ਪੰਜਾਬਪਟਿਆਲਾ

ਗੁਰੂ ਸਾਹਿਬਾਨ ਦੇ ਉਪਦੇਸ਼ ਨੂੰ ਦ੍ਰਿੜ ਕਰਵਾਉਣ ਲਈ ਗੁਰਮਤਿ ਸਿਖਲਾਈ ਕੈਂਪ ਨਿਰੰਤਰ ਜਾਰੀ ਰਹਿਣਗੇ : ਪ੍ਰੋ. ਕਿਰਪਾਲ ਸਿੰਘ ਬੰਡੂਗਰ

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ
ਪਟਿਆਲਾ 10 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਝਾ, ਮਾਲਵਾ ਅਤੇ ਦੋਆਬਾ ਖੇਤਰ ‘ਚ ਧਰਮ ਪ੍ਰਚਾਰ ਦੀ ਪ੍ਰਫੁੱਲਤਾ ਲਈ ਸ਼ੁਰੂ ਕੀਤੇ ਗੁਰਮਤਿ ਸਿਖਲਾਈ ਕੈਂਪਾਂ ਤਹਿਤ ਅੱਜ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਗੁਰਮਤਿ ਸਿਖਲਾਈ ਕੈਂਪ ਅਤੇ ਪ੍ਰਕਾਸ਼ ਪੁਰਬ ਸਬੰਧੀ ਮਹਾਨ ਗੁਰਮਤਿ ਸਮਾਗਮ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਸੰਪੂਰਨਤਾ ਹੋਈ।

