ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਪਟਿਆਲਾ ਵਿਖੇ ਕੀਤੀ ਗਈ ਸੂਬਾ ਪੱਧਰੀ ਚਿਤਾਵਨੀ ਰੈਲੀ
ਪਟਿਆਲਾ 9 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਸੂਬਾ ਪੱਧਰੀ ਚੇਤਾਵਨੀ ਰੈਲੀ ਸ਼ੇਰਾਂ ਵਾਲਾ ਗੇਟ ਪਟਿਆਲਾ ਵਿਖੇ ਕੀਤੀ ਗਈ।ਇਸ ਰੈਲੀ ਦੌਰਾਨ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਠੇਕਾ ਮੁਲਾਜ਼ਮ ਹਾਜ਼ਰ ਹੋਏ।
ਆਗੂਆਂ ਨੇ ਕਾਂਗਰਸ ਸਰਕਾਰ ਦੀ ਠੇਕਾ ਮੁਲਾਜ਼ਮਾਂ ਪ੍ਰਤੀ ਅਪਣਾਈ ਜਾ ਰਹੀ ਆਨਾਕਾਨੀ ਦੀ ਨੀਤੀ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਪਿਛਲੇ ਨੋਂ ਸਾਲਾਂ ਤੋਂ ਅਕਾਲੀ-ਭਾਜਪਾ ਸਰਕਾਰ ਵੱਲੋਂ ਇਹਨਾਂ ਮੁਲਾਜ਼ਮਾਂ ਨਾਲ ਕੀਤੇ ਜਾ ਰਹੇ ਵਿਤਕਰੇ ਨੂੰ ਜਾਰੀ ਰੱਖਦਿਆਂ ਨਵੀਂ ਬਣੀ ਕਾਂਗਰਸ ਸਰਕਾਰ ਵੀ ਲਗਾਤਾਰ ਟਾਲ ਮਟੋਲ ਦੀ ਨੀਤੀ ਤੇ ਚੱਲਦਿਆਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਵਿਚਾਰਨ ਲਈ ਮੀਟਿੰਗ ਕਰਨ ਤੋਂ ਵੀ ਇਨਕਾਰੀ ਹੋਈ ਬੈਠੀ ਹੈ।ਪੰਜਾਬ ਸਰਕਾਰ ਵੱਲੋਂ ਜਾਣਬੁੱਝ ਕੇ ਕਾਨੂੰਨੀ ਅਤੇ ਸੰਵਿਧਾਨਿਕ ਉਲਝਣਾ ਦਾ ਬਹਾਨਾ ਬਣਾ ਕੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਕਦਮ ਨੂੰ ਉਲਝਾਇਆ ਜਾ ਰਿਹਾ ਹੈ ਅਤੇ ਸਾਲਾਂ ਬੱਧੀ ਠੇਕਾ ਭਰਤੀ ਦੀ ਮਾਰ ਝੱਲ ਚੁੱਕੇ ਠੇਕਾ ਮੁਲਾਜ਼ਮਾਂ ਦੇ ਅੱਲੇ ਜਖਮਾਂ ਨੂੰ ਉਧੇੜ ਕੇ ਨਮਕ ਛਿੜਕਣ ਦਾ ਕੰਮ ਕੀਤਾ ਜਾ ਰਿਹਾ ਹੈ।
ਮੋਰਚੇ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਲੜੇ ਗਏ ਮਿਸਾਲੀ ਘੋਲ ਸਦਕਾ ਅਕਾਲੀ ਭਾਜਪਾ ਸਰਕਾਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਕਾਨੂੰਨ ਬਣਾਉਣਾ ਪਿਆ।ਪ੍ਰੰਤੂ ਉਸ ਕਾਨੂੰਨ ਵਿੱਚ ਸਰਕਾਰ ਵੱਲੋਂ ਤਰੁੱਟੀਆਂ ਅਤੇ ਉਲਝਣਾ ਰੱਖੀਆਂ ਗਈਆਂ ਅਤੇ ਇਸ ਕਾਨੂੰਨ ਨੂੰ ਲਾਗੂ ਕਰਨ ਤੋਂ ਟਾਲਾ ਵੱਟੀ ਰੱਖਿਆ।ਇਸ ਕਰਕੇ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਜਿਉਂ ਦੀਆਂ ਤਿਉਂ ਖੜ੍ਹੀਆਂ ਹਨ।ਸੂਬਾ ਆਗੂਆਂ ਨੇ ਨਵੀਂ ਬਣੀ ਸਰਕਾਰ ਤੋਂ ਠੇਕਾ ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਨੂੰ ਤਰਜੀਹ ਦੇ ਕੇ ਪਹਿਲ ਦੇ ਆਧਾਰ ਤੇ ਨਿਪਟਾਰਾ ਕਰਨ ਦੀ ਮੰਗ ਕੀਤੀ।
ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਲਈ ਬਣੇ ਐਕਟ ਨੂੰ ਤੁਰੰਤ ਲਾਗੂ ਕਰਦਿਆ ਸਮੂਹ ਠੇਕਾ ਮੁਲਾਜਮਾਂ ਨੂੰ ਪਿੱਤਰੀ ਵਿਭਾਗਾਂ ਵਿੱਚ ਪੂਰੀਆਂ ਤਨਖਾਹਾਂ ਅਤੇ ਸਮੇਤ ਪੈਨਸ਼ਨਰੀ ਲਾਭਾਂ ਦੇ ਰੈਗੂਲਰ ਕੀਤਾ ਜਾਵੇ ।ਇਸ ਤੋਂ ਇਲਾਵਾ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਇਹਨਾਂ ਮੁਲਾਜ਼ਮਾਂ ਨੂੰ ਇਹਨਾਂ ਸੇਵਾਵਾਂ ਦਾ ਲਾਭ ਦਿੰਦਿਆਂ ਮੁਲਾਜ਼ਮ ਭਲਾਈ ਕਾਨੂੰਨ-2016 ਦੀਆਂ ਤੁਰੱਟੀਆਂ ਨੂੰ ਦੂਰ ਕਰਨ ਲਈ ਮੁਲਾਜ਼ਮ ਪੱਖੀ ਸੋਧਾਂ ਕੀਤੀਆਂ ਜਾਣ।ਪੰਜਾਬ ਸਰਕਾਰ ਵੱਲੋਂ ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਬਣਾਏ ਕਾਨੂੰਨ ਦੇ ਦਾਇਰੇ ਵਿੱਚੋਂ ਬਾਹਰ ਰਹੀਆਂ ਕੈਟਾਗਰੀਆਂ ਨੂੰ ਇਸਦੇ ਦਾਇਰੇ ਵਿੱਚ ਲਿਆ ਕੇ ਰੈਗੂਲਰ ਕੀਤਾ ਜਾਵੇ।ਠੇਕਾ ਮੁਲਾਜ਼ਮਾਂ ਦੀਆਂ ਛਾਂਟੀਆਂ ਬੰਦ ਕੀਤੀਆਂ ਜਾਣ,ਵੱਖ ਵੱਖ ਵਿਭਾਗਾਂ (ਜਲ ਸਪਲਾਈ,ਸਰਕਾਰੀ ਥਰਮਲ,ਪੰਜਾਬ ਰੋਡਵੇਜ ਪਨਬੱਸ,ਸੀਵਰੇਜ ਬੋਰਡ,ਸੁਵਿਧਾ,ਆਈ.ਟੀ.ਆਈ ) ਦੇ ਛਾਂਟੀ ਕੀਤੇ ਮੁਲਾਜ਼ਮਾਂ ਨੂੰ ਮੁੜ ਕੰਮ `ਤੇ ਬਹਾਲ ਕੀਤਾ ਜਾਵੇ।ਸੰਘਰਸ਼ਾਂ ਦੌਰਾਨ ਪਾਏ ਝੂਠੇ ਪਰਚੇ ਰੱਦ ਕੀਤੇ ਜਾਣ। ਮਾਨਯੋਗ ਸੁਪਰੀਮ ਕੋਰਟ ਦਾ ਬਰਾਬਰ ਕੰਮ, ਬਰਾਬਰ ਤਨਖਾਹ ਦਾ ਫੈਸਲਾ ਸਮੂਹ ਠੇਕਾ ਮੁਲਾਜ਼ਮਾਂ ਤੇ ਲਾਗੂ ਕੀਤਾ ਜਾਵੇ।ਕੇਂਦਰ ਸਰਕਾਰ ਵੱਲੋਂ ਸੋਧੇ ਨਿਯਮਾਂ ਅਨੁਸਾਰ ਸਮੂਹ ਵਿਭਾਗਾਂ ਦੀਆਂ ਮਹਿਲਾ ਮੁਲਾਜ਼ਮਾਂ ਲਈ 26 ਹਫਤਿਆਂ ਦੀ ਤਨਖਾਹ ਸਮੇਤ ਪ੍ਰਸੂਤਾ ਛੁੱਟੀ ਤੁਰੰਤ ਲਾਗੂ ਕੀਤੀ ਜਾਵੇ।ਇਸ ਤੋਂ ਇਲਾਵਾ ਪਿਛਲੇ ਲੱਗਭੱਗ 6-6 ਮਹੀਨਿਆਂ ਤੋਂ ਮੁਲਾਜ਼ਮਾਂ ਦੀਆਂ ਰੁਕੀਆਂ ਤਨਖਾਹਾਂ ਨੂੰ ਪਹਿਲ ਦੇ ਆਧਾਰ ਤੇ ਜਾਰੀ ਕੀਤਾ ਜਾਵੇ।
