ਪਟਿਆਲਾ

ਪਰਨੀਤ ਕੌਰ ਤੇ ਬ੍ਰਹਮ ਮਹਿੰਦਰਾ ਵੱਲੋਂ ਰਹਿਮਤ ਸਾਂਝੀ ਰਸੋਈ ਦੀ ਸ਼ੁਰੂਆਤ

ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਵਿੱਚ ਡਾਇਲਸਿਸ ਮੁਫ਼ਤ ਹੋਵੇਗਾ-ਬ੍ਰਹਮ ਮਹਿੰਦਰਾ
ਪਟਿਆਲਾ, 29 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਰਾਜ ਦੇ ਗਰੀਬ ਤੇ ਲੋੜਵੰਦ ਨਾਗਰਿਕਾਂ ਨੂੰ ਵਾਜਬ ਮੁੱਲ ‘ਤੇ ਖਾਣਾ ਮੁਹੱਈਆ ਕਰਾਉਣ ਦੇ ਕੀਤੇ ਵਾਅਦੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਅਤੇ ਸਿਹਤ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਸਾਂਝੇ ਤੌਰ ‘ਤੇ ਰਹਿਮਤ ਸਾਂਝੀ ਰਸੋਈ ਦੀ ਸ਼ੁਰੂਆਤ ਕਰਵਾਈ।

