ਪੰਜਾਬੀ ਯੂਨੀਵਰਸਿਟੀ ਵਿੱਤੀ ਘਾਟਾ ਚੁਣੌਤੀ, ਪਰ ਸਰਕਾਰ ਦੇ ਵਿੱਤੀ ਹਾਲਤ ਕਮਜ਼ੋਰ : ਵਾਈਸ ਚਾਂਸਲਰ
ਪਟਿਆਲਾ 4 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਵਿੱਤੀ ਘਾਟਿਆਂ ‘ਚੋਂ ਕੱਢਣ ਲਈ ਥੋੜ੍ਹੇ ਦਿਨਾਂ ਲਈ ਨਵੇਂ ਆਏ ਕਾਰਜਕਾਰੀ ਵਾਈਸ ਚਾਂਸਲਰ ਐਸ.ਕੇ. ਸੰਧੂ ਨੇ ਅਹੁਦਾ ਸੰਭਾਲਣ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਨੂੰ ਵਿੱਤੀ ਘਾਟੇ ‘ਚੋਂ ਕੱਢਣ ਲਈ ਨਵੇਂ ਰਾਹ ਲੱਭਣੇ ਹੋਣਗੇ ਅਤੇ ਖਰਚਿਆਂ ਤੋਂ ਵੀ ਲੱਗਾਮ ਲਗਾਉਣੀ ਪਵੇਗੀ ਤਾਂ ਜੋ ਯੂਨੀਵਰਸਿਟੀ ਦੀ ਆਰਥਿਕ ਦਸ਼ਾ ਨੂੰ ਠੀਕ ਕੀਤਾ ਜਾ ਸਕੇ।
ਉਨ੍ਹਾਂ ਵਿੱਤੀ ਘਾਟਿਆਂ ਪ੍ਰਤੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਜਿਥੇ ਪੰਜਾਬੀ ਯੂਨੀਵਰਸਿਟੀ ਲਈ ਵਿੱਤੀ ਘਾਟਾ ਚੁਣੌਤੀ ਬਣਿਆ ਹੋਇਆ ਹੈ, ਉਥੇ ਪੰਜਾਬ ਸਰਕਾਰ ਦੀ ਵਿੱਤੀ ਹਾਲਾਤ ਵੀ ਬੇਹਤਰ ਨਹੀਂ ਹੈ, ਜਿਸ ਕਾਰਨ ਦਰਪੇਸ਼ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਾਈਸ ਚਾਂਸਲਰ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਤੀ ਸੁਧਾਰਾਂ ਲਈ ਵੱਖ-ਵੱਖ ਪਹਿਲੂਆਂ ‘ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ ਅਤੇ ਗੰਭੀਰ ਮਸਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ‘ਚ ਲਿਆਂਦੇ ਜਾਣਗੇ, ਤਾਂ ਜੋ ਮਾਮਲਿਆਂ ਦੇ ਹੱਲ ਵੱਲ ਵਧਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਮੇਂ ਵਿੱਤੀ ਘਾਟਾ ਵੱਡਾ ਮੁੱਦਾ ਹੈ, ਜੋ ਚੁਣੌਤੀ ਦੇ ਰੂਪ ਵਿਚ ਸਾਡੇ ਸਾਹਮਣੇ ਹੈ, ਜਿਸ ਦੇ ਹੱਲ ਲਈ ਯੂਨੀਵਰਸਿਟੀ ਨੂੰ ਯਤਨਸ਼ੀਲ ਹੋਣਾ ਪਵੇਗਾ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੂੰ ਵਿੱਤੀ ਘਾਟੇ ‘ਚੋਂ ਕੱਢਣ ਲਈ ਬੇਸ਼ੱਕ ਸਰਕਾਰ ਵੱਲੋਂ 80 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ ਸੀ, ਜੋ ਖਰਚਿਆਂ ਮੁਤਾਬਕ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਹੋਰ ਗ੍ਰਾਂਟ ਲੈਣ ਦੀ ਮੰਗ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਫਾਇਨਾਂਸ ਅਧਿਕਾਰੀਆਂ ਨਾਲ ਵਿੱਤੀ ਘਾਟੇ ਮਾਮਲੇ ‘ਤੇ ਵਿਚਾਰਾਂ ਕਰਨ ਮਗਰੋਂ ਹੀ ਸਾਰਥਿਕ ਵੱਲ ਵਧਿਆ ਜਾ ਸਕਦਾ ਹੈ।
ਵਾਈਸ ਚਾਂਸਲਰ ਨੇ ਕਿਹਾ ਕਿ ਤਨਖ਼ਾਹਾਂ ਨਾ ਦਿੱਤੇ ਜਾਣ ਦਾ ਮਾਮਲਾ ਵੀ ਗੰਭੀਰ ਹੈ, ਜਿਸ ਕਾਰਨ ਮੁਲਾਜ਼ਮਾਂ ਨੂੰ ਤਨਖ਼ਾਹ ਸਮੇਂ ਸਿਰ ਮਿਲਣ ਨੂੰ ਵੀ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਮਾਮਲਿਆਂ ਨੂੰ ਧਿਆਨ ‘ਚ ਕੀਤਾ ਗਿਆ ਅਤੇ ਯੂਨੀਵਰਸਿਟੀ ਦੇ ਨਿਯਮਾਂ ਮੁਤਾਬਕ ਹੀ ਕਾਰਵਾਈ ਨੂੰ ਅਮਲੀ ਰੂਪ ਦਿੱਤਾ ਜਾ ਸਕਦਾ ਹੈ।

