ਪਟਿਆਲਾ

ਸਾਕੇਤ ਨਸ਼ਾ ਮੁਕਤੀ ਕੇਂਦਰ ਤੋਂ ਇਲਾਜ਼ ਕਰਵਾ ਕੇ ਨਸ਼ਾ ਛੱਡਣ ਵਾਲੇ ਕਈ ਨੌਜਵਾਨ ਸਨਮਾਨਿਤ

ਪਟਿਆਲਾ, 27 ਜੂਨ (ਮਧੂਸਾਰ ਬਿਊਰੋ) ਪੰਜਾਬ ਦੇ ਸਿਹਤ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਨਸ਼ਾਖੋਰੀ ਤੇ ਗੈਰ ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਦੇ ਮੌਕੇ ਪਟਿਆਲਾ ਦੇ ਹਰਪਾਲ ਟਿਵਾਣਾ ਆਡੀਟੋਰੀਅਮ ਵਿਖੇ ਸਿਹਤ ਵਿਭਾਗ ਵੱਲੋਂ ਕਰਵਾਏ ਰਾਜ ਪੱਧਰੀ ਸਮਾਗਮ ਵਿੱਚ ਪੰਜਾਬ ਰੈਡ ਕਰਾਸ ਨਸ਼ਾ ਮੁਕਤੀ ਕੇਂਦਰ ਸਕੇਤ ਹਸਪਤਾਲ ਤੋਂ ਨਸ਼ਾ ਮੁਕਤ ਹੋ ਕੇ ਗਏ ਕਈ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਹਨਾਂ ਨੌਜਵਾਨਾਂ ਨੇ ਦੱਸਿਆ ਕਿ ਉਹ ਕਿਵੇਂ ਨਸ਼ਿਆਂ ਵਿੱਚ ਫਸੇ ਤੇ ਬਰਬਾਦ ਹੁੰਦੇ ਰਹੇ ਪਰ ਸਾਕੇਤ ਹਸਪਤਾਲ ਦੇ ਮਾਹਿਰ ਡਾਕਟਰਾਂ ਤੇ ਦੂਜੇ ਸਟਾਫ਼ ਨੇ ਉਹਨਾਂ ਨੂੰ ਹਰ ਤਰ੍ਹਾਂ ਕੌਂਸਲਿੰਗ ਤੇ ਇਲਾਜ਼ ਰਾਹੀਂ ਠੀਕ ਕੀਤਾ।

ਹਸਪਤਾਲ ਦੇ ਪ੍ਰੋਜੈਕਟ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ ਨੇ ਦੱਸਿਆ ਕਿ ਇਸ ਹਸਪਤਾਲ ਦੀ ਸਰਪ੍ਰਸਤੀ ਡਿਪਟੀ ਕਮਿਸ਼ਨਰ ਪਟਿਆਲਾ ਕਰਦੇ ਹਨ ਅਤੇ ਸਰਕਾਰ ਵੱਲੋਂ ਮਾਹਰ ਡਾਕਟਰਾਂ ਦੀ ਟੀਮ ਇਲਾਜ਼ ਕਰਨ ਲਈ ਭੇਜੀ ਗਈ ਹੈ। ਉਹਨਾਂ ਦੱਸਿਆ ਕਿ ਹਸਪਤਾਲ ਵੱਲੋਂ ਹਜ਼ਾਰਾਂ ਨਸ਼ਾ ਕਰਦੇ ਨੌਜਵਾਨਾਂ ਤੇ ਬਜ਼ੁਰਗਾਂ ਨੂੰ ਠੀਕ ਕਰਕੇ ਸਮਾਜ ਤੇ ਪਰਿਵਾਰ ਦਾ ਹਿੱਸਾ ਬਣਾ ਕੇ ਬਹੁਤ ਭਲਾ ਕੀਤਾ ਹੈ ਤੇ ਨੌਜਵਾਨ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਹੋਣ ਵਾਲੀ ਤਬਾਹੀ ਸਬੰਧੀ ਸੁਚੇਤ ਕੀਤਾ ਗਿਆ ਹੈ ਤਾਂ ਜੋ ਉਹ ਨਸ਼ਿਆਂ ਦੀ ਦਲ-ਦਲ ਵਿੱਚ ਨਾ ਧਸਣ। ਉਹਨਾਂ ਦੱਸਿਆ ਕਿ ਨਸ਼ਾ ਕਰਦੇ ਲੋਕਾਂ ਦਾ ਇਲਾਜ਼ ਅਲੱਗ-ਅਲੱਗ ਥਾਵਾਂ ਤੇ ਕੌਂਸਲਿੰਗ ਤੇ ਹਰ ਤਰ੍ਹਾਂ ਦੀ ਸੇਵਾ ਮੁਫ਼ਤ ਕੀਤੀ ਜਾ ਰਹੀ ਹੈ ਤੇ ਇਹ ਪੰਜਾਬ ਦਾ ਸਭ ਤੋਂ ਵਧੀਆ ਹਸਪਤਾਲ ਹੈ ਜਿੱਥੇ ਨਸ਼ਿਆਂ ਤੋਂ ਪੀੜ੍ਹਤ ਵਿਅਕਤੀਆਂ ਦੇ ਇਲਾਜ਼ ਦੇ ਨਾਲ-ਨਾਲ ਉਹਨਾਂ ਦੇ ਪੁਨਰ ਵਸੇਵੇ ਲਈ ਕਿੱਤਾ ਮੁਖੀ ਕੋਰਸ ਵੀ ਕਰਵਾਏ ਜਾ ਰਹੇ ਹਨ।

Leave a Reply

Your email address will not be published. Required fields are marked *