ਇਸ ਸਮੇਂ ਪਟਿਆਲਾ ਪ੍ਰਸ਼ਾਸ਼ਨ ਨਾਲ ਮੋਰਚੇ ਦੇ ਆਗੂਆਂ ਦੀ ਮੀਟਿੰਗ ਹੋਈ ਜਿਸ ਵਿੱਚ ਆਗੂਆਂ ਵੱਲੋਂ ਉਹਨਾਂ ਦੀ ਰੈਗੂਲਰ ਦੀ ਮੰਗ ਨੂੰ ਮੁੱਖ ਮੰਤਰੀ ਪੱਧਰ ਦਾ ਮਸਲਾ ਦੱਸਦਿਆਂ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਨਿਸ਼ਚਿਤ ਕਰਵਾਉਣ ਦੀ ਮੰਗ ਕੀਤੀ ਗਈ ਜਿਸ ਤੇ ਪਟਿਆਲਾ ਪ੍ਰਸ਼ਾਸ਼ਨ ਵੱਲੋਂ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਨਿਸ਼ਚਿਤ ਕਰਵਾਉਣ ਲਈ ਮੁੱਖ ਮੰਤਰੀ ਦੇ ਓ.ਐੱਸ.ਡੀ. ਨਾਲ ਮਿਤੀ 12 ਜੂਨ 2017 ਦਿਨ ਸੋਮਵਾਰ ਦੀ ਮੁੱਖ ਮੰਤਰੀ ਨਿਵਾਸ ਵਿਖੇ ਮੀਟਿੰਗ ਨਿਸ਼ਚਿਤ ਕਰਵਾਈ ਗਈ ਜਿਸ ਸੰਬੰਧੀ ਤਹਿਸੀਲਦਾਰ ਸ਼੍ਰੀ ਸੁਭਾਸ਼ ਭਾਰਦਵਾਜ ਵੱਲੋਂ ਧਰਨੇ ਵਿੱਚ ਆ ਕੇ ਜਾਣਕਾਰੀ ਦਿੱਤੀ ਗਈ ।ਪ੍ਰਸਾਸ਼ਨ ਦੇ ਇਸ ਭਰੋਸੇ ਤੇ ਮੋਰਚੇ ਵੱਲੋਂ ਧਰਨਾ ਸਮਾਪਤ ਕਰਨ ਦਾ ਫੈਸਲਾ ਕਰਦਿਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਅੱਜ ਉਹਨਾਂ ਵੱਲੋਂ ਸਰਕਾਰ ਨੂੰ ਸੁਣਾਉਣੀ ਕਰਨ ਲਈ ਚੇਤਾਵਨੀ ਰੈਲੀ ਕਰਨ ਦਾ ਹੀ ਫੈਸਲਾ ਕੀਤਾ ਗਿਆ ਸੀ ਪਰ ਜੇਕਰ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਦਾ ਨਿਪਟਾਰਾ ਕਰਨ ਲਈ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਨਾ ਕਰਵਾਈ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਵੱਲੋਂ ਮੁੜ ਪਟਿਆਲਾ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ ਅਤੇ ਸਰਕਾਰੀ ਰੋਕਾਂ ਉਹਨਾਂ ਦੇ ਸ਼ੰਘਰਸ਼ ਨੂੰ ਨਹੀਂ ਰੋਕ ਸਕਣਗੀਆਂ।
ਇਸ ਮੌਕੇ ਠੇਕਾ ਮੁਲਾਜ਼ਮ ਜਥੇਬੰਦੀਆਂ ਵੱਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਤੋਂ ਵਰਿੰਦਰ ਸਿੰਘ ਮੋਮੀ, ਸਰਕਾਰੀ ਥਰਮਲ ਕੰਨਟਰੈਕਟ ਵਰਕਰਜ਼ ਕੁਆਰਡੀਨੇਟਿੰਗ ਕਮੇਟੀ ਤੋਂ ਰਜਿੰਦਰ ਸਿੰਘ ਢਿੱਲੋਂ ਅਤੇ ਕਰਮਬੀਰ ਸਿੰਘ, ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਤੋਂ ਰੇਸ਼ਮ ਸਿੰਘ ਗਿੱਲ, ਪਾਵਰਕਾਮ ਅਤੇ ਟਰਾਂਸਕੋ ਠੇਕਾ ਮੁਲਾਜਮ ਯੂਨੀਅਨ ਤੋਂ ਬਲਿਹਾਰ ਸਿੰਘ, ਮਾਡਲ ਸਕੂਲ ਕਰਮਚਾਰੀ ਐਸੋਸੀਏਸ਼ਨ ਪੰਜਾਬ ਤੋਂ ਡਾ. ਅਮ੍ਰਿਤਪਾਲ ਸਿੰਘ ਸਿੱਧੂ,ਐੱਸ.