ਪਟਿਆਲਾ ਦੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਰੈਡ ਕਰਾਸ ਨਾਲ ਕੀਤੇ ਸਾਂਝੇ ਉਦਮ ਤਹਿਤ ਅੱਜ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਣ ਸਾਹਿਬ ਤੋਂ ਮਿੰਨੀ ਸਕੱਤਰੇਤ ਨੂੰ ਜਾਂਦੀ ਸੜਕ ‘ਤੇ ਸਥਿਤ ਰੈਡ ਕਰਾਸ ਭਵਨ ਵਿਖੇ ਇਸ ਸਾਂਝੀ ਰਸੋਈ ਦੀ ਰਸਮੀ ਤੌਰ ‘ਤੇ ਸ਼ੁਰੂਆਤ ਕਰਵਾਈ ਜਿਸ ਦਾ ਨਾਮ ਰਹਿਮਤ ਸਾਂਝੀ ਰਸੋਈ ਰੱਖਿਆ ਗਿਆ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਅੱਜ ਇਹ ਰਹਿਮਤ ਸਾਂਝੀ ਰਸੋਈ ਖੁੱਲ੍ਹਣ ਨਾਲ ਜਿੱਥੇ ਗਰੀਬ ਤੇ ਲੋੜਵੰਦ ਵਿਅਕਤੀ ਬਹੁਤ ਵਾਜਬ ਮੁੱਲ ‘ਤੇ ਪੇਟ ਭਰ ਕੇ ਖਾਣਾ ਖਾ ਸਕਣਗੇ, ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਹੁਰਾਂ ਵੱਲੋਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਹੋ ਗਿਆ ਹੈ ਉਹਨਾਂ ਬਹੁਤ ਹੀ ਚੰਗੇ ਮਾਹੌਲ ਵਿੱਚ ਇਹ ਸਾਫ ਸੁਥਰੀ ਰਸੋਈ ਖੋਲ੍ਹਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਸਮੂਹ ਸ਼ਹਿਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਰਹਿਮਤ ਸਾਂਝੀ ਰਸੋਈ ਗਰੀਬ ਤੇ ਲੋੜਵੰਦ ਵਿਅਕਤੀਆਂ ਲਈ ਵਰਦਾਨ ਸਾਬਿਤ ਹੋਵੇਗੀ।
ਇਸ ਮੌਕੇ ਪੰਜਾਬ ਦੇ ਸਿਹਤ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਰਾਜ ਦੀ ਕਾਂਗਰਸ ਸਰਕਾਰ ਵੱਲੋਂ ਜ਼ਿਲ੍ਹਾ, ਬਲਾਕ ਤੇ ਸਬ ਡਵੀਜ਼ਨ ਪੱਧਰ ‘ਤੇ ਇਹ ਸਾਂਝੀ ਰਸੋਈ ਖੋਲ੍ਹਣ ਦਾ ਫੈਸਲਾ ਕੀਤਾ ਹੈ ਤਾਂ ਕਿ ਗਰੀਬ ਤੇ ਲੋੜਵੰਦ ਬਹੁਤ ਘੱਟ ਤੇ ਵਾਜਬ ਮੁੱਲ ‘ਤੇ ਪੇਟ ਭਰ ਕੇ ਰੋਟੀ ਖਾ ਸਕਣ। ਉਹਨਾਂ ਕਿਹਾ ਕਿ ਰਾਜ ਸਰਕਾਰ ਨੇ ਪੰਜਾਬ ਦੇ ਸਾਰੇ 22 ਜ਼ਿਲ੍ਹਿਆਂ ਦੇ ਸਰਕਾਰੀ ਹਸਪਤਾਲਾਂ, ਅਬੋਹਰ, ਦਸੂਹਾ ਤੇ ਬਟਾਲਾ ਦੇ ਸਬ ਡਵੀਜ਼ਨ ਹਸਪਤਾਲਾਂ ਤੇ ਪੰਜਾਬ ਦੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਗੁਰਦਿਆਂ ਦੀ ਨਾਮੁਰਾਦ ਬਿਮਾਰੀ ਤੋਂ ਪੀੜ੍ਹਤ ਸਾਰੇ ਮਰੀਜਾਂ ਦਾ ਡਾਇਲਸਿਸ ਬਿਲਕੁੱਲ ਮੁਫ਼ਤ ਕਰਨ ਦਾ ਫੈਸਲਾ ਕੀਤਾ ਹੈ।
ਕੈਬਨਿਟ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਹਾਲੇ 100 ਦਿਨ ਪੂਰੇ ਕੀਤੇ ਹਨ ਪਰ ਚੋਣਾਂ ਤੋਂ ਪਹਿਲਾਂ ਕੀਤੇ ਸਾਰੇ ਮੁੱਖ ਵਾਅਦਿਆਂ ਨੂੰ ਪੂਰਾ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ 10 ਸਾਲਾਂ ਵਿੱਚ ਪੰਜਾਬ ਦੀ ਮਾੜੀ ਦੁਰਦਸ਼ਾ ਕੀਤੀ ਹੈ ਉਹਨਾਂ ਕਿਹਾ ਕਿ ਆਪਣੇ ਰਾਜ ਦੇ ਲੋਕਾਂ ਦੇ ਸਹਿਯੋਗ ਤੇ ਅਗਵਾਈ ਨਾਲ ਪੰਜਾਬ ਨੂੰ ਹਰੇਕ ਖੇਤਰ ਵਿੱਚ ਮੁੜ ਲੀਹਾਂ ‘ਤੇ ਪਾਵਾਂਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਗਰੀਬ ਤੇ ਲੋੜਵੰਦਾਂ ਦੀ ਭਲਾਈ ਲਈ ਹੋਰ ਨਵੇਂ ਪ੍ਰੋਜੈਕਟ ਤੇ ਸਕੀਮਾਂ ਵੀ ਲੈ ਕੇ ਆਵੇਗੀ। ਇਸ ਸਾਂਝੀ ਰਸੋਈ ਵਿੱਚ 12 ਰੁਪਏ ਦੀ ਥਾਲੀ ਪ੍ਰਾਪਤ ਹੋਵੇਗੀ ਤੇ ਭਵਿੱਖ ਵਿੱਚ ਇਸ ਦਾ ਰੇਟ ਹੋਰ ਘਟਾਉਣ ਬਾਰੇ ਵੀ ਵਿਚਾਰ ਕੀਤਾ ਜਾਵੇਗਾ।
ਸ਼੍ਰੀ ਮਹਿੰਦਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਇਸ ਮੌਕੇ ਸ਼੍ਰੀਮਤੀ ਪਰਨੀਤ ਕੌਰ ਤੇ ਸ਼੍ਰੀ ਬ੍ਰਹਮ ਮਹਿੰਦਰਾ ਵੱਲੋਂ ਰਹਿਮਤ ਸਾਂਝੀ ਰਸੋਈ ਵਿੱਚ ਕੂਪਨ ਕਟਾ ਕੇ ਖਾਣਾ ਵੀ ਖਾਧਾ।
ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ਼੍ਰੀ ਕੇ.ਕੇ. ਸ਼ਰਮਾ, ਮੁੱਖ ਮੰਤਰੀ ਦੇ ਓ.ਐਸ.ਡੀ. ਸ਼੍ਰੀ ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਸ਼੍ਰੀ ਰਾਜੇਸ਼ ਕੁਮਾਰ, ਕਾਂਗਰਸ ਦੇ ਬਲਾਕ ਪ੍ਰਧਾਨ ਸ਼੍ਰੀ ਨਰੇਸ਼ ਦੁੱਗਲ, ਸ਼੍ਰੀ ਸੰਜੀਵ ਬਿੱਟੂ, ਸ਼੍ਰੀ ਸੁਰਿੰਦਰਜੀਤ ਸਿੰਘ ਵਾਲੀਆ, ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ, ਐਸ.ਐਸ.ਪੀ. ਡਾ: ਐਸ. ਭੂਪਤੀ, ਏ.ਡੀ.ਸੀ. (ਜਨਰਲ) ਸ਼੍ਰੀਮਤੀ ਪੂਨਮਦੀਪ ਕੌਰ, ਏ.ਡੀ.ਸੀ. (ਵਿਕਾਸ) ਸ਼੍ਰੀ ਸ਼ੌਕਤ ਅਹਿਮਦ ਪਰੇ, ਸਹਾਇਕ ਕਮਿਸ਼ਨਰ ਸ਼੍ਰੀ ਸੂਬਾ ਸਿੰਘ, ਸ੍ਰੀ ਸ਼ਲਿੰਦਰ ਮੌਂਟੀ, ਸ਼੍ਰੀ ਰਾਜੇਸ਼ ਘਾਰੂ, ਸ਼੍ਰੀ ਗੁਰਸੇਵਕ ਸਿੰਘ ਲਹਿਲ, ਸ਼੍ਰੀ ਕੇਹਰ ਸਿੰਘ ਸੰਧੂ, ਸਰਪੰਚ ਜਸਵੰਤ ਸਿੰਘ, ਸ਼੍ਰੀ ਅਮਰ ਨਾਥ ਪੌਨੀ, ਸ਼੍ਰੀ ਗੁਰਸੇਵਕ ਸਿੰਘ, ਸ਼੍ਰੀ ਰੂਪ ਕੁਮਾਰ, ਸ਼੍ਰੀ ਯਾਦਵਿੰਦਰ ਯਾਦੀ ਸਮੇਤ ਵੱਡੀ ਗਿਣਤੀ ਵਿੱਚ ਹੋਰ ਪਤਵੰਤੇ ਵੀ ਹਾਜ਼ਰ ਸਨ।

Leave a Reply

Your email address will not be published. Required fields are marked *