ਪਟਿਆਲਾ

ਪੰਜਾਬ ਵਿਧਾਨ ਸਭਾ ‘ਚ ਦੁਰਵਿਵਹਾਰ ਅਤੇ ਮਰਿਆਦਾ ਦੀ ਉਲੰਘਣਾ ਜਮਹੂਰੀਅਤ ‘ਤੇ ਦਾਗ : ਡਾ. ਗਾਂਧੀ

ਪਟਿਆਲਾ 22 ਜੂਨ (ਮਧੂਸਾਰ ਬਿਊਰੋ) ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਪੰਜਾਬ ਵਿਧਾਨ ਸਭਾ ਵਿਚ ਵਿਧਾਇਕਾਂ ਨਾਲ ਹੋਏ ਦੁਰਵਿਵਹਾਰ, ਅਤੇ ਸੰਸਦੀ ਮਰਿਆਦਾ ਦੀ ਹੋਈ ਘੋਰ ਉਲੰਘਣਾ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਜ਼ਮਹੂਰੀਅਤ ਦੇ ਨਾਮ ਤੇ ਇਕ ਬਦਨੁਮਾ ਦਾਗ ਦੱਸਿਆ।

ਉਨ੍ਹਾਂ ਕਿਹਾ ਕਿ ਜਿੱਥੇ ਸਦਨ ਦੀ ਕਾਰਵਾਈ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਸਪੀਕਰ ਅਤੇ ਸਰਕਾਰੀ ਧਿਰ ਦੀ ਜਿੰਮੇਵਾਰੀ ਹੁੰਦੀ ਹੈ ਉੱਥੇ ਵਿਰੋਧੀ ਧਿਰ ਨੂੰ ਵੀ ਸੰਸਦੀ ਮਰਿਆਦਾ ਨੂੰ ਕਾਇਮ ਰੱਖਣ ਦੇ ਹਰ ਯਤਨ ਕਰਨਾ ਚਾਹੀਦਾ ਹੈ।
ਸਦਨ ਦੇ ਅੰਦਰ ਅਤੇ ਬਾਹਰ ਕੁੱਟ ਮਾਰ ਅਤੇ ਦਸਤਾਰ ਲੱਥਣ ਵਰਗੀਆਂ ਘਟਨਾਵਾਂ ਨੂੰ ਕਿਸੇ ਤੰਦਰੁਸਤ ਜ਼ਮਹੂਰੀਅਤ ਦੀ ਨਿਸ਼ਾਨੀ ਨਹੀਂ ਕਿਹਾ ਜਾ ਸਕਦਾ। ‘ਆਪ’ ਵਿਧਾਇਕ ਸ੍ਰੀਮਤੀ ਮਾਣੂਕੇ ਦੇ ਜ਼ਖਮੀ ਹੋਣ ਅਤੇ ਪਿਰਮਲ ਸਿੰਘ ਦੀ ਪੱਗ ਲੱਥਣ ਦੀ ਘਟਨਾਵਾਂ ਦੀ ਨਿਖੇਧੀ ਕਰਦੇ ਹੋਏ ਡਾ. ਗਾਂਧੀ ਨੇ ਮਾਣਯੋਗ ਸਪੀਕਰ ਅਤੇ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕੀਤੀ ਹੈ ਕਿ ਉਹ ਜਲਦੀ ਤੋਂ ਜਲਦੀ ਇਕ ਸਰਵ ਪਾਰਟੀ ਮੀਟਿੰਗ ਸੱਦ ਕੇ ਵਿਰੋਧੀ ਧਿਰ ਵੱਲੋਂ ਉਠਾਏ ਗਏ ਸਾਰੇ ਮੁੱਦਿਆਂ ਤੇ ਚਰਚਾ ਕਰਕੇ, ਬਾਕੀ ਦੇ ਸੈਸ਼ਨ ਦੌਰਾਨ ਸਦਨ ਦੀ ਕਾਰਵਾਈ ਸੁਚਾਰੂ ਅਤੇ ਮਰਿਆਦਤ ਢੰਗ ਨਾਲ ਚਲਾਉਣ ਯਕੀਨੀ ਬਣਾਉਣਾ। ਕਿਉਂਕਿ ਲੋਕਾਂ ਜੁੜੇ ਮੁਦਿਆਂ ਤੇ ਸਵਾਲ ਖੜ੍ਹੇ ਕਰਨਾ ਅਤੇ ਬਹਿਸ ਦੀ ਮੰਗ ਕਰਨੀ ਵਿਰੋਧੀ ਧਿਰ ਦਾ ਸੰਵਿਧਾਨਕ ਹੱਕ ਹੈ ਜੋ ਕਿਸੇ ਵੀ ਹਥਕੰਡਿਆਂ ਨਾਲ ਦਬਾਇਆ ਨਹੀਂ ਜਾ ਸਕਦਾ।
ਸਰਕਾਰ ਦੀ ਕਾਰਗੁਜਾਰੀ ਅਤੇ ਫੈਸਲਿਆਂ ਉੱਤੇ ਸਵਾਲ ਉਠਾਉਣੇ ਅਤੇ ਬਹਿਸ ਦੀ ਮੰਗ ਕਰਨ ਨਾਲ ਜ਼ਮਹੂਰੀਅਤ ਹੀ ਤਕੜੀ ਹੁੰਦੀ ਹੈ,ਜੋ ਕਿ ਸੱਤਾਧਾਰੀ ਅਤੇ ਵਿਰੋਧੀ ਧਿਰ ਦੋਵਾਂ ਲਈ ਆਪੋ ਆਪਣਾ ਪੱਖ ਰੱਖਣ ਅਤੇ ਪੰਜਾਬ ਦੇ ਲੋਕਾਂ ਦੀ ਕਚਹਿਰੀ ਲੈ ਕੇ ਜਾਣ ਲਈ ਇਕ ਕਾਰਗਰ ਤਰੀਕਾ ਹੈ। ਡਾ. ਗਾਂਧੀ ਨੇ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦੇ ਫੱਟੜ ਵਿਧਾਇਕਾਂ ਦੇ ਜਲਦੀ ਸਿਹਤੋਯਾਬ ਹੋਣ ਦੀ ਕਾਮਨਾ ਕੀਤੀ।

Leave a Reply

Your email address will not be published. Required fields are marked *