ਕੈਪਟਨ ਖਿਲਾਫ ਧਰਨੇ ਲਈ ਪੱਬਾਂ ਭਾਰ ਹੋਏ ਬੇਰੁਜ਼ਗਾਰ ਲਾਇਨਮੈਨ
ਪਟਿਆਲਾ, 12 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਬੇਰੁਜ਼ਗਾਰ ਲਾਈਨਮੈਨ ਯੂਨੀਅਨ (ਪੰਜਾਬ) ਪਾਵਰਕਾਮ ਅੰਦਰ ਆਪਣੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਹੈ। ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਰੁਜਗਾਰ ਦੇਣ ਦੀ ਥਾਂ ਇਨ੍ਹਾਂ ਬੇਰੁਜਗਾਰ ਲਾਈਨਮੈਨਾਂ ਨੂੰ ਜੇਲ੍ਹਾਂ, ਡਾਗਾਂ ਤੇ ਲਾਰੇ ਹੀ ਦਿੱਤੇ ਗਈ ਸਾਲ 2003 ਵਿੱਚ ਕਾਂਗਰਸ ਦੀ ਸਰਕਾਰ ਸੀ ਕੈਪਟਨ ਸਾਹਿਬ ਹੀ ਮੁੱਖ ਮੰਤਰੀ ਸਨ।
ਜੱਥੇਬੰਦੀ ਵੱਲੋਂ ਰੁਜ਼ਗਾਰ ਦੀ ਮੰਗ ਕਰਨ ਤੇ ਡਾਂਗਾਂ ਹੀ ਦਿੱਤੀਆਂ ਗਈਆਂ ਤੇ ਉਸ ਤੋਂ ਬਾਅਦ ਅਕਾਲੀ-ਭਾਜਪਾ ਸਰਕਾਰ ਦਾ ਰਾਜ ਆਇਆ ਤੇ ਉਨ੍ਹਾਂ ਤੋਂ ਵੀ ਰੁਜਗਾਰ ਦੀ ਥਾਂ ਡਾਗਾਂ ਤੇ ਜੇਲ੍ਹਾਂ ਹੀ ਮਿਲੀਆਂ। ਅੱਜ ਫਿਰ ਬੇਰੁਜਗਾਰ ਲਾਈਨਮੈਨ ਯੂਨੀਅਨ ਵੱਲੋਂ ਸੂਬਾ ਪ੍ਰਧਾਨ ਪਿਰਮਲ ਸਿੰਘ ਦੀ ਅਗਵਾਈ ਵਿੱਚ ਪਾਵਰਕਾਮ ਦੇ ਹੈਡ ਆਫਿਸ ਪਟਿਆਲਾ ਦੇ ਸਾਹਮਣੇ ਰੋਸ ਧਰਨਾ ਦਿੱਤਾ ਗਿਆ। ਕਿਉਂਕਿ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਰਹਿੰਦੇ 4000 ਲਾਇਨਮੈਨ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਦੀ ਬਜਾਏ ਪੁਰਾਣੀ ਭਰਤੀ ਨੂੰ ਖਤਮ ਕਰਕੇ 1500 ਸਹਾਇਕ ਲਾਈਨਮੈਨਾਂ ਦੀਆਂ ਪੋਸਟਾਂ ਦਾ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ। ਜਿਸ ਕਰਕੇ ਪੁਰਾਣੇ ਸਾਥੀ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ।
