ਬੱਚਿਆਂ ਨੂੰ ਦਸਤਾਂ ਤੋਂ ਬਚਾਉਣ ਸਬੰਧੀ ਜਿਲ੍ਹਾ ਸਿਹਤ ਵਿਭਾਗ ਵੱਲੋਂ ਕੱਢੀ ਗਈ ਜਾਗਰੂਕਤਾ ਰੈਲੀ
ਪਟਿਆਲਾ, 7 ਜੁਲਾਈ (ਮਧੂਸਾਰ ਬਿਊਰੋ) ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ 0 ਤੋਂ 5 ਸਾਲ ਤੱਕ ਦੇ ਬੱਚਿਆਂ ਦੀਆਂ ਦਸਤਾਂ ਨਾਲ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨ ਲਈ ਸਿਵਲ ਸਰਜਨ ਡਾ. ਬਲਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਮਿਤੀ 10 ਜੁਲਾਈ ਤੋ 22 ਜੁਲਾਈ 2017 ਤੱਕ ਤੀਵਰ ਦਸਤ ਰੋਕੂ ਪੰਦਰਵਾੜਾ ਮਨਾਇਆ ਜਾ ਰਿਹਾ ਹੈ।ਇਸ ਲੜੀ ਤਹਿਤ ਲੋਕਾਂ ਨੂੰ ਦਸਤਾਂ ਸਬੰਧੀ ਜਾਗਰੂਕ ਕਰਨ ਲਈ ਅੱਜ ਜਿਲ੍ਹਾ ਸਿਹਤ ਵਿਭਾਗ ਵੱਲੋਂ ਬਾਜੀਗਰ ਬਸਤੀ ਅਬਲੋਵਾਲ ਵਿਖੇ ਜਾਗਰੂਕਤਾ ਰੈਲੀ ਕੱਢੀ ਗਈ। ਜਿਸ ਨੁੰ ਡਾ. ਸੁਧਾ ਗਰੋਵਰ ਜਿਲ੍ਹਾ ਟੀਕਾਕਰਣ ਅਫਸਰ ਨੇ ਹਰੀ ਝੰਡੀ ਦੇ ਕੇ ਰਵਾਨਾਂ ਕੀਤਾ।
ਡਾ. ਸੁਧਾ ਗਰੋਵਰ ਨੇ ਦੱਸਿਆ ਕਿ ਇਸ ਮੁਹਿੰਮ ਦੋਰਾਨ ਆਸ਼ਾ ਵੱਲੋ ਹਰ ਘਰ ਵਿੱਚ ਜਾ ਕੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਓ.ਆਰ.ਐਸ ਦੇ ਪੈਕਟ ਦਿਤੇ ਜਾਣਗੇ ਤਾਂ ਜੋ ਬੱਚੇ ਨੂੰ ਦਸਤ ਲਗਣ ਤੇ ਤੁਰੰਤ ਓ.ਆਰ.ਐਸ ਦਾ ਘੋਲ ਦਿਤਾ ਜਾ ਸਕੇ।ਇਸ ਦੇ ਨਾਲ ਆਸ਼ਾ/ਏ.ਐਨ.ਐਮ ਵੱਲੋ ਪਰਿਵਾਰਾ ਨੂੰ ਓ.ਆਰ.ਐਸ ਦਾ ਘੋਲ ਤਿਆਰ ਕਰਨ ਤੇ ਬੱਚੇ ਨੂੰ ਦਸਤ ਲਗਣ ਤੇ ਘੋਲ ਪਿਲ਼ਾਉਣ ਦੀ ਵਿਧੀ ਬਾਰੇ ਵੀ ਦੱਸਿਆ ਜਾਵੇਗਾ।ਇਸ ਤੋ ਇਲਾਵਾ ਮਾਵਾਂ ਨੂੰ ਨਵ-ਜੰਮਿਆਂ ਬੱਚਿਆਂ ਨੂੰ ਪਹਿਲੇ ਛੇ ਮਹੀਨੇ ਤੱਕ ਆਪਣਾ ਦੱਧ ਪਿਲਾਉਣ ਅਤੇ ਛੇ ਮਹੀਨੇ ਤੋ ਬਾਅਦ ਓਪਰੀ ਖੁਰਾਕ ਦੇ ਬਾਰੇ ਵੀ ਜਾਣਕਾਰੀ ਦਿਤੀ ਜਾਵੇਗੀ।
ਡਾ. ਸੁਧਾ ਨੇ ਕਿਹਾ ਕਿ ਜਿਹਨਾ ਬੱਚਿਆਂ ਨੂੰ ਦਸਤ ਲਗੇ ਹੋਣ ਉਹਨਾਂ ਨੁੰੰ ਜਿੰਕ ਦੀਆਂ ਗੋਲੀਆਂ 14 ਦਿਨਾਂ ਤੱਕ ਖਾਣ ਲਈ ਦਿਤੀਆਂ ਜਾਣਗੀਆਂ। ਉਹਨਾ ਕਿਹਾ ਕਿ ਜਿੰਕ ਦੀ ਗੋਲੀ ਖਾਣ ਨਾਲ ਜਿਥੇ ਬੱਚਿਆਂ ਦੇ ਦਸਤ ਜਲਦੀ ਠੀਕ ਹੋਣਗੇ ਉਥੇ ਬੱਚਿਆਂ ਨੂੰ ਦੁਬਾਰਾ ਦਸਤ ਲਗਣ ਦੇ ਮੋਕੇ ਵੀ ਘੱਟ ਜਾਣਗੇ। ਉਨ੍ਹਾਂ ਕਿਹਾ ਕਿ ਸਮੂਹ ਹਸਪਤਾਲਾ, ਪੀ. ਐਚ. ਸੀ., ਸੀ.ਐਚ ਸੀ. ਅਤੇ ਸਬ ਸੈਂਟਰ ਤੱਕ ਦੇ ਸਿਹਤ ਸੰਸਥਾਂਵਾ ਵਿਚ ਜਿੰਕ ਕਾਰਨਰ ਵੀ ਬਣਾਏ ਗਏ ਹਨ ਤਾਂ ਜੋ ਲੋੜ ਪੈਣ ਤੇ ਬੱਚੇ ਦਾ ਤੁਰੰਤ ਇਲਾਜ ਸ਼ੂਰੁ ਹੋ ਸਕੇ।ਇਸ ਮੋਕੇ ਡਾ. ਨਵਜਿੰਦਰ ਕੌਰ ਸੋਢੀ ਸੀਨੀਅਰ ਮੈਡੀਕਲ ਅਫਸਰ, ਕ੍ਰਿਸ਼ਨ ਕੁਮਾਰ ਜਿਲ੍ਹਾ ਮਾਸ ਮੀਡੀਆ ਅਫਸਰ, ਅਮਰਜੀਤ ਸਿੰਘ ਜਿਲ੍ਹਾ ਬੀ.ਸੀ.ਸੀ. ਫੈਸੀਲੀਟੇਟਰ, ਉਰਮਿਲ ਸਮੇਤ ਆਸ਼ਾ ਅਤੇ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਹਾਜ਼ਰ ਸਨ।

