ਪੰਜਾਬ

ਸ਼ਹੀਦੀ ਗੈਲਰੀ ਪ੍ਰਤੀ ਸਿੱਖ ਸੰਗਤਾਂ ‘ਚ ਭਾਰੀ ਉਤਸ਼ਾਹ : ਬਾਬਾ ਹਰਨਾਮ ਸਿੰਘ ਖ਼ਾਲਸਾ

ਅੰਮ੍ਰਿਤਸਰ 3 ਜੁਲਾਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਜੂਨ ’84 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਗੈਲਰੀ ਸਥਾਪਿਤ ਕਰਨ ਪ੍ਰਤੀ ਕਾਰਸੇਵਾ ਦੀ ਆਰੰਭਤਾ 6 ਜੁਲਾਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਤੀ ਜਾ ਰਹੀ ਹੈ। ਇਸ ਪ੍ਰਤੀ ਕਲ ਮਿਤੀ 4 ਜੁਲਾਈ ਨੂੰ ਗੁਰਦਵਾਰਾ ਯਾਦਗਾਰ ਸ਼ਹੀਦਾਂ ਵਿਖੇ ਦਮਦਮੀ ਟਕਸਾਲ ਵੱਲੋਂ ਸ੍ਰੀ ਅਖੰਡ ਪਾਠ ਦੀ ਆਰੰਭਤਾ ਕੀਤੀ ਜਾ ਰਹੀ ਹੈ।

ਪੰਥਕ ਏਜੰਡੇ ਨੂੰ ਲੈ ਕੇ ਅੱਗੇ ਵੱਧ ਰਹੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਸੋਚ, ਦੂਰ-ਦ੍ਰਿਸ਼ਟੀ ਅਤੇ ਅਣਥੱਕ ਕੋਸ਼ਿਸ਼ਾਂ ਸਦਕਾ ਗੁਰਦਵਾਰਾ ਯਾਦਗਾਰ ਸ਼ਹੀਦਾਂ ਦੀ ਜ਼ਮੀਨਦੋਜ਼ ਹਾਲ ਵਿਖੇ ਵਰਲਡ ਕਲਾਸ ਸ਼ਹੀਦੀ ਗੈਲਰੀ ਸਥਾਪਤੀ ਨਾਲ ਸਿੱਖ ਕੌਮ ਦੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਪੂਰੀ ਹੋਣ ਜਾ ਰਹੀ ਹੈ। ਜਿਸ ਦੀ ਕਾਰਸੇਵਾ ਵੀ ਸ਼੍ਰੋਮਣੀ ਕਮੇਟੀ ਵੱਲੋਂ ’84 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ‘ਚ ਗੁਰਦਵਾਰਾ ਯਾਦਗਾਰ ਸ਼ਹੀਦਾਂ ਦੀ ਉੱਸਾਰੀ ਦੀ ਸੇਵਾ ਨਿਭਾਉਣ ਵਾਲੇ ਦਮਦਮੀ ਟਕਸਾਲ ਨੂੰ ਹੀ ਸੌਂਪੀ ਗਈ ਹੈ।
ਇਸ ਸੰਬੰਧੀ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਦੱਸਿਆ ਕਿ ਸ਼ਹੀਦੀ ਗੈਲਰੀ ਦੀ ਸਥਾਪਤੀ ਪ੍ਰਤੀ ਸਿੱਖ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ 6 ਜੁਲਾਈ ਨੂੰ ਸਵੇਰੇ 9:30 ‘ਤੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਸ਼ਹੀਦੀ ਗੈਲਰੀ ਦੀ ਕਾਰਸੇਵਾ ਦੀ ਰਸਮੀ ਆਰੰਭਤਾ ਕੀਤੀ ਜਾਵੇਗੀ। ਉਪਰੰਤ ਗੁਰਦਵਾਰਾ ਯਾਦਗਾਰ ਸ਼ਹੀਦਾਂ ਵਿਖੇ ’84 ਦੇ ਘੱਲੂਘਾਰੇ ਨਾਲ ਸੰਬੰਧਿਤ ਸ਼ਹੀਦਾਂ ਦੀ ਯਾਦ ਵਿੱਚ ਲੜੀਵਾਰ ਸ੍ਰੀ ਅਖੰਡ ਪਾਠ ਆਰੰਭ ਹੋਣਗੇ। ਉਸੇ ਦਿਨ 10:30 ਵਜੇ ਦਮਦਮੀ ਟਕਸਾਲ ਦੇ 15ਵੇਂ ਮੁਖੀ ਸੰਤ ਬਾਬਾ ਠਾਕੁਰ ਸਿੰਘ ਜੀ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ ਵਿਖੇ ਸਥਾਪਿਤ ਕੀਤੀ ਜਾਵੇਗੀ। ਜਿਨ੍ਹਾਂ ਪ੍ਰਤੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹਨਾਂ ਸਮਾਗਮਾਂ ਵਿੱਚ ਸਤਿਕਾਰਯੋਗ ਸਿੰਘ ਸਾਹਿਬਾਨ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਮੈਂਬਰ ਸਾਹਿਬਾਨ, ਸੰਤ ਮਹਾਂਪੁਰਸ਼, ਨਿਹੰਗ ਸਿੰਘ, ਸਿੱਖ ਜਥੇਬੰਦੀਆਂ ਦੇ ਆਗੂ ਅਤੇ ਸ਼ਹੀਦ ਪਰਿਵਾਰਾਂ ਦੇ ਮੈਂਬਰ ਸ਼ਾਮਿਲ ਹੋਣਗੇ। ਉਹਨਾਂ ਦੱਸਿਆ ਕਿ ਦਮਦਮੀ ਟਕਸਾਲ ਨੇ ਸ਼ਹੀਦੀ ਗੈਲਰੀ ਉੱਸਾਰੀ ਲਈ ਬੀਤੇ ਵਰ੍ਹੇ 25 ਅਗਸਤ ਨੂੰ ਉਸ ਸਮੇਂ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਨੂੰ ਇੱਕ ਯਾਦ ਪੱਤਰ ਦਿੱਤਾ ਸੀ। ਪਰ ਉਕਤ ਪੰਥਕ ਕਾਰਜ ਲਈ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਦਮਦਮੀ ਟਕਸਾਲ ਵੱਲੋਂ 24 ਮਈ ਨੂੰ ਦਿੱਤੇ ਗਏ ਮੰਗ ਪੱਤਰ ਅਤੇ 6 ਜੂਨ ਨੂੰ ਮਹਿਤਾ ਚੌਕ ਵਿਖੇ ਮਨਾਏ ਗਏ ਸ਼ਹੀਦੀ ਸਮਾਗਮ ਦੌਰਾਨ ਸ਼ਹੀਦੀ ਗੈਲਰੀ ਸਥਾਪਿਤ ਕਰਨ ਸੰਬੰਧੀ ਪਾਸ ਕੀਤੇ ਗਏ ਮਤੇ ‘ਤੇ ਮੋਹਰ ਲਾਉਂਦਿਆਂ ਅਤੇ ਕੌਮੀ ਭਾਵਨਾਵਾਂ ਨੂੰ ਸਮਝਦਿਆਂ ਦਿਲ ਖੋਲ ਕੇ ਇਤਿਹਾਸਕ ਫੈਸਲਾ ਲੈਣ ਦਾ ਮਾਣ ਹਾਸਲ ਕੀਤਾ ਹੈ। ਇਸ ਸੰਬੰਧੀ 16 ਜੂਨ ਨੂੰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਿੱਚ ਮਤਾ ਪਾਸ ਕੀਤਾ ਗਿਆ, ਜਿਸ ਲਈ ਪ੍ਰੋ: ਬਡੂੰਗਰ ਵਧਾਈ ਦੇ ਪਾਤਰ ਹਨ ਅਤੇ ਉਹ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ।
ਦਮਦਮੀ ਟਕਸਾਲ ਦੇ ਮੁਖੀ ਨੇ ਸ਼ਹੀਦੀ ਗੈਲਰੀ ਸਥਾਪਿਤ ਕਰਨ ਬਾਰੇ ਕਿਹਾ ਕਿ 20 ਵੀਂ ਸਦੀ ਦੌਰਾਨ ਭਾਰਤੀ ਹਕੂਮਤ ਵੱਲੋਂ ਸਿੱਖ ਕੌਮ ‘ਤੇ ਕੀਤੇ ਗਏ ਸਰਕਾਰੀ ਦਮਨ ਅਤੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੋਏ ਫੌਜੀ ਹਮਲੇ ਦਾ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿੱਚ ਪੰਥਕ ਜਜ਼ਬੇ ਨਾਲ ਪਰਨਾਏ ਹੋਏ ਅਤੇ ਦਲੇਰੀ ਨਾਲ ਮੁਕਾਬਲਾ ਕਰਦਿਆਂ ਆਪਾ ਵਾਰਨ ਵਾਲੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਯਾਦ ਨੂੰ ਆਉਣ ਵਾਲੀਆਂ ਪੀੜੀਆਂ ਲਈ ਸਦੀਵੀ ਬਣਾਈ ਰਖਣਾ ਹੈ। ਤਾਂ ਕਿ ਉਹ ਆਪਣੇ ਵਿਰਸੇ ਤੋ ਸੇਧ ਲੈਂਦਿਆਂ ਕੌਮੀ ਸਪਿਰਿਟ ਨਾਲ ਜਿਊਣ ਦੀ ਜੀਵਨ ਜਾਂਚ ਵਲ ਸੇਧਿਤ ਰਹਿਣ।
ਉਹਨਾਂ ਦੱਸਿਆ ਕਿ ਸ਼ਹੀਦੀ ਗੈਲਰੀ ਲਈ 500ਵਰਗ ਗਜ਼ ਦੇ ਕਰੀਬ ਜਗਾ ਨੂੰ ਆਧੁਨਿਕ ਤਕਨੀਕਾਂ ਨਾਲ ਵਰਤੋਂ ਵਿੱਚ ਲਿਆਂਦੀ ਜਾਵੇਗੀ। ਜਿੱਥੇ ਘੱਲੂਘਾਰੇ ਦੇ ਸ਼ਹੀਦਾਂ ਦੀਆਂ ਤਸਵੀਰਾਂ, ਯਾਦਗਾਰੀ ਸਮਗਰੀ ਅਤੇ ਇਤਿਹਾਸਕ ਪੱਖਾਂ ਨੂੰ ਸਾਂਭਿਆ ਜਾਵੇਗਾ।ਜਿਸ ਲਈ ਲੋੜ ਅਨੁਸਾਰ ਮਾਹਿਰਾਂ ਦੀ ਮਦਦ ਵੀ ਲਈ ਜਾਵੇਗੀ।

Leave a Reply

Your email address will not be published. Required fields are marked *