ਵਰਲਡ ਕਾਨਫਰੰਸ ‘ਚ ਪ੍ਰੋ. ਬਡੂੰਗਰ ਦੇ ਪੜ੍ਹੇ ਸੰਦੇਸ਼ ਦਾ ਰਿਕਾਰਡ ਮੌਜੂਦ, ਸਵਾਲ ਉਠਾਉਣਾ ਬੇਬੁਨਿਆਦ : ਅਜੈਬ ਸਿੰਘ ਚੱਠਾ
ਡਾ. ਪਰਮਜੀਤ ਸਿੰਘ ਸਰੋਆ ਤੇ ਡਾ. ਪਰਮਵੀਰ ਸਿੰਘ ਨੇ ਦੂਜੇ ਸੈਸ਼ਨ ‘ਚ ਨਿਭਾਈ ਅਹਿਮ ਭੂਮਿਕਾ
ਬਰੈਂਪਟਨ (ਅਮਰਜੀਤ ਸਿੰਘ ਬੱਬਰ)
ਚੌਥੀ ਵਿਸ਼ਵ ਪੰਜਾਬੀ ਕਾਨਫਰੰਸ ਸਬੰਧੀ ਅਖ਼ਬਾਰਾਂ ‘ਚ ਪ੍ਰਕਾਸ਼ਤ ਹੋਈਆਂ ਰਿਪੋਰਟਾਂ ਬਾਰੇ ਸਪੱਸ਼ਟ ਕਰਦਿਆਂ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਕਿਹਾ ਕਿ ਕਾਨਫਰੰਸ ਦਾ ਅਕਸ ਖਰਾਬ ਕਰਨ ਲਈ ਝੂਠੀਆਂ ਤੇ ਬੇਬੁਨਿਆਦ ਖ਼ਬਰਾਂ ਦਾ ਆਲੋਚਕਾਂ ਵਲੋਂ ਸਹਾਰਾ ਲਿਆ ਗਿਆ। ਚੇਅਰਮੈਨ ਚੱਠਾ ਨੇ ਦਾਅਵਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦਾ ਸੰਦੇਸ਼ ਪੜ੍ਹਿਆ ਗਿਆ ਅਤੇ ਇਸ ਦਾ ਵੀਡੀਓ ਸਾਡੇ ਕੋਲ ਮੌਜੂਦ ਹੈ ਅਤੇ ਇਸ ਸਬੰਧ ‘ਚ ਸਵਾਲ ਉਠਾਉਣਾ ਬੇਬੁਨਿਆਦ ਹੈ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਫ਼ਦ ਵਿਚ ਪ੍ਰਮੁੱਖ ਪਰਮਜੀਤ ਸਿੰਘ ਸਰੋਆ ਵੱਲੋਂ ਦੂਜੇ ਸੈਸ਼ਨ ‘ਚ ਬਤੌਰ ਚੇਅਰਮੈਨ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਾਜ਼ਰ ਹੋਏ ਡਾ. ਪਰਮਵੀਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨੈਤਿਕ ਕਦਰਾਂ ਕੀਮਤਾਂ ਸਬੰਧੀ ਖੋਜ ਪੇਪਰ ਪੇਸ਼ ਕੀਤਾ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਮਿਲੇ ਸਹਿਯੋਗ ਲਈ ਅਸੀਂ ਰਿਣੀ ਹਾਂ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਜੋ ਬਰੀਫਕੇਸ ਭੇਜੇ ਗਏ ਉਹ ਵੀ ਵਿਦੇਸ਼ੀ ਡੈਲੀਗੇਟਾਂ ਨੂੰ ਵੰਡ ਦਿੱਤੇ ਗਏ, ਜਿਸ ਦੀਆਂ ਤਸਵੀਰਾਂ ਵੀ ਅਖ਼ਬਾਰਾਂ ‘ਚ ਆ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਬਰੀਫਕੇਸ ਲਿਆਉਣ ਦੀ ਦਿੱਕਤ ਕਾਰਨ ਇਹ ਭਾਰਤ ‘ਚ ਹੀ ਸਮਾਗਮ ਰੱਖਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਸਾਹਿਬ ਤੋਂ ਦਿਵਾਏ ਜਾਣਗੇ।
