਏ ਦੇ ਕੰਮ ਅਲਾਟ ਕੀਤੇ ਗਏ। ਇਸ ਕੰਪਨੀ ਦਾ ਡਾਇਰੈਕਟਰ ਅਮਿਤ ਗਰਗ ਸੁਰਿੰਦਰਪਾਲ ਸਿੰਘ ਅਤੇ ਉਸ ਵੱਲੋਂ ਅਲਾਟ ਕੀਤੇ ਕੰਮਾਂ ਨੂੰ ਹਾਸਲ ਕਰਨ ਵਾਲੇ ਠੇਕੇਦਾਰਾਂ ਦਰਮਿਆਨ ਬਤੌਰ ਦਲਾਲ ਕੰਮ ਕਰਦਾ ਸੀ ਅਤੇ ਅਮਿਤ ਗਰਗ ਇਹਨਾਂ ਠੇਕੇਦਾਰਾਂ ਪਾਸੋਂ ਸੁਰਿੰਦਰਪਾਲ ਸਿੰਘ ਵਾਸਤੇ ਕਮਿਸ਼ਨ ਹਾਸਲ ਕਰਦਾ ਰਿਹਾ।
ਵਿਜੀਲੈਂਸ ਬਿਓਰੋ ਦੇ ਮੁਖੀ ਸ੍ਰੀ ਉਪਲ ਨੇ ਦੱਸਿਆ ਕਿ ਸੁਰਿੰਦਰਪਾਲ ਸਿੰਘ ਵੱਲੋਂ ਆਪਣੀ ਪਤਨੀ ਮਨਦੀਪ ਕੌਰ ਅਤੇ ਮਾਤਾ ਸਵਰਨਜੀਤ ਕੌਰ ਦੇ ਨਾਮ ਉਪਰ ਤਿੰਨ ਪ੍ਰਾਈਵੇਟ ਲਿਮਟਿਡ ਕੰਪਨੀਆਂ ਦਰਜ ਕਰਵਾਈਆਂ ਗਈਆਂ ਜਿਨਾਂ ਵਿੱਚ ਅਸੈਸ ਐਗਰੋ ਸੀਡਜ਼ ਪ੍ਰਾਈ: ਲਿਮ: ਮਿਤੀ 04-03-05 ਨੂੰ ਸਥਾਪਤ ਕੀਤੀ ਗਈ। ਐਵਾਰਡ ਐਗਰੋ ਟਰੇਡਰਜ਼ ਪ੍ਰਾਈ: ਲਿਮ: ਅਤੇ ਓਸਟਰ ਐਗਰੋ ਟਰੇਡਰਜ਼ ਪ੍ਰਾਈ: ਲਿਮ: ਕੰਪਨੀਆਂ ਇਕੋ ਦਿਨ ਮਿਤੀ 09-02-09 ਨੂੰ ਸਥਾਪਤ ਕੀਤੀਆਂ ਗਈਆਂ। ਹੈਰਾਨੀ ਦੀ ਗੱਲ ਹੈ ਕਿ ਇਹਨਾਂ ਤਿੰਨੋਂ ਕੰਪਨੀਆਂ ਵਿੱਚ ਉਸ ਦੀ ਪਤਨੀ ਮਨਦੀਪ ਕੌਰ ਅਤੇ ਮਾਤਾ ਸਵਰਨਜੀਤ ਕੌਰ ਬਤੌਰ ਡਾਇਰੈਕਟਰਜ਼ 50-50 ਫੀਸਦੀ ਸ਼ੇਅਰਾਂ ਦੀਆਂ ਮਾਲਕ ਹਨ। ਉਪਰੋਕਤ ਤਿੰਨਾਂ ਕੰਪਨੀਆਂ ਦਾ ਰਜਿਸਟਰਡ ਪਤਾ ਮਕਾਨ ਨੰਬਰ 39, ਡਿਫੈਂਸ ਕਲੋਨੀ ਬੀ.ਆਰ.ਐਸ. ਨਗਰ ਲੁਧਿਆਣਾ ਹੈ ਜਿਸਦੀ ਮਾਲਕੀ ਸੁਰਿੰਦਰਪਾਲ ਸਿੰਘ ਦੀ ਮਾਤਾ ਸਵਰਨਜੀਤ ਕੌਰ ਦੇ ਨਾਮ ਉਪਰ ਹੈ ਲੇਕਿਨ ਮੌਕਾ ‘ਤੇ ਉਕਤ ਮਕਾਨ ਵਿੱਚ ਉਕਤ ਤਿੰਨਾਂ ਕੰਪਨੀਆਂ ਦਾ ਕੋਈ ਵੀ ਦਫਤਰ ਮੌਜੂਦ ਨਹੀਂ ਹੈ ਅਤੇ ਇਹਨਾਂ ਤਿੰਨਾਂ ਕੰਪਨੀਆਂ ਦਾ ਸਾਰਾ ਕੰਮਕਾਜ ਵੀ ਏਕ ਉਂਕਾਰ ਬਿਲਡਰਜ਼ ਕੰਪਨੀ ਦੇ ਦਫਤਰ ਮਕਾਨ ਨੰਬਰ 36/563, ਪੱਖੋਵਾਲ ਰੋਡ ਲੁਧਿਆਣਾ ਵਿਖੇ ਹੀ ਕੀਤਾ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਇਹਨਾਂ ਤਿੰਨਾਂ ਕੰਪਨੀਆਂ ਦੇ ਬਂੈਕ ਖਾਤਿਆਂ ਵਿੱਚ ਕਰੋੜਾਂ ਰੁਪਏ ਸਲਾਨਾ ਦੇ ਹਿਸਾਬ ਨਾਲ ਨਕਦ ਜਮਾਂ ਹੋ ਰਹੇ ਹਨ ਜਿਹਨਾਂ ਵਿੱਚੋਂ ਸਾਲ 2012 ਤੋਂ ਲੈ ਕੇ ਸਾਲ 2016 ਤੱਕ ਲਗਭਗ 40 ਕਰੋੜ ਰੁਪਏ ਨਕਦ ਜਮਾਂ ਹੋਣ ਬਾਰੇ ਪਤਾ ਲੱਗ ਚੁੱਕਾ ਹੈ ਅਤੇ ਇੱਕ ਕੰਪਨੀ ਤੋਂ ਦੂਸਰੀਆਂ ਕੰਪਨੀਆਂ ਵਿੱਚ ਟਰਾਂਜੈਕਸਨ ਰਾਹੀਂ ਪੈਸਾ ਤਬਦੀਲ ਹੋ ਰਿਹਾ ਹੈ ਅਤੇ ਇਹਨਾਂ ਕੰਪਨੀਆਂ ਦੇ ਨਾਮ ‘ਤੇ ਬਹੁਤ ਸਾਰੀਆਂ ਬਹੁ-ਕਰੋੜੀ ਕੀਮਤ ਦੀਆਂ ਜਾਇਦਾਦਾਂ ਵੀ ਖ੍ਰੀਦੀਆਂ ਗਈਆਂ ਹਨ। ਇਹਨਾਂ ਜਾਇਦਾਦਾਂ ਦੀ ਖ੍ਰੀਦ ਸਮੇਂ ਕਈ ਵਾਰ ਇਹਨਾਂ ਕੰਪਨੀਆਂ ਦੇ ਨੁਮਾਇੰਦੇ ਵਜੋਂ ਗੁਰਮੇਜ਼ ਸਿੰਘ ਗਿੱਲ ਵੱਲੋਂ ਬਤੌਰ ਖ੍ਰੀਦਦਾਰ ਦਸਤਖਤ ਕੀਤੇ ਗਏ ਹਨ। ਪੜਤਾਲ ਦੌਰਾਨ ਉਕਤ ਤਿੰਨਾਂ ਕੰਪਨੀਆਂ ਵੱਲੋਂ ਕੋਈ ਖਾਸ ਜਾਣੂ ਕਾਰੋਬਾਰ ਕੀਤਾ ਜਾਣਾ ਨਹੀਂ ਪਾਇਆ ਗਿਆ ਜਿਸ ਤੋਂ ਸਪੱਸ਼ਟ ਹੈ ਕਿ ਸੁਰਿੰਦਰਪਾਲ ਸਿੰਘ ਵੱਲੋਂ ਆਪਣੀ ਨੌਕਰੀ ਦੌਰਾਨ ਪ੍ਰਾਈਵੇਟ ਠੇਕਦਾਰਾਂ ਨੂੰ ਜੋ ਨਜਾਇਜ ਵਿੱਤੀ ਲਾਭ ਪਹੁੰਚਾਇਆ ਉਸ ਵਿੱਤੀ ਲਾਭ ਵਿੱਚੋਂ ਉਹਨਾਂ ਨਾਲ ਮਿਲ ਕੇ ਖੁਦ ਵੀ ਹਿੱਸਾ ਪ੍ਰਾਪਤ ਕੀਤਾ ਅਤੇ ਮੈਸ: ਏਕ ਉਂਕਾਰ ਬਿਲਡਰਜ਼, ਜੋ ਕਿ ਉਸਦੇ ਖੁਦ ਦੇ ਦਿਮਾਗ ਦੀ ਕਾਢ ਹੈ, ਰਾਹੀਂ ਕਰੋੜਾਂ ਰੁਪਏ ਇੱਧਰ-ਉਧਰ ਕਰਕੇ ਵੱਖ-ਵੱਖ ਬੈਂਕ ਖਾਤਿਆਂ ਰਾਹੀਂ ਟਰਾਂਸਫਰ ਕਰਕੇ ਆਪਣੇ ਪਰਿਵਾਰਕ ਮਂੈਬਰਾਂ ਦੇ ਨਾਮ ‘ਤੇ ਮੌਜੂਦ ਕੰਪਨੀਆਂ ਵਿੱਚ ਨਿਵੇਸ਼ ਵਿਖਾ ਕੇ ਟਿਕਾਣੇ ਲਗਾਇਆ ਗਿਆ।
