ਖ਼ਾਲਸਾ ਕਾਲਜ ਪਟਿਆਲਾ ਵਿਖੇ ਮਨਾਇਆ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ
ਪਟਿਆਲਾ 16 ਨਵੰਬਰ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਇਤਿਹਾਸ ਵਿਭਾਗ ਵੱਲੋਂ ਅਜ਼ਾਦੀ ਘੁਲਾਟੀਏ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਨੂੰ ਸਮਰਪਿਤ 102ਵੇ ਸ਼ਹੀਦੀ ਦਿਹਾੜੇ ਦਾ ਆਯੋਜਨ ਕੀਤਾ ਗਿਆ। ਇਸ ਸ਼ਹੀਦੀ ਸਮਾਰੋਹ ਦੌਰਾਨ ਡਾ. ਸਤੀਸ਼ ਕੁਮਾਰ ਵਰਮਾ ਸਾਬਕਾ ਡਾਇਰੈਕਟਰ ਯੁਵਕ ਭਲਾਈ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁੱਖ ਵਕਤਾ ਦੇ ਤੌਰ ‘ਤੇ ਪਹੁੰਚੇ।
ਉਨ੍ਹਾਂ ਨੇ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਆਪਣੀ ਜ਼ਿੰਦਗੀ ਦੇ 1100 ਦਿਨ ਦੇਸ਼ ਦੀ ਅਜ਼ਾਦੀ ਦੀ ਝੋਲੀ ਵਿਚ ਪਾਏ ਹਨ। ਸਾਡੇ ਇਤਿਹਾਸਕਾਰਾਂ ਨੇ ਅਜ਼ਾਦੀ ਦੇ ਇਤਿਹਾਸ ਦੀ ਪੇਸ਼ਕਾਰੀ ਕਰਦਿਆਂ ਹੋਇਆ ਇਕਹਰੀ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਕਰਤਾਰ ਸਿੰਘ ਸਰਾਭਾ ਨੇ ਆਪਣੇ ਵਿਅਕਤੀਗਤ ਹਿੱਤਾਂ ਨੂੰ ਸਾਹਮਣੇ ਨਾ ਰੱਖ ਕੇ ਦੇਸ਼ ਹਿੱਤਾਂ ਨੂੰ ਅਹਿਮੀਅਤ ਦਿੰਦੇ ਹੋਏ ਬਲੀਦਾਨ ਦਿੱਤਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਜਿਹੇ ਯੋਧਿਆਂ ਦੁਆਰਾ ਦੇਸ਼ ਲਈ ਦਿੱਤੇ ਬਲੀਦਾਨ ਨੂੰ ਵਿਦਿਅਕ ਸੰਸਥਾਵਾਂ ਵੱਲੋਂ ਪਹਿਲ ਕਦਮੀ ਕਰਕੇ ਰਾਹ ਦਸੇਰਾ ਬਣਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਵਿਦਿਆਰਥੀਆਂ ਨੂੰ ਸਾਡੇ ਮਾਣ ਮਤੇ ਇਤਿਹਾਸ ਬਾਰੇ ਪਤਾ ਲੱਗ ਸਕੇ।
ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਮੁੱਖ ਵਕਤਾ ਜੀ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਇਹ ਸਾਡਾ ਫਰਜ ਹੈ ਕਿ ਅਸੀਂ ਆਉਣ ਵਾਲੇ ਨੌਜਵਾਨਾਂ ਨੂੰ ਇਤਿਹਾਸ ਬਾਰੇ ਜਾਣੂ ਕਰਵਾਈਏ ਅਤੇ ਇਹ ਦੱਸੀਏ ਕਿ ਇਸ ਅਜ਼ਾਦੀ ਦੇ ਸਗਰਾਮ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗੇ ਕਿਨ੍ਹੇ ਹੀ ਨੌਜਵਾਨਾਂ ਦਾ ਯੋਗਦਾਨ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀ ਅਗਵਾਈ ਦੇਣਾ ਸਾਡੇ ਅਧਿਆਪਕ ਸਾਹਿਬਾਨ ਮਾਪਿਆਂ ਅਤੇ ਪ੍ਰਚਾਰਕਾਂ ਦਾ ਮੁਖ ਟੀਚਾ ਹੋਣਾ ਚਾਹੀਦਾ ਹੈ। ਇਸ ਮੌਕੇ ਆਏ ਹੋਏ ਮੁਖ ਵਕਤਾ ਦੇ ਹਾਜ਼ਰੀ ਵਿਚ ਸਾਰੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਦੇਸ਼ ਦੀ ਸੇਵਾ ਕਰਨ ਅਤੇ ਉਸ ਦੇ ਮਾਣ ਅਤੇ ਸ਼ਾਨ ਨੂੰ ਕਾਇਮ ਰੱਖਣ ਦੀ ਸਹੁੰ ਖਾਧੀ। ਸਮਾਗਮ ਦੌਰਾਨ ਕਰਤਾਰ ਸਿੰਘ ਸਰਾਭਾ ਦੇ ਜੀਵਨ ਨਾਲ ਸਬੰਧਤ ਡਾਕੂਮੈਂਟਰੀ ਵੀ ਦਿਖਾਈ ਗਈ ਅਤੇ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਸੁਣਾਏ।
ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਡਾ. ਕੁਲਦੀਪ ਸਿੰਘ ਵਾਈਸ ਪ੍ਰਿੰਸੀਪਲ ਨੇ ਕਿਹਾ ਕਿ ਵਿਭਾਗ ਵੱਲੋਂ ਆਯੋਜਿਤ ਅਜਿਹੇ ਸਮਾਗਮ ਸਾਨੂੰ ਆਪਣੇ ਗੌਰਵਮਈ ਇਤਿਹਾਸ ਨਾਲ ਜੋੜੀ ਰੱਖਦੇ ਹਨ ਜੋ ਹਰ ਕੌਮ ਦੀ ਹੋਂਦ ਕਾਇਮ ਰਹਿਣ ਲਈ ਅਤਿ ਜ਼ਰੂਰੀ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ। ਮੰਚ ਦਾ ਸੰਚਾਲਨ ਡਾ. ਹਰਜੀਤ ਕੌਰ ਮੁਖੀ ਇਤਿਹਾਸ ਵਿਭਾਗ ਨੇ ਕੀਤਾ।