ਚੇਅਰਮੈਨ ਚੱਠਾ ਨੇ ਆਲੋਚਕਾਂ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ 23 ਜੂਨ ਨੂੰ ਸਵੇਰੇ 9.30 ਵਜੇ ਤੋਂ 24 ਤੇ 25 ਜੂਨ ਸ਼ਾਮ ਨੂੰ 6.30 ਵਜੇ ਤੱਕ ਕਾਨਫਰੰਸ ਦੇ ਅੰਤਿਮ ਧੰਨਵਾਦੀ ਸ਼ਬਦਾਂ ਤੱਕ 9 ਸੈਸ਼ਨ ਅਤੇ ਉਨ੍ਹਾਂ ‘ਚ ਪੜ੍ਹੇ ਗਏ ਖੋਜ ਪੱਤਰਾਂ ਅਤੇ ਕਾਨਫਰੰਸ ਦੀ ਕਾਰਵਾਈ ਸਬੰਧੀ ਰਿਕਾਰਡ ਮੌਜੂਦ ਹੈ ਅਤੇ ਕਿਤੇ ਵੀ ਕੋਈ ਇਤਰਾਜ਼ ਨਹੀ ਹੈ। ਉਨ੍ਹਾਂ ਕਿਹਾ ਕਿ ਜੇ ਕੁਝ ਵੀ ਅਸੱਭਿਅਕ ਹੋਵੇ ਤਾਂ ਮੈਂ ਉਸ ਨੂੰ ਸਵੀਕਾਰ ਕਰਾਂਗਾ ਤੇ ਸੁਧਾਰਨ ਲਈ ਵਚਨਬੱਧ ਹਾਂ। ਉਨ੍ਹਾਂ ਦੱਸਿਆ ਜਿਹੜੇ ਵਿਅਕਤੀ ਕਾਨਫਰੰਸ ‘ਚ ਸ਼ਾਮਲ ਨਹੀਂ ਹੋਏ ਉਹ ਮਨਘੜਤ ਗੱਲਾਂ ਕਰਕੇ ਗੁੰਮਰਾਹ ਕਰ ਰਹੇ ਹਨ, ਪ੍ਰੰਤੂ ਉਨ੍ਹਾਂ ਨੂੰ ਚਾਹੀਦਾ ਹੈ ਉਹ ਬੇਹਤਰ ਯਤਨ ਕਰਨ ਤੇ ਕੁਝ ਕਰਨ ਦੀ ਕੋਸ਼ਿਸ਼ ਲਈ ਯਤਨਸ਼ੀਲ ਹੋਣ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮਾਇਆ ਰਾਸ਼ੀ ਧਰਮ, ਭਾਸ਼ਾ ਦੇ ਪ੍ਰਚਾਰ ਲਈ ਵਰਤ ਲਵੇ ਕਿਉਂਕਿ ਸਾਡੇ ਕੋਲ ਆਪਣੇ ਮਾਇਕ ਸਾਧਨ ਹਨ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਤੋਂ ਸਾਨੂੰ ਸਹਿਯੋਗ ਮਿਲਦਾ ਰਿਹਾ ਹੈ, ਜਿਸ ਦੇ ਅਸੀਂ ਰਿਣੀ ਹਾਂ।
ਵਰਲਡ ਕਾਨਫਰੰਸ ਸਬੰਧੀ ਮਨਘੜਤ ਖ਼ਬਰਾਂ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ : ਬੋਪਾਰਾਏ
ਕਲਮ ਫਾਊਂਡੇਸ਼ਨ ਕੈਨੇਡਾ ਦੇ ਬਾਨੀ ਸਵਰਗਵਾਸੀ ਡਾ. ਪ੍ਰੋ. ਦਰਸ਼ਨ ਸਿੰਘ ਬੈਂਸ ਨੂੰ ਸਮਰਪਿਤ ਚੌਥੀ ਵਰਲਡ ਪੰਜਾਬੀ ਕਾਨਫਰੰਸ ਸਬੰਧੀ ਮੀਡੀਏ ਵਿਚ ਪ੍ਰਕਾਸ਼ਤ ਹੋਈਆਂ ਮਨਘੜਤ ਖ਼ਬਰਾਂ ਦਾ ਖੰਡਨ ਕਰਦਿਆਂ ਕਿਹਾ ਕਿ ਪ੍ਰਕਾਸ਼ਤ ਖ਼ਬਰਾਂ ਨਾਲ ਮੇਰਾ ਕੋਈ ਸਬੰਧ ਨਹੀਂ ਹੈ।
ਜਸਬੀਰ ਸਿੰਘ ਬੋਪਾਰਾਏ ਨੇ ਵੀ ਸਪੱਸ਼ਟ ਕਰਦਿਆਂ ਕਿਹਾ ਕਿ ਮੈਂ ਕਦੇ ਵੀ ਕਿਸੇ ਪੱਤਰਕਾਰ ਨੂੰ ਵੱਖਰੀ ਕਾਨਫਰੰਸ ਕਰਵਾਉਣ ਸਬੰਧੀ ਕੋਈ ਬਿਆਨ ਨਹੀਂ ਦਿੱਤਾ ਅਤੇ ਮੇਰੀ ਸਹਿਮਤੀ ਤੋਂ ਬਗੈਰ ਕਾਨਫਰੰਸ ਸਬੰਧੀ ਕੋਈ ਵੀ ਖ਼ਬਰ ਕਿਸੇ ਵੀ ਮੀਡੀਏ ਵਿਚ ਪ੍ਰਕਾਸ਼ਤ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ 2009 ਤੋਂ ਲੈ ਕੇ 2017 ਤੱਕ ਜੋ ਚਾਰ ਵਰਲਡ ਪੰਜਾਬੀ ਕਾਨਫਰੰਸਾਂ ਹੋਈਆਂ ਹਨ ਉਹ ਕਲਮ ਫਾਊਂਡੇਸ਼ਨ ਕੈਨੇਡਾ ਵੱਲੋਂ ਸਹਿਯੋਗੀ ਜਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਈਆਂ ਗਈਆਂ ਸਨ ਅਤੇ 2019 ਵਿਚ ਹੋਣ ਵਾਲੀ ਵਰਲੱਡ ਪੰਜਾਬੀ ਕਾਨਫਰੰਸ, ਜੋ ਸਵ. ਪ੍ਰੋੋ. ਦਰਸ਼ਨ ਸਿੰਘ ਬੈਂਸ ਅਤੇ ਸਵ: ਵਿੰਨੀ ਬੈਂਸ ਦੀ ਯਾਦ ਨੂੰ ਸਮਰਪਿਤ ਹੋਵੇਗੀ ਉਹ ਵੀ ਕਲਮ ਫਾਊਡੇਂਸ਼ਨ ਕੈਨੇਡਾ ਵੱਲੋਂ ਸਭ ਮੈਂਬਰਾਂ ਦੇ ਸਹਿਯੋਗ ਨਾਲ ਕਰਵਾਈ ਜਾਵੇਗੀ।