ਸ੍ਰੀ ਉਪਲ ਨੇ ਦੱਸਿਆ ਕਿ ਉਕਤ ਤੋਂ ਇਲਾਵਾ ਇੱਕ ਹੋਰ ਪ੍ਰਾਈਵੇਟ ਲਿਮਟਿਡ ਕੰਪਨੀ ਏਕਮੇ ਕਰੱਸ਼ਰਜ਼ ਐਂਡ ਬਿਲਡਰਜ਼ ਪ੍ਰਾਈ: ਲਿਮ: ਮਿਤੀ 101018 ਨੂੰ ਸਥਾਪਤ ਹੋਈ ਹੈ ਜਿਸ ਵਿੱਚ ਗੁਰਮੇਜ਼ ਸਿੰਘ ਗਿੱਲ ਅਤੇ ਤਰਨਦੀਪ ਸਿੰਘ ਸੰਘਾ, ਜੋ ਕਿ ਸੁਰਿੰਦਰਪਾਲ ਸਿੰਘ ਦਾ ਜੀਜਾ ਹੈ, ਡਾਇਰੈਕਟਰਜ਼ ਹਨ ਪਰ ਇਸ ਕੰਪਨੀ ਦੀ ਸਾਰੀ ਸ਼ੇਅਰ ਹੋਲਡਿੰਗ ਸੁਰਿੰਦਰਪਾਲ ਸਿੰਘ ਦੀ ਪਤਨੀ ਮਨਦੀਪ ਕੌਰ (90‚) ਅਤੇ ਮਾਤਾ ਸਵਰਨਜੀਤ ਕੌਰ ਦੇ ਨਾਮ ‘ਤੇ ਹੈ। ਇਸ ਕੰਪਨੀ ਵੱਲੋਂ ਮੈਸ: ਏਕ ਉਂਕਾਰ ਬਿਲਡਰਜ ਨਾਲ ਬਂੈਕ ਟਰਾਂਜੈਕਸ਼ਨਾਂ ਰਾਹੀਂ ਕਾਫੀ ਲੈਣ-ਦੇਣ ਕੀਤਾ ਗਿਆ।
ਵਿਜੀਲੈਂਸ ਮੁਖੀ ਸ੍ਰੀ ਉਪਲ ਨੇ ਕਿਹਾ ਕਿ ਉਕਤ ਦਰਸਾਏ ਗਏ ਤੱਥਾਂ ਤੋਂ ਜ਼ਾਹਰ ਹੈ ਕਿ ਮੈਸ: ਏਕ ਉਂਕਾਰ ਬਿਲਡਰਜ਼ ਕੰਪਨੀ, ਮੈਸ: ਰਜਿੰਦਰ ਐਂਡ ਕੰਪਨੀ, ਮੈਸ: ਓਏਸਿਜ਼ ਟੈਕਨੋਲੋਜੀਜ਼ ਪ੍ਰਾਈ: ਲਿਮ: ਅਤੇ ਹੋਰ ਫਰਮਾਂ/ਕੰਪਨੀਆਂ ਨੂੰ ਸੁਰਿੰਦਰਪਾਲ ਸਿੰਘ ਸਮੇਤ ਗਮਾਡਾ ਅਤੇ ਪੰਜਾਬ ਮੰਡੀ ਬੋਰਡ ਦੇ ਇੰਜੀਨੀਅਰਾਂ ਅਤੇ ਅਧਿਕਾਰੀਆਂ ਵੱਲੋਂ ਅਲਾਟ ਕੀਤੇ ਗਏ ਬਹੁ-ਕਰੋੜੀ ਕੰਮਾਂ ਵਿੱਚ ਅਪਰਾਧਿਕ ਮਨਸ਼ਾ ਨਾਲ ਨਜ਼ਾਇਜ਼ ਵਿੱਤੀ ਫਾਇਦਾ ਪਹੁੰਚਾਇਆ ਗਿਆ ਜਿਨਾਂ ਵਿਰੁੱਧ ਵਿਜੀਲੈਂਸ ਵੱਲੋਂ ਮੁਕੱਦਮਾ ਦਰਜ ਕਰਕੇ ਅਗਲੇਰੀ ਪੜਤਾਲ ਅਰੰਭ ਕਰ ਦਿੱਤੀ ਗਈ ਹੈ।