ਧਰਨੇ ਨੂੰ ਸੰਬੋਧਨ ਕਰਦਿਆਂ ਪਿਰਮਲ ਸਿੰਘ ਨੇ ਕਿਹਾ ਕਿ ਮਿਤੀ 10 ਮਈ ਨੂੰ ਪਾਵਰਕਾਮ ਦੀ ਮੈਨੇਜਮੈਂਟ ਨਾਲ 1500 ਸਹਾਇਕ ਲਾਈਨਮੈਨਾਂ ਦੀਆਂ ਪੋਸਟਾਂ ਨੂੰ ਵਧਾ ਕੇ 5000 ਕਰਵਾਉਣ ਤੇ ਉਮਰ ਹੱਦ 37 ਸਾਲ ਤੋਂ ਵਧਾ ਕੇ 45 ਸਾਲ ਕਰਨ ਦੀ ਮੰਗ ਸਾਡੇ ਵੱਲੋਂ ਰੱਖੀ ਗਈ ਸੀ। ਜਿਸ ਤੇ ਪਾਵਰਕਾਮ ਦੇ ਸੀ.ਐਮ.ਡੀ. ਸ੍ਰੀ ਵੀਨੂੰ ਪ੍ਰਸਾਦ ਨੇ ਇਨ੍ਹਾਂ ਦੋਨੋ ਮੰਗਾਂ ਨੂੰ ਜਲਦੀ ਪੂਰਾ ਕਰਨ ਦੀ ਹਾਮੀ ਭਰੀ ਸੀ ਤੇ ਇਸਦੇ ਹੱਲ ਲਈ ਪੰਜਾਬ ਸਰਕਾਰ ਨਾਲ ਗੱਲਬਾਤ ਕਰਨ ਲਈ ਇੱਕ ਮਹੀਨੇ ਦਾ ਸਮਾਂ ਲੱਗਣ ਦੀ ਗੱਲ ਕਹੀ ਸੀ। ਜੋ ਕਿ 10 ਜੂਨ ਨੂੰ ਪੂਰਾ ਹੋ ਚੁਕਿਆ ਹੈ। ਪਰ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਕਈ ਠੋਸ ਜਾਣਕਾਰੀ ਨਹੀਂ ਸੀ ਦਿੱਤੀ ਗਈ, ਜਿਸ ਕਰਕੇ ਜੱਥੇਬੰਦੀ ਵੱਲੋਂ ਅੱਜ ਮਜਬੂਰਨ ਰੋਸ ਧਰਨਾ ਦੇਣਾ ਪਿਆ। ਅੱਜ ਦੇ ਧਰਨੇ ਦੇ ਦੌਰਾਨ ਪਟਿਆਲਾ ਪ੍ਰਸ਼ਾਸ਼ਨ ਵੱਲੋਂ ਦਖਲ ਦੇ ਕੇ ਜੱਥੇਬੰਦੀ ਦੀ ਮੀਟਿੰਗ ਪਾਵਰਕਾਮ ਦੇ ਏ.ਐਮ. ਸ੍ਰੀ ਆਰ.ਪੀ. ਪਾਂਡਵ ਨਾਲ ਕਰਵਾਈ ਗਈ। ਮੀਟਿੰਗ ਵਿੱਚ ਸ੍ਰੀ ਪਾਂਡਵ ਨੇ ਵਿਸ਼ਵਾਸ਼ ਦਿਵਾਇਆ ਕਿ ਸਾਡੇ ਵੱਲੋਂ 1500 ਸਹਾਇਕ ਲਾਈਨਮੈਨਾਂ ਦੀਆਂ ਪੋਸਟਾਂ ਨੂੰ ਵਧਾ ਕੇ 5000 ਕਰਨ ਅਤੇ ਉਮਰ ਹੱਦ 37 ਸਾਲ ਤੋਂ ਵਧਾ ਕੇ 45 ਸਾਲ ਕਰਨ ਦੀ ਪ੍ਰਪੋਜਲ ਬਣਾ ਕੇ ਪੰਜਾਬ ਸਰਕਾਰ ਤੋਂ ਮਨਜੂਰੀ ਲਈ ਭੇਜੀ ਹੋਈ ਹੈ। ਜਿਸ ਨੂੰ ਲਗਭਗ ਇੱਕ ਮਹੀਨਾ ਹੋ ਚੁਕਿਆ ਹੈ ਤੇ ਅਸੀਂ ਹੁਣ ਫੇਰ ਤੋਂ ਪੰਜਾਬ ਸਰਕਾਰ ਤੋਂ ਜਲਦੀ ਮਨਜੂਰੀ ਲੈਣ ਲਈ ਇੱਕ ਯਾਦ ਪੱਤਰ ਲਿਖ ਕੇ ਪੰਜਾਬ ਸਰਕਾਰ ਨੂੰ ਭੇਜ ਰਹੇ ਹਾਂ।
ਇਸ ਯਾਦ ਪੱਤਰ ਦੀ ਫੋਟੋ ਕਾਪੀ ਬੇਰੁਜਗਾਰ ਲਾਈਨਮੈਨ ਯੂਨੀਅਨ ਦੇ ਆਗੂਆਂ ਨੂੰ ਵੀ ਦਿੱਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆ ਯੂਨੀਅਨ ਦੇ ਸੂਬਾ ਸਕੱਤਰ ਭੋਲਾ ਸਿੰਘ ਗੱਗੜਪੁਰ ਅਤੇ ਮੀਤ ਪ੍ਰਧਾਨ ਸੋਮਾ ਸਿੰਘ ਭੜੋ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਨੇ ਜਲਦੀ ਹੀ ਰਹਿੰਦੇ 4000 ਲਾਈਨਮੈਨਾਂ ਨੂੰ ਰੁਜਗਾਰ ਦੇਣ ਦਾ ਕੋਈ ਠੋਸ ਹੱਲ ਨਾ ਕੱਢਿਆ ਤਾਂ ਜੱਥੇਬੰਦੀ ਇੱਕ ਵਾਰ ਫਿਰ ਤੋਂ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਗੁਰਦਾਸਪੁਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਸਾਡੀ (ਕਾਂਗਰਸ ਪਾਰਟੀ) ਦੀ ਸਰਕਾਰ ਬਣਦੀ ਹੈ ਤਾਂ ਹਰ ਘਰ ਵਿੱਚ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇਗੀ, ਤੇ ਨੌਕਰੀ ਲਈ ਨਿਰਧਾਰਤ ਉਮਰ ਹੱਦ ਵਿੱਚ ਵਾਧਾ ਕੀਤਾ ਜਾਵੇਗਾ। ਪਰ ਪਾਵਰਕਾਮ ਅੰਦਰ ਜੋ ਭਰਤੀ ਹੋ ਰਹੀ ਹੈ ਉਹ ਇਸ ਤੋਂ ਬਿਲਕੁਲ ਉਲਟ ਹੈ ਉਮਰ ਹੱਦ ਵਿੱਚ ਵਾਧਾ ਕਰਨ ਦੀ ਬਜਾਏ ਭਰਤੀ ਦੀ ਉਮਰ ਹੱਦ 39 ਸਾਲ ਤੋਂ ਘਟਾ ਕੇ 37 ਸਾਲ ਰੱਖੀ ਜਾ ਰਹੀ ਹੈ ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਸਾਹਿਬ ਹਰ ਘਰ ਸਰਕਾਰੀ ਨੌਕਰੀ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਦੀ ਸ਼ੁਰੂਆਤ ਰਹਿੰਦੇ 4000 ਲਾਈਨਮੈਨ ਨੂੰ ਰੁਜਗਾਰ ਦੇ ਕੇ ਕਰਨ। ਤੇ ਪਿਛਲੇ ਸਮੇਂ ਚੋਣਾਂ ਤੋਂ ਪਹਿਲਾਂ ਬੇਰੁਜਗਾਰ ਲਾਈਨਮੈਨ ਜੱਥੇਬੰਦੀ ਵੱਲੋਂ ਪਟਿਆਲਾ ਵਿਖੇ ਧਰਨੇ ਲਗਾ ਕੇ ਮਰਨ ਵਰਤ ਰੱਖਿਆ ਹੋਇਆ ਹੈ। ਜਿਸ ਵਿੱਚ ਮਹਾਰਾਣੀ ਪ੍ਰਨੀਤ ਕੌਰ, ਚਰਨਜੀਤ ਸਿੰਘ ਚੰਨੀ, ਰਾਜਾ ਵੜਿੰਗ, ਸਾਧੂ ਸਿੰਘ ਧਰਮਸੋਤ, ਬੀਬੀ ਰਜਿੰਦਰ ਕੌਰ ਭੱਠਲ ਨੇ ਆ ਕੇ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ ਤੇ ਪਹਿਲ ਦੇ ਆਧਾਰ ਤੇ 4000 ਲਾਈਨਮੈਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ। ਪਰ ਅਫਸੋਸ ਕਿ ਉਹ ਅੱਜ ਸਰਕਾਰ ਬਣਨ ਤੇ ਭੁੱਲ ਗਏ ਜਾਪਦੇ ਹਨ। ਇਸ ਮੌਕੇ ਜਗਤਾਰ ਸਿੰਘ ਹੁਸ਼ਿਆਰਪੁਰ, ਜਰਨੈਲ ਸਿੰਘ ਰੋਪੜ, ਸੁਰਿੰਦਰ ਨੇ ਪਰਾਗਵਾਲਾ, ਚੇਤ ਸਿੰਘ ਜਲੂਰ ਆਦਿ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।

