ਪਟਿਆਲਾ

ਪੀਆਰਟੀਸੀ ਅਧਿਕਾਰੀਆਂ ਦੀ ਜਾਇਦਾਦਾਂ ਦੀ ਕੀਤੀ ਜਾਵੇ ਇਨਕੁਆਰੀ : ਤਰਸੇਮ ਸੈਣੀ

ਪੀ.ਆਰ.ਟੀ.ਸੀ. ਪੈਨਸ਼ਨਰਾਂ ਨੇ ਬਕਾਇਆ ਦੀ ਕੀਤੀ ਮੰਗ
ਪਟਿਆਲਾ 21 ਜੂਨ (ਮਧੂਸਾਰ ਬਿਊਰੋ) ਪੀ.ਆਰ.ਟੀ.ਸੀ. ਪੈਨਸ਼ਨਰਾਂ ਨੇ ਆਪਣੇ ਬਕਾਇਆਂ ਦੀ ਅਦਾਇਗੀ ਲਈ ਜ਼ੋਰਦਾਰ ਮੰਗ ਉਠਾਉਂਦਿਆਂ ਅਦਾਰੇ ਦੇ ਅਫਸਰਾਂ ਵਲੋਂ ਗਲਤ ਤਰੀਕੇ ਨਾਲ ਬਣਦੀਆਂ ਜਾਇਦਾਦਾਂ ਦੀ ਪੜਤਾਲ ਕਰਵਾਉਣ ਦੀ ਵੀ ਮੰਗ ਕੀਤੀ।