ਐੱਸ.ਏ./ਰਮਸਾ ਅਧਿਆਪਕ ਯੂਨੀਅਨ ਪੰਜਾਬ ਤੋਂ ਦੀਦਾਰ ਸਿੰਘ ਮੁੱਦਕੀ, ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਇੰਪ: ਕੰਟਰੈਕਟ ਵਰਕਰ ਅਤੇ ਲੇਬਰ ਯੂਨੀ. ਤੋਂ ਪ੍ਰਦੀਪ ਸ਼ਰਮਾ,ਵੈਟਨਰੀ ਏ.ਆਈ. ਵਰਕਰਜ਼ ਯੂਨੀਅਨ ਪੰਜਾਬ ਤੋਂ ਮਾਨ ਸਿੰਘ, ਪੀ.ਡਬਲਿਉ.ਡੀ.ਇਲੈਕਟ੍ਰੀਕਲ ਆਉਟਸੋਰਸਿੰਗ ਮੁਲਾਜ਼ਮ ਯੂਨੀਅਨ ਪੰਜਾਬ ਤੋਂ ਜਸਪ੍ਰੀਤ ਸਿੰਘ ਗਗਨ,ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਤੋਂ ਵਰਿੰਦਰ ਸਿੰਘ,ਰੈਗੂਲਰ ਐਂਡ ਕੰਨਟਰੈਕਟ ਵਰਕਰਜ਼ ਯੂਨੀਅਨ (ਅਜ਼ਾਦ) ਪੀ.ਆਰ.ਟੀ.ਸੀ. ਤੋਂ ਜਸਪਾਲ ਸਿੰਘ, ਸ਼ਹੀਦ ਕਿਰਨਜੀਤ ਕੌਰ ਐਕਸ਼ਨ ਕਮੇਟੀ ਪੰਜਾਬ (ਈ.ਜੀ.ਐੱਸ./ਏ.ਆਈ.ਈ./ਐੱਸ.ਟੀ.ਆਰ.) ਤੋਂ ਵੀਰਪਾਲ ਕੌਰ ਸਿਧਾਣਾ,ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਤੋਂ ਰਵਿੰਦਰ ਸਿੰਘ ਰਵੀ, ਪੰਜਾਬ ਕੰਨਟਰੱਕਸ਼ਨ ਵਰਕਰਜ਼ ਵੈਲਫੇਅਰ ਬੋਰਡ ਸਟਾਫ ਯੂਨੀਅਨ ਤੋਂ ਮੈਡਮ ਮੀਨਾਕਸ਼ੀ ਗੋਇਲ,ਡਾਟਾ ਐਂਟਰੀ ਆਪਰੇਟਰ ਐਂਡ ਹੈਲਪਰ ਯੂਨੀਅਨ ਪੰਜਾਬ(ਆਈ.ਟੀ.ਆਈ) ਤੋਂ ਰਣਜੀਤ ਸਿੰਘ,ਪੰਜਾਬ ਮੰਡੀ ਬੋਰਡ ਕੰਟਰੈਕਟ ਬੇਸ ਯੂਨੀਅਨ ਤੋਂ ਰਾਜੂ ਸਿੰਘ ਆਦਿ ਹਾਜਿਰ ਸਨ।
ਇਸ ਤੋਂ ਇਲਾਵਾ ਭਰਾਤਰੀ ਜੱਥੇਬੰਦੀਆਂ ਵੱਲੋਂ ਵਰਗ ਚੇਤਨਾ ਮੰਚ ਤੋਂ ਜੋਗਿੰਦਰ ਆਜਾਦ,ਡੀ.ਟੀ.ਐੱਫ ਤੋਂ ਸੁਖਵਿੰਦਰ ਸੁੱਖੀ,ਭਾਰਤੀ ਖੇਤ ਮਜਦੂਰ ਯੂਨੀਅਨ ਤੋਂ ਜੋਰਾ ਸਿੰਘ ਨਸਰਾਲੀ,ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਮੋਠੂ ਸਿੰਘ ਕੋਟੜਾ,ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਤੋਂ ਸੱਤਪਾਲ ਕਥੂਰੀਆ,ਟੈਕਨੀਕਲ ਐਂਡ ਮਕੈਨੀਕਲ ਇੰਪਲਾਇਜ ਯੂਨੀਅਨ ਤੋਂ ਮਲਾਗਰ ਸਿੰਘ ਖਮਾਣੋਂ,ਇੰਨਕਲਾਬੀ ਕੇਂਦਰ ਪੰਜਾਬ ਤੋਂ ਨਰੈਣ ਦਾਸ ਆਦਿ ਹਾਜਿਰ ਸਨ।

