ਪੰਜਾਬਪਟਿਆਲਾ

ਕੌਮੀ ਕਮਿਸ਼ਨ ਵੱਲੋਂ ਸਫਾਈ ਕਰਮਚਾਰੀਆਂ ਦੇ ਸ਼ੋਸ਼ਣ ਨੂੰ ਰੋਕਣ ਲਈ ਠੇਕੇਦਾਰੀ ਪ੍ਰਣਾਲੀ ਨੂੰ ਖਤਮ ਕਰਨ ਦੀ ਵਕਾਲਤ

ਪਟਿਆਲਾ, 11 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਸਫਾਈ ਕਰਮਚਾਰੀਆਂ ਦੇ ਕੌਮੀ ਕਮਿਸ਼ਨ ਨੇ ਦੇਸ਼ ਵਿੱਚ ਸਫਾਈ ਕਰਮਚਾਰੀਆਂ ਦੇ ਹੋ ਰਹੇ ਸੌਸ਼ਨ ਨੂੰ ਰੋਕਣ ਲਈ ਠੇਕੇਦਾਰ ਪ੍ਰਣਾਲੀ ਨੂੰ ਖਤਮ ਕਰਨ ਦੀ ਵਕਲਤ ਕੀਤੀ ਹੈ।

ਸਫਾਈ ਕਰਮਚਾਰੀਆਂ ਦਾ ਕੌਮੀ ਕਮਿਸ਼ਨ ਚੇਅਰਮੈਨ ਸ਼੍ਰੀ ਮਨਹਾਰ ਬਾਲਾ ਜੀ ਭਾਈ ਜਾਲਾ ਦੀ ਅਗਵਾਈ ਵਿੱਚ ਅੱਜ ਆਪਣੇ ਪਟਿਆਲਾ ਦੌਰੇ ਮੌਕੇ ਸਫਾਈ ਕਰਮਚਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਦੀ ਸੁਣਵਾਈ ਲਈ ਪੁੱਜਾ ਸੀ।
ਮਿੰਨੀ ਸਕੱਤਰੇਤ ਵਿਖੇ ਜ਼ਿਲ੍ਹੇ ਦੇ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਨ ਮੌਕੇ ਕੌਮੀ ਚੇਅਰਮੈਨ ਸ਼੍ਰੀ ਮਨਹਾਰ ਬਾਲਾ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਨੂੰ ਠੇਕੇਦਾਰ ਪ੍ਰਣਾਲੀ ਦੇ ਮੱਕੜ ਜਾਲ ਵਿਚੋਂ ਕੱਢ ਕੇ ਹੀ ਉਹਨਾਂ ਦੀ ਭਲਾਈ ਕੀਤੀ ਜਾ ਸਕਦੀ ਹੈ। ਉਹਨਾਂ ਮੀਟਿੰਗ ਵਿੱਚ ਹਾਜਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਫਾਈ ਕਰਮਚਾਰੀਆਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਉਹਨਾਂ ਨੂੰ ਬਣਦੀ ਪੂਰੀ ਤਨਖਾਹ ਤੇ ਉਹਨਾਂ ਦੇ ਪਰਿਵਾਰਾਂ ਦੀ ਸਿਹਤ ਸਿਖਿਆ ਦਾ ਵਿਸ਼ੇਸ਼ ਧਿਆਨ ਦਿੱਤਾ ਜਾਵੇ।
ਉਹਨਾਂ ਕਿਹਾ ਕਿ ਜਿਵੇਂ ਸਰਹੱਦਾ ਤੇ ਸਾਡੇ ਸੈਨਿਕ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਦੇਸ਼ ਦੀ ਸੁਰੱਖਿਆ ਕਰਦੇ ਹਨ ਉਸੇ ਤਰਾਂ੍ਹ ਸਫਾਈ ਸੇਵਕ ਵੀ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਸਾਨੂੰ ਸਾਫ ਸੁਥਰਾ ਮਹੌਲ ਮੁਹੱਈਆ ਕਰਵਾਉਦੇ ਹਨ। ਉਹਨਾਂ ਅਧਿਕਾਰੀਆਂ ਨੂੰ ਕਿਹਾ ਕਿ ਪਹਿਲਾ ਸਫਾਈ ਕਰਮਚਾਰੀਆਂ ਲਈ ਚੇਜਿੰਗ ਰੂਮ ਬਣਾਉਣ ਦੇ ਨਾਲ-ਨਾਲ ਸਫਾਈ ਕਰਮਚਾਰੀਆਂ ਦੀ ਸਿਹਤ ਸੰਭਾਲ ਲਈ ਵਿਸ਼ੇਸ਼ ਸਿਹਤ ਮੈਡੀਕਲ ਕੈਂਪ ਲਗਾਏ ਜਾਣ ਅਤੇ ਇਹਨਾਂ ਨੂੰ ਕੰਮ ਕਾਜ ਲਈ ਲੋੜੀਂਦਾ ਸਾਜੋਂ ਸਮਾਨ ਸਮੇਂ ਸਿਰ ਉਪਲੱਬਧ ਕਰਵਾਇਆ ਜਾਵੇ।
ਕੌਮੀ ਚੇਅਰਮੈਨ ਨੇ ਮੀਟਿੰਗ ਵਿੱਚ ਹਾਜਰ ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਗਰ ਨਿਗਮਾਂ ਤੇ ਮਿਊਸਪਲ ਕਮੇਟੀਆਂ ਵਿੱਚ ਸਫਾਈ ਸੇਵਕਾਂ ਦੀਆਂ ਖਾਲੀ ਪਈ ਅਸਾਮੀਆਂ ਨੂੰ ਬਿਨਾਂ ਕਿਸੇ ਦੇਰੀ ਤੋਂ ਭਰਿਆ ਜਾਵੇ ਅਤੇ ਸਫਾਈ ਸੇਵਕਾਂ ਦੇ ਸਿਹਤ ਬੀਮੇ ਵੀ ਤੁਰੰਤ ਕੀਤੇ ਜਾਣ। ਉਹਨਾ ਕਿਹਾ ਕਿ ਸਫਾਈ ਕਰਮਚਾਰੀਆਂ ਦੇ ਬੱਚਿਆਂ ਦੀ ਪੜਾਈ ਲਈ ਵੀ ਵਿਸੇਸ਼ ਪ੍ਰਬੰਧ ਕੀਤਾ ਜਾਣ।
ਇਸ ਮੌਕੇ ਨੈਸ਼ਨਲ ਕਮਿਸ਼ਨ ਫਾਰ ਸਫਾਈ ਕਰਮਚਾਰੀ ਦੇ ਮੈਂਬਰ ਸ਼੍ਰੀ ਸਵਾਮੀ ਸਦਾ ਨੰਦ ਮਹਾਰਾਜ, ਸ਼੍ਰੀ ਡੀ.ਪੀ.ਖੋਸਲਾ ਸਾਬਕਾ ਵਾਈਸ ਚੇਅਰਮੈਨ ਸਫਾਈ ਕਰਮਚਾਰੀ ਬੋਰਡ ਪੰਜਾਬ, ਸ਼੍ਰੀ ਮਨਜੀਤ ਸਿੰਘ ਬਾਲੀ ਮੈਂਬਰ ਡਾ. ਅੰਬੇਡਕਰ ਫਾਊਡੇਸ਼ਨ ਭਾਰਤ ਸਰਕਾਰ ਅਤੇ ਸ਼੍ਰੀ ਰਾਜ ਕੁਮਾਰ ਪਾਠੀ, ਪ੍ਰਸ਼ਾਸ਼ਨ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ, ਐਸ.ਐਸ.ਪੀ. ਡਾ. ਐਸ. ਭੂਪਤੀ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀਮਤੀ ਪੂਨਮਦੀਪ ਕੌਰ, ਲੋਕਲ ਬਾਡੀ ਵਿਭਾਗ ਦੇ ਜੁਆਇੰਟ ਡਿਪਟੀ ਡਾਇਰੈਕਟਰ ਸ਼੍ਰੀ ਪ੍ਰਮਿੰਦਰ ਸਿੰਘ, ਜੁਆਇੰਟ ਕਮਿਸ਼ਨਰ ਨਗਰ ਨਿਗਮ ਪਟਿਆਲਾ ਅਨੂਪ੍ਰੀਤ ਕੌਰ ਜੌਹਲ, ਸਿਵਲ ਸਰਜਨ ਡਾ. ਬਲਵਿੰਦਰ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਇਸ ਤੋਂ ਪਹਿਲਾਂ ਚੇਅਰਮੈਨ ਸ਼੍ਰੀ ਮਨਹਾਰ ਬਾਲਾ ਜੀ ਭਾਈ ਜਾਲਾ ਨੇ ਸਰਕਟ ਹਾਊਸ ਵਿਖੇ ਪਟਿਆਲਾ ਜ਼ਿਲ੍ਹੇ ‘ਚ ਕੰਮ ਕਰ ਰਹੀਆਂ ਸਫਾਈ ਸੇਵਕਾਂ ਦੀਆਂ ਵੱਖ-ਵੱਖ ਯੂਨੀਅਨਾਂ ਅਤੇ ਐਸੋਸ਼ੀਏਸ਼ਨਾਂ ਦੇ ਆਹੁਦੇਦਾਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ‘ਚ ਸਫਾਈ ਸੇਵਕਾਂ ਵੱਲੋਂ ਕਿਹਾ ਗਿਆ ਕਿ ਨਗਰ ਨਿਗਮ ਪਟਿਆਲਾ ਅਤੇ ਜ਼ਿਲ੍ਹੇ ਦੇ ਹੋਰ ਨਗਰ ਪ੍ਰੀਸ਼ਦਾਂ ‘ਚ ਲਾਗੂ ਕੀਤਾ ਗਿਆ ਠੇਕੇਦਾਰੀ ਸਿਸਟਮ ਉਹਨਾਂ ਨਾਲ ਧੱਕਾ ਹੈ। ਇਸ ਨਾਲ ਠੇਕੇ ‘ਤੇ ਰੱਖੇ ਗਏ ਸਫਾਈ ਕਰਮੀਆਂ ਨੂੰ ਡੀ ਸੀ ਰੇਟ ਤੋਂ ਵੀ ਘੱਟ ਤਨਖਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਸੀਵਰੇਜ ਵਿੱਚ ਜੋਖਿਮ ਭਰਾ ਕੰਮ ਕਰਨ ਦੌਰਾਨ ਉਹਨਾਂ ਕੋਲ ਸੁਰੱਖਿਆ ਦੇ ਪੂਰੇ ਇੰਤਜਾਮ ਨਹੀਂ ਹੁੰਦੇ। ਉਹਨਾਂ ਕਿਹਾ ਕਿ ਦਸਤਾਨੇ, ਆਕਸੀਜਨ ਮਾਸਕ, ਗੰਮ ਬੂਟ ਆਦਿ ਉਹਨਾਂ ਨੂੰ ਦਿੱਤੇ ਜਾਣ।
ਸਫਾਈ ਸੇਵਕਾਂ ਦੀਆਂ ਮੰਗਾਂ ‘ਤੇ ਚੇਅਰਮੈਨ ਨੇ ਕਿਹਾ ਕਿ ਠੇਕੇਦਾਰੀ ਸਿਸਟਮ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਸਫਾਈ ਕਰਮੀਆਂ ਨੂੰ ਲੋੜੀਂਦਾ ਸਾਜੋਂ ਸਮਾਨ ਦੇਣ ਦੇ ਨਿਰਦੇਸ਼ ਉਹ ਵਿਭਾਗ ਦੇ ਅਧਿਕਾਰੀਆਂ ਨੂੰ ਦੇ ਰਹੇ ਹਨ ਨਾਲ ਹੀ ਉਹਨਾਂ ਕਿਹਾ ਕਿ ਕਿਸੇ ਵੀ ਸਫਾਈ ਸੇਵਕ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਠੇਕੇਦਾਰਾਂ ਨੂੰ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਕਿਸੇ ਵੀ ਸਫਾਈ ਕਰਮੀ ਦਾ ਸ਼ੋਸ਼ਣ ਨਾ ਕਰਨ ਅਤੇ ਉਹਨਾਂ ਨੂੰ ਬਣਦਾ ਪੂਰਾ ਵੇਤਨ ਦਿੱਤਾ ਜਾਵੇ।
ਇਸ ਤੋਂ ਇਲਾਵਾ ਚੇਅਰਮੈਨ ਨੇ ਬੱਸ ਸਟੈਂਡ ਦੇ ਨਜਦੀਕ ਭਾਰਤੀ ਸਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ‘ਤੇ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ। ਇਸ ਮੌਕੇ ਉਹਨਾਂ ਨਾਲ ਸ਼੍ਰੀ ਰਾਜ ਕੁਮਾਰ ਪਾਠੀ, ਸ਼੍ਰੀ ਮਨਜੀਤ ਬਾਲੀ, ਸ਼੍ਰੀ ਮਨੋਜ ਚੌਹਾਨ ਅਤੇ ਵੱਖ-ਵੱਖ ਯੂਨੀਅਨਾ ਦੇ ਨੁਮਾਇੰਦੇ ਵੀ ਮੌਜੂਦ ਸਨ।

Leave a Reply

Your email address will not be published. Required fields are marked *