ਡਵੀਜ਼ਨਲ ਕਮਿਸ਼ਨਰ ਵੱਲੋਂ ਛੋਟੀ ਨਦੀ, ਜੈਕਬ ਡਰੇਨ, ਝੰਬੋ ਚੋਅ ਤੇ ਭਾਖੜਾ ਨਹਿਰ ਦਾ ਦੌਰਾ
ਕੰਮ ‘ਚ ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ-ਮਿਗਲਾਨੀ
ਜੈਕਬ ਡਰੇਨ ਲਈ ਪ੍ਰੋਜੈਕਟ ਤਿਆਰ-ਡਿਪਟੀ ਕਮਿਸ਼ਨਰ
ਪਟਿਆਲਾ, 30 ਜੂਨ (ਮਧੂਸਾਰ ਬਿਊਰੋ) ਪਟਿਆਲਾ ਦੇ ਨਵੇਂ ਆਏ ਡਵੀਜ਼ਨਲ ਕਮਿਸ਼ਨਰ ਅਰੁਣਜੀਤ ਸਿੰਘ ਮਿਗਲਾਨੀ ਨੇ ਪਟਿਆਲਾ ਜ਼ਿਲ੍ਹੇ ਵਿੱਚ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਚੱਲ ਰਹੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਮਿਗਲਾਨੀ ਨੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨਾਲ ਪਟਿਆਲਾ ਦੀ ਛੋਟੀ ਨਦੀ, ਜੈਕਬ ਡਰੇਨ, ਸਮਾਣਾ ਮੰਡੀ ਡਰੇਨ, ਫਤਹਿਪੁਰ ਵਿਖੇ ਭਾਖੜਾ ਨਹਿਰ ਅਤੇ ਪਾਤੜਾਂ ਦੇ ਪਿੰਡ ਦੁਗਾਲ ਨੇੜੇ ਝੰਬੋ ਚੋਅ ਦਾ ਦੌਰਾ ਕਰਕੇ ਚਲ ਰਹੇ ਸਫ਼ਾਈ ਕਾਰਜਾਂ ਦਾ ਜਾਇਜ਼ਾ ਲਿਆ।
ਮਿਗਲਾਨੀ ਨੇ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਆਦੇਸ਼ ਦਿੱਤੇ ਕਿ ਮੌਨਸੂਨ ਦੇ ਮੌਸਮ ਕਾਰਨ ਹੜ੍ਹਾਂ ਦੇ ਖਤਰੇ ਨੂੰ ਭਾਂਪਦਿਆਂ ਸਾਰੇ ਨਾਜੁਕ ਸਥਾਨਾਂ ‘ਤੇ ਤਿੱਖੀ ਨਜ਼ਰ ਰੱਖੀ ਜਾਵੇ। ਉਹਨਾਂ ਕਿਹਾ ਕਿ ਡਰੇਨਾਂ ਤੇ ਨਦੀ ਨਾਲਿਆਂ ਦੀ ਸਫ਼ਾਈ ਵਿੱਚ ਤੇਜੀ ਲਿਆਂਦੀ ਜਾਵੇ ਉਹਨਾਂ ਇਹ ਵੀ ਕਿਹਾ ਕਿ ਕੰਮ ਵਿੱਚ ਵਰਤੀ ਗਈ ਕੁਤਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਛੋਟੀ ਨਦੀ ਨੂੰ ਢਕਣ ਸਮੇਤ ਹੋਰ ਚੱਲ ਰਹੇ ਵਿਕਾਸ ਕਾਰਜਾਂ ਦੀ ਗੁਣਵੱਤਾ ਨੂੰ ਚੈਕ ਕੀਤਾ ਜਾਵੇ। ਸ਼੍ਰੀ ਮਿਗਲਾਨੀ ਨੇ ਸਮਾਣਾ ਦੇ ਪਿੰਡ ਫਤਹਿਪੁਰ ਨੇੜੇ ਭਾਖੜਾ ਨਹਿਰ ਦੇ ਕਿਨਾਰੇ ਵਿੱਚ ਪਏ ਖੋਰੇ ਬਾਰੇ ਸਬੰਧਤ ਐਕਸੀਅਨ ਨੂੰ ਹਦਾਇਤ ਕੀਤੀ ਕਿ ਇਸ ਦੀ ਤੁਰੰਤ ਮੁਰੰਮਤ ਕੀਤੀ ਜਾਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਡਵੀਜ਼ਨਲ ਕਮਿਸ਼ਨਰ ਨੂੰ ਦੱਸਿਆ ਕਿ ਜੈਕਬ ਡਰੇਨ ਨੂੰ ਮਹਿੰਦਰਾ ਕਾਲਜ ਤੋਂ ਸੂਲਰ ਤੱਕ ਪੱਕਾ ਕਰਨ ਅਤੇ ਇਸ ਦੇ ਆਲੇ ਦੁਆਲੇ ਨੂੰ ਪਾਰਕ ਵਜੋਂ ਵਿਕਸਿਤ ਕਰਨ ਲਈ ਇੱਕ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ। ਜਿਸ ਨੂੰ ਪ੍ਰਵਾਨਗੀ ਲਈ ਸਰਕਾਰ ਨੂੰ ਭੇਜਿਆ ਜਾ ਰਿਹਾ ਹੈ।
ਪਟਿਆਲਾ ਜ਼ਿਲ੍ਹੇ ਦੀਆਂ ਨਹਿਰਾਂ ਤੇ ਬਰਸਾਤੀ ਨਦੀਆਂ ਨਾਲਿਆਂ ਦੇ ਦੌਰੇ ਮੌਕੇ ਡਵੀਜ਼ਨਲ ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਦੇ ਨਾਲ ਐਸ.ਡੀ.ਐਮ. ਸਮਾਣਾ ਲੈਫਟੀਨੈਂਟ ਕਰਨਲ ਮਨਜੀਤ ਸਿੰਘ ਚੀਮਾ, ਡਰੇਨੇਜ਼ ਵਿਭਾਗ ਦੇ ਐਕਸੀਅਨ ਸ਼੍ਰੀ ਦਵਿੰਦਰ ਸਿੰਘ, ਐਕਸੀਅਨ ਬੀ.ਐਮ.ਐਲ. ਸ਼੍ਰੀ ਰਾਕੇਸ਼ ਸ਼ਰਮਾ, ਐਸ.ਡੀ.ਓ. ਡਰੇਨੇਜ ਸ਼੍ਰੀ ਨਿਰਮਲ ਸਿੰਘ ਵੀ ਹਾਜ਼ਰ ਸਨ।

