ਥਾਣਾ ਜੋਧਾਂ ਵਿਖੇ ਖੁਦਕਸ਼ੀ ਮਾਮਲੇ ਦੀ ਸੀ.ਬੀ.ਆਈ. ਜਾਂਚ ਹੋਵੇ : ਸਵਰਾਜ ਘੁੰਮਣ
ਮੁਨਸ਼ੀ ਨਾਲ ਸ਼ਾਮਲ ਪੁਲਿਸ ਅਧਿਕਾਰੀਆਂ ਨੂੰ ਵੀ ਜਾਂਚ ਦੇ ਘੇਰੇ ‘ਚ ਲਿਆਂਦਾ ਜਾਵੇ
ਪਟਿਆਲਾ 16 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਪੁਲਿਸ ਸਬ ਡਵੀਜ਼ਨ ਦਾਖਾ ਅਧੀਨ ਥਾਣਾ ਜੋਧਾਂ ਵਿਖੇ ਤਾਇਨਾਤ ਮਹਿਲਾ ਪੁਲਿਸ ਕਰਮਚਾਰੀ ਅਮਨਪ੍ਰੀਤ ਕੌਰ ਦੀ ਡਿਊਟੀ ਦੌਰਾਨ ਖੁਦਕਸ਼ੀ ਕੀਤੇ ਜਾਣ ਦੇ ਮਾਮਲੇ ਦਾ ਸ਼ਿਵ ਸੈਨਾ ਹਿੰਦੁਸਤਾਨ ਪੰਜਾਬ ਦੀ ਕਨਵੀਨਟਰ ਅਤੇ ਮਹਿਲਾ ਵਿੰਗ ਜ਼ਿਲ੍ਹਾ ਪਟਿਆਲਾ ਦੀ ਪ੍ਰਧਾਨ ਸਵਰਾਜ ਘੁੰਮਣ ਨੇ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਜਿਥੇ ਪੁਲਿਸ ਦੇ ਉਚ ਅਧਿਕਾਰੀ ਇਸ ਮਾਮਲੇ ਨੂੰ ਦਬਾਉਣਾ ਚਾਹੁੰਦੇ ਹਨ, ਉਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਖੁਦਕਸ਼ੀ ਕਰਨ ਵਾਲੀ ਮਹਿਲਾ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਇਨਸਾਫ ਦਿਵਾਉਣ ਲਈ ਅਜਿਹੀ ਟੀਮ ਦਾ ਗਠਨ ਕਰਨ, ਜਿਸ ਨਾਲ ਮਾਮਲੇ ਦੀ ਨਿਰਪੱਖ ਜਾਂਚ ਹੋ ਸਕੇ।
ਸਵਰਾਜ ਘੁੰਮਣ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਮਲੇ ਦੀ ਜਾਂਚ ਐਸ.ਆਈ.ਟੀ. ਦੇ ਹਵਾਲੇ ਕੀਤੀ, ਪ੍ਰੰਤੂ ਫਿਰ ਵੀ ਸੱਚਾਈ ਸਾਹਮਣੇ ਲਿਆਉਣ ਅਤੇ ਦੋਸ਼ੀਆਂ ਨੂੰ ਕਾਨੂੰਨੀ ਕਟਹਿਰੇ ‘ਚ ਖੜਾ ਕਰਨ ਲਈ ਮਾਮਲੇ ਦੀ ਸੀ.ਬੀ.ਆਈ. ਜਾਂਚ ਕਰਵਾਈ ਜਾਵੇ ਤਾਂ ਕਿ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇ।
ਮਹਿਲਾ ਲੜਕੀ ਵੱਲੋਂ ਥਾਣੇ ‘ਚ ਖੁਦਕਸ਼ੀ ਕੀਤੇ ਜਾਣ ਦੇ ਮਾਮਲੇ ਦੀ ਨਿਰਪੱਖ ਜਾਂਚ ਨੂੰ ਲੈ ਕੇ ਸ਼ਿਵ ਸੈਨਾ ਹਿੰਦੁਸਤਾਨ ਮਹਿਲਾ ਵਿੰਗ ਦਾ ਇਕ ਵਫ਼ਦ ਪੰਜਾਬ ਦੀ ਕਨਵੀਨਰ ਮਹਿਲਾ ਵਿੰਗ ਜ਼ਿਲ੍ਹਾ ਪਟਿਆਲਾ ਦੀ ਪ੍ਰਧਾਨ ਸਵਰਾਜ ਘੁੰਮਣ ਦੀ ਅਗਵਾਈ ‘ਚ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮਿਲਿਆ। ਵਫਦ ਨੇ ਡਿਪਟੀ ਕਮਿਸ਼ਨਰ ਪਟਿਆਲਾ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਦਿਆਂ ਮੰਗ ਚੁੱਕੀ ਹੈ ਕਿ ਜੇ ਪੁਲਿਸ ਮਹਿਕਮੇ ‘ਚ ਕੰਮ ਕਰਨ ਵਾਲੀਆਂ ਪੁਲਿਸ ਮਹਿਲਾਵਾਂ ਹੀ ਸੁਰੱਖਿਅਤ ਨਹੀਂ ਹਨ ਤਾਂ ਸੂਬੇ ‘ਚ ਮਹਿਲਾਵਾਂ ਦੀ ਸੁਰੱਖਿਆ ‘ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਸਪੱਸ਼ਟ ਕਰ ਚੁੱਕਾ ਹੈ ਕਿ ਥਾਣੇ ਦੇ ਮੁਨਸ਼ੀ ਵੱਲੋਂ ਅਮਨਪ੍ਰੀਤ ਕੌਰ ਨਾਲ ਛੇੜਛਾੜ ਪਹਿਲਾਂ ਵੀ ਕੀਤੀ ਜਾਂਦੀ ਸੀ, ਜਿਸ ਦੀ ਸ਼ਿਕਾਇਤ ਉਚ ਪੁਲਿਸ ਅਧਿਕਾਰੀਆਂ ਨੂੰ ਵੀ ਕੀਤੀ ਗਈ ਸੀ, ਜਿਸ ਨਾਲ ਪੁਲਿਸ ਅਧਿਕਾਰੀਆਂ ਦੀ ਲਾਪਰਵਾਹੀ ਦੇ ਚੱਲਦਿਆਂ ਥਾਣੇ ਦੇ ਮੁਨਸ਼ੀ ਅਤੇ ਉਸ ਦੇ ਕੁਝ ਸਾਥੀਆਂ ਨੇ ਲੜਕੀ ਨਾਲ ਬਲਾਤਕਾਰ ਕਰਨ ਮਗਰੋਂ ਉਸ ਦਾ ਕਤਲ ਕਰ ਦਿੱਤਾ। ਸ੍ਰੀਮਤੀ ਘੁੰਮਣ ਨੇ ਕਿਹਾ ਕਿ ਜੋਧਾਂ ਥਾਣਾ ਖੁਦਕਸ਼ੀ ਮਾਮਲੇ ‘ਚ ਉਚ ਪੁਲਿਸ ਅਧਿਕਾਰੀਆਂ ਦੀ ਵੀ ਸ਼ਮੂਲੀਅਤ ਹੋ ਸਕਦੀ ਹੈ ਅਤੇ ਅਧਿਕਾਰੀ ਆਪਣੇ-ਆਪ ਨੂੰ ਬਚਾਉਣ ਲਈ ਮਾਮਲੇ ਨੂੰ ਦਬਾਉਣਾ ਚਾਹੁੰਦੇ ਹਨ, ਜਿਸ ਕਾਰਨ ਸ਼ਿਵ ਸੈਨਾ ਹਿੰਦੁਸਤਾਨ ਮਹਿਲਾ ਸੰਗਠਨ ਨੇ ਇਹ ਪੁਰਜ਼ੋਰ ਮੰਗ ਕਰਦਾ ਹੈ ਕਿ ਥਾਣੇ ਜੋਧਾਂ ਵਿਖੇ ਖੁਦਕਸ਼ੀ ਮਾਮਲੇ ਦੀ ਜਾਂਚ ਨੂੰ ਸੀ.ਬੀ.ਆਈ. ਹਵਾਲੇ ਕੀਤਾ ਜਾਵੇ। ਇਸ ਮੌਕੇ ਵਫ਼ਦ ‘ਚ ਉਰਮਿਲਾ ਪੁਰੀ ਅਡਵਾਈਜ਼ਰ, ਅਮਨ, ਹਰਪ੍ਰੀਤ ਕੌਰ ਆਦਿ ਹਾਜ਼ਰ ਸਨ।