ਪੀ.ਆਰ.ਟੀ.ਸੀ. ਪੈਨਸ਼ਨਰ ਐਸੋਸੀਏਸ਼ਨ ਦੇ ਚੇਅਰਮੈਨ ਮੁਕੰਮ ਸਿੰਘ ਅਤੇ ਸੂਬਾ ਪ੍ਰਧਾਨ ਸ੍ਰ. ਭਗਵੰਤ ਸਿੰਘ ਕੰਗਣਵਾਲ ਦੀ ਅਗਵਾਈ ਵਿੱਚ ਪਟਿਆਲਾ ਵਿਖੇ ਹੋਈ ਮਾਸਿਕ ਮੀਟਿੰਗ ਜਿਸ ਵਿੱਚ ਪੰਜਾਬ ਭਰ ਤੋਂ ਆਏ ਪੀ.ਆਰ.ਟੀ.ਸੀ. ਪੈਨਸ਼ਨਰਾਂ ਨੇ ਸ਼ਿਰਕਤ ਕੀਤੀ, ਵੱਖ-ਵੱਖ ਡਿਪੂਆਂ ਦੇ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਜਿੱਥੇ ਪੈਨਸ਼ਨ 10 ਤਰੀਕ ਦੀ ਥਾਂ 6 ਤਰੀਕ ਨੂੰ ਪੈ ਜਾਣ ਤੇ ਖੁਸ਼ੀ ਪ੍ਰਗਟ ਕੀਤੀ ਉੱਥੇ ਰਹਿੰਦੇ ਬਕਾਏ, ਜਿਵੇਂ ਕਿ ਮੈਡੀਕਲ ਬਿੱਲਾਂ ਦੀ ਅਦਾਇਗੀ, ਡੀ.ਏ. ਦੀਆਂ ਕਿਸ਼ਤਾਂ ਦਾ ਬਕਾਇਆ, ਸਰਵਿਸ ਬੈਨੀਫਿਟਸ, ਗਰੈਚੂਟੀ, ਲੀਵ ਇਨ ਕੈਸ਼ਮੈਂਟ, ਓਵਰ ਟਾਈਮ, ਟੀ.ਏ. ਆਦਿ ਦੇ ਬਕਾਏ ਦੇਣ ਦੀ ਮੰਗ ਕੀਤੀ ਗਈ। ਖਚਾਖਚ ਭਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸ੍ਰ. ਭਗਵੰਤ ਸਿੰਘ ਕੰਗਣਵਾਲ ਨੇ ਕਿਹਾ ਕਿ ਡੀ.ਏ. ਦੀਆਂ ਤਿੰਨ ਕਿਸ਼ਤਾਂ ਦੇ ਬਕਾਏ ਦੀ ਅਦਾਇਗੀ ਤੁਰੰਤ ਕੀਤੀ ਜਾਵੇ, ਮੈਡੀਕਲ ਬਿਲਾਂ ਦੀ ਅਦਾਇਗੀ ਨਾ ਹੋਣ ਕਾਰਨ ਬੀਮਾਰ, ਬਜ਼ੁਰਗ ਪੈਨਸ਼ਨਰ ਮੰਜਿਆਂ ‘ਤੇ ਪਏ ਤੜਫ ਰਹੇ ਹਨ। ਡੀ.ਏ. ਦੇ ਬਕਾਇਆਂ ਦੀ ਅਦਾਇਗੀ ਬਾਰੇ ਬਾਰ-ਬਾਰ ਮੈਨੇਜਮੈਂਟ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਮੈਨੇਜਮੈਂਟ ਦੀ ਚੁੱਪ ਦਾ ਸਾਨੂੰ ਦੁੱਖ ਹੈ।
ਰੈਲੀ ਦਾ ਰੂਪ ਧਾਰ ਚੁੱਕੀ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਪੂਰਥਲਾ ਡਿਪੂ ਦੇ ਪ੍ਰਧਾਨ ਸ੍ਰ. ਤਰਸੇਮ ਸਿੰਘ ਸੈਣੀ ਨੇ ਕਿਹਾ ਕਿ ਅਦਾਰੇ ਦਾ ਉਜਾੜਾ ਕਰਕੇ ਗਲਤ ਤਰੀਕੇ ਨਾਲ ਅਫਸਰਾਂ ਖਾਸ ਕਰ ਜਨਰਲ ਮੈਨੇਜਰਾਂ ਵਲੋਂ ਬਣਾਈਆਂ ਗਈਆਂ ਨਜਾਇਜ ਜਾਇਦਾਦਾਂ ਦੀ ਪੜਤਾਲ ਕੀਤੀ ਜਾਣੀ ਚਾਹੀਦੀ ਹੈ। ਜਨਰਲ ਸਕੱਤਰ ਹਰੀ ਸਿੰਘ ਚਮਕ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਜੀਲੈਂਸ ਵਲੋਂ ਮਾਰੇ ਗਏ ਛਾਪੇ ਦੌਰਾਨ ਫੜੇ ਗਏ ਜਾਲੀ ਸਮਾਨ ਤੇ ਉਸ ਵਲੋਂ ਕੀਤੀ ਗਈ ਪੜਤਾਲ ‘ਚ ਦੋਸ਼ੀ ਪਾਏ ਗਏ ਅਧਿਕਾਰੀਆਂ ਅਤੇ ਬਠਿੰਡੇ ਡਿਪੂ ਦੇ ਕੈਸ਼ ਘਪਲੇ ਦੇ ਦੋਸ਼ੀ ਜਨਰਲ ਮੈਨੇਜਰ ਵਿਰੁੱਧ ਕੋਈ ਕਾਰਵਾਈ ਨਾ ਕਰਨੀ ਮੈਨੇਜਮੈਂਟ ਦੀ ਨੀਅਤ ਤੇ ਸ਼ੱਕ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਅਦਾਰੇ ਵਲੋਂ ਸਰੰਡਰ ਕੀਤੇ ਗਏ ਰੂਟ ਪ੍ਰਮਿਟ ਸਾਰੇ ਚੁੱਕੇ ਜਾਣ ਅਤੇ ਪੁਰਾਣੇ ਟਾਈਮ ਟੇਬਲ ਬਹਾਲ ਕੀਤੇ ਜਾਣ।
ਐਸੋਸੀਏਸ਼ਨ ਦੇ ਚੇਅਰਮੈਨ ਮੁਕੰਦ ਸਿੰਘ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਕਿਹਾ ਕਿ ਪੈਨਸ਼ਨ ਦੀ ਪ੍ਰਾਪਤੀ ਤੁਹਾਡੇ ਏਕੇ ਨਾਲ ਹੀ ਹੋਈ ਹੈ ਉਨ੍ਹਾਂ ਕਿਹਾ ਕਿ ਬਾਕੀ ਦੀਆਂ ਅਦਾਇਗੀਆਂ ਲੈਣ ਲਈ ਵੀ ਏਕੇ ਦੀ ਜਰੂਰਤ ਹੈ, ਸਮਾਂ ਆਵੇਸਲੇ ਹੋ ਕੇ ਬੈਠਣ ਦਾ ਨਹੀਂ ਹੈ ਰਹਿੰਦੇ ਬਕਾਏ ਲੈਣ ਵਾਸਤੇ ਸੰਘਰਸ਼ ਵੀ ਕਰਨਾ ਪੈ ਸਕਦਾ ਹੈ, ਉਨ੍ਹਾਂ ਨੇ ਮੈਨੇਜਮੈਂਟ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਰਹਿੰਦੇ ਬਕਾਇਆਂ ਦੀ ਅਦਾਇਗੀ ਜਲਦੀ ਨਾ ਕੀਤੀ ਤਾਂ ਅਸੀਂ ਸੰਘਰਸ਼ ਕਰਨ ਤੋਂ ਬਿਲਕੁਲ ਵੀ ਗੁਰੇਜ ਨਹੀਂ ਕਰਾਂਗੇ। ਅੰਤ ਵਿੱਚ ਐਸੋਸੀਏਸ਼ਨ ਦੇ ਸਾਬਕਾ ਵਾਇਸ ਚੇਅਰਮੈਨ ਸ੍ਰੀ ਆਰ.ਡੀ. ਭਾਰਦਵਾਜ (ਬਿੱਲਾ ਜੀ) ਦੇ ਅਕਾਲ ਚਲਾਣੇ ਤੇ ਅਫਸੋਸ ਵੀ ਪ੍ਰਗਟ ਕੀਤਾ ਗਿਆ।

Leave a Reply

Your email address will not be published. Required fields are marked *