ਇਸ ਮੌਕੇ ਗੁਰਮਤਿ ਸਿਖਲਾਈ ਕੈਂਪ ‘ਚ ਹਿੱਸਾ ਲੈਣ ਵਾਲੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬੰਡੂਗਰ ਨੇ ਕਿਹਾ ਕਿ ਅਜੌਕੀ ਨੌਜਵਾਨ ਪੀੜੀ ਨੂੰ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ਦੇ ਪਾਂਧੀ ਬਣਾਉਣ ਲਈ ਬੱਚਿਆਂ ਨੂੰ ਗੁਰਮਤਿ ਸਿਧਾਂਤ ਅਤੇ ਗੁਰਬਾਣੀ ਆਸ਼ੇ ‘ਚ ਢਾਲਣ ਲਈ ਸ਼ੁਰੂ ਕੀਤੇ ਗਏ ਗੁਰਮਤਿ ਸਿਖਲਾਈ ਕੈਂਪ ਨਿਰੰਤਰ ਜਾਰੀ ਰਹਿਣਗੇ।
ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਬਣੀ ਹੋਈ ਹੈ ਕਿ ਸਾਡੇ ਬੱਚੇ ਸਿੱਖ ਇਤਿਹਾਸ, ਪੰਥਕ ਵਿਰਾਸਤ ਤੇ ਗੁਰਮਤਿ ਸੱਭਿਆਚਾਰ ਨੂੰ ਬਚਾਉਣ ਲਈ ਹਮੇਸ਼ਾ ਤਤਪਰ ਰਹਿਣ। ਉਨ੍ਹਾਂ ਕਿਹਾ ਕਿ ਜਿਹੜਾ ਸਕੰਲਪ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਉਪਦੇਸ਼ ਤੇ ਉਦੇਸ਼ ਸਮੁੱਚੀ ਲੋਕਾਈ ਨੂੰ ਦਿੱਤਾ ਉਸ ਨੂੰ ਦ੍ਰਿੜ ਕਰਵਾਉਣ ਲਈ ਗੁਰਮਤਿ ਸਿਖਲਾਈ ਕੈਂਪ ਸਹਾਈ ਸਿੱਧ ਹੋਣਗੇ।
ਪ੍ਰੋ. ਬੰਡੂਗਰ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਇਤਿਹਾਸ ਬਾਰੇ ਚਾਨਣਾ ਪਾਉਂਦਿਆਂ ਪ੍ਰੇਰਨਾ ਦਿੱਤੀ ਕਿ ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਤੋਂ ਪੁੱਤਰ ਦੀ ਦਾਤ ਪ੍ਰਾਪਤ ਕੀਤੀ ਸੀ, ਜਿਸ ਤੋਂ ਸਾਨੂੰ ਇਹ ਵੀ ਸਿੱਖਿਆ ਮਿਲੀ ਕਿ ਸਾਨੂੰ ਪ੍ਰਮਾਤਮਾ ਪਾਸੋਂ ਕਿਸ ਤਰ੍ਹਾਂ ਝੁਕਕੇ, ਨੀਵੇਂ ਬਣਕੇ ਅਤੇ ਝੋਲੀ ਅੱਡ ਕੇ ਗੁਰੂ ਤੋਂ ਦਾਤ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਜ਼ਾਬਰ ਹਕੂਮਤਾਂ ਦਾ ਸਿਰ ਭੰਨਣ ਲਈ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਅਜਿਹੀ ਅਸੀਸ ਦਿੱਤੀ ਕਿ ਛੇਵੇਂ ਗੁਰੂ ਦੇ ਰੂਪ ‘ਚ ਸ੍ਰੀ ਗੁਰੂ ਹਰਗੋਬਿਦ ਸਾਹਿਬ ਜੀ ਨੇ ਮੀਰੀ-ਪੀਰੀ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨੂੰ ਅਗਾਂਹ ਤੋਰਿਆ ਅਤੇ ਜ਼ਾਬਰ ਜ਼ੁਲਮ ਕਰਨ ਵਾਲਿਆਂ ਨੂੰ ਵੀ ਸਬਕ ਸਿਖਾਇਆ।
ਇਸ ਮੌਕੇ ਵੱਖ-ਵੱਖ ਮੁਕਾਬਲਿਆਂ ‘ਚ ਹਿੱਸਾ ਲੈਣ ਵਾਲਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬੰਡੂਗਰ ਨੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਤ ਵੀ ਕੀਤਾ। ਗੁਰਮਤਿ ਸਿਖਲਾਈ ਕੈਂਪ ‘ਚ ਕਵੀਸ਼ਰੀ, ਗੱਤਕਾ ਅਤੇ ਦੁਮਾਲਾ ਮੁਕਾਬਲਾ, ਦਸਤਾਰ, ਸ਼ਬਦ ਗਾਇਨ ਅਤੇ ਕਵਿਤਾ ਮੁਕਾਬਲੇ ਕਰਵਾਏ। ਇਸ ਮੌਕੇ ਕਵੀਸ਼ਰੀ ‘ਚ ਹਰਮਨ ਕੌਰ ਨੇ ਪਹਿਲਾ ਅਤੇ ਦੂਜਾ ਸਥਾਨ ਸੁਖਵਿੰਦਰ ਸਿੰਘ ਨੇ ਹਾਸਲ ਕੀਤਾ। ਗੱਤਕਾ ਅਤੇ ਦੁਮਾਲੇ ‘ਚ ਪਹਿਲਾ ਸਥਾਨ ਨਿਸ਼ਾਨਜੋਤ ਸਿੰਘ ਪਹਿਲਾ, ਗੁਲਮਾਨ ਸਿੰਘ ਦੂਜਾ, ਦਸਤਾਰ ‘ਚ ਬਲਜਿੰਦਰ ਸਿੰਘ ਨੇ ਪਹਿਲਾ, ਸਤਨਾਮ ਸਿੰਘ ਦੂਜਾ, ਤੀਜਾ ਸਥਾਨ ਗੁਰਦਾਤ ਸਿੰਘ, ਸ਼ਬਦ ਗਾਇਨ ‘ਚ ਗੁਰਇਕਬਾਲ ਸਿੰਘ ਪਹਿਲਾ, ਮੁਸਕਾਨਪ੍ਰੀਤ ਕੋਰ ਦੂਜਾ, ਕਵਿਤਾ ‘ਚ ਸਿਮਰਨਜੀਤ ਕੌਰ ਪਹਿਲਾ, ਜਸਨੁਰ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ।
ਗੁਰਮਤਿ ਸਮਾਗਮ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਜਸਮੇਰ ਸਿੰਘ ਲਾਛੜੂ, ਜਥੇਦਾਰ ਲਾਭ ਸਿੰਘ ਦੇਵੀਨਗਰ, ਬੀਬੀ ਕੁਲਦੀਪ ਕੌਰ, ਬੀਬੀ ਪਰਮਜੀਤ ਕੌਰ ਬਜਾਜ, ਸਵਿੰਦਰ ਸਿੰਘ ਸੱਭਰਵਾਲ, ਨਰਦੇਵ ਸਿੰਘ ਆਕੜੀ, ਲਖਵੀਰ ਸਿੰਘ ਲੋਟ ਗੁਰਦੁਆਰਾ ਦੁਖਨਿਵਾਰਨ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ, ਮੈਨੇਜਰ ਅਮਰਜੀਤ ਸਿੰਘ, ਭਗਵੰਤ ਸਿੰਘ ਧੰਗੇੜਾ, ਜਥੇਦਾਰ ਬੂਟਾ ਸਿੰਘ ਸ਼ਾਦੀਪੁਰ, ਭਗਵਾਨ ਦਾਸ ਜੁਨੇਜਾ, ਸੁਖਮਨ ਸਿੱਧੂ, ਗੁਰਜੀਤ ਸਿੰਘ ਉਪਲੀ, ਹਰਬੰਸ ਸਿੰਘ ਲੰਗ, ਪ੍ਰਗਟ ਸਿੰਘ ਵਜੀਦਪੁਰ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।

Leave a Reply

Your email address will not be published. Required fields are